ਸਵਾਤੀ ਮਾਲੀਵਾਲ ਮਾਮਲੇ 'ਤੇ ਸੰਜੇ ਸਿੰਘ ਦੀ ਪਹਿਲੀ ਪ੍ਰਤੀਕਿਰਿਆ, ਕਿਹਾ -ਵੈਭਵ ਖਿਲਾਫ਼ ਸਖ਼ਤ ਕਾਰਵਾਈ ਕਰਨਗੇ ਕੇਜਰੀਵਾਲ

ਏਜੰਸੀ

ਖ਼ਬਰਾਂ, ਰਾਸ਼ਟਰੀ

"ਪਾਰਟੀ ਅਜਿਹੇ ਲੋਕਾਂ ਦਾ ਸਮਰਥਨ ਨਹੀਂ ਕਰਦੀ। ਮੁੱਖ ਮੰਤਰੀ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਲਿਆ ਹੈ"

Sanjay Singh

Swati Maliwal News : ਦਿੱਲੀ 'ਚ ਆਪ ਦੀ ਰਾਜ ਸਭਾ ਮੈਂਬਰ ਅਤੇ ਦਿੱਲੀ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਸਵਾਤੀ ਮਾਲੀਵਾਲ ਨਾਲ ਬਦਸਲੂਕੀ ਦੇ ਆਰੋਪ ਮਾਮਲੇ 'ਚ ਆਪ ਨੇਤਾ ਅਤੇ ਸੰਸਦ ਮੈਂਬਰ ਸੰਜੇ ਸਿੰਘ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ। ਸੰਜੇ ਸਿੰਘ ਨੇ ਕਿਹਾ ਕਿ ਇਸ ਮਾਮਲੇ 'ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਗੰਭੀਰ ਹਨ।

'ਆਪ' ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ 'ਚ ਕਿਹਾ, 'ਕੱਲ੍ਹ ਨਿੰਦਣਯੋਗ ਘਟਨਾ ਵਾਪਰੀ। ਸਵਾਤੀ ਮਾਲੀਵਾਲ ਕੱਲ੍ਹ ਸਵੇਰੇ ਅਰਵਿੰਦ ਕੇਜਰੀਵਾਲ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਪਹੁੰਚੀ ਸੀ। ਜਦੋਂ ਉਹ ਡਰਾਇੰਗ ਰੂਮ ਵਿੱਚ ਅਰਵਿੰਦ ਕੇਜਰੀਵਾਲ ਦਾ ਇੰਤਜ਼ਾਰ ਕਰ ਰਹੀ ਸੀ ਤਾਂ ਵੈਭਵ ਕੁਮਾਰ ਨੇ ਉਸ ਦੇ ਨਾਲ ਬਦਤਮੀਜ਼ੀ ਕੀਤੀ ਹੈ। ਅਰਵਿੰਦ ਕੇਜਰੀਵਾਲ ਇਸ 'ਤੇ ਸਖ਼ਤ ਕਾਰਵਾਈ ਕਰਨਗੇ। ਪਾਰਟੀ ਅਜਿਹੇ ਲੋਕਾਂ ਦਾ ਸਮਰਥਨ ਨਹੀਂ ਕਰਦੀ। ਮੁੱਖ ਮੰਤਰੀ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਲਿਆ ਹੈ।

ਸੰਜੇ ਸਿੰਘ ਨੇ ਕਿਹਾ ਕਿ ਸਵਾਤੀ ਮਾਲੀਵਾਲ ਨੇ ਦੇਸ਼ ਅਤੇ ਸਮਾਜ ਲਈ ਵੱਡੇ ਕੰਮ ਕੀਤੇ ਹਨ। ਸਵਾਤੀ ਮਾਲੀਵਾਲ ਪਾਰਟੀ ਦੇ ਪੁਰਾਣੇ ਅਤੇ ਸੀਨੀਅਰ ਆਗੂਆਂ ਵਿੱਚੋਂ ਇੱਕ ਹਨ। ਅਸੀਂ ਸਾਰੇ ਉਨ੍ਹਾਂ ਦੇ ਨਾਲ ਹਾਂ। ਭਾਜਪਾ ਨੇ ਵੀ ਮੰਗਲਵਾਰ ਨੂੰ ਇਸ ਮੁੱਦੇ 'ਤੇ ਹੰਗਾਮਾ ਕੀਤਾ ਅਤੇ ਕੇਜਰੀਵਾਲ ਦੇ ਅਸਤੀਫੇ ਦੀ ਮੰਗ ਕੀਤੀ।

ਦਿੱਲੀ ਪੁਲਿਸ ਦੇ ਸੂਤਰਾਂ ਦਾ ਕਹਿਣਾ ਹੈ ਕਿ ਸੋਮਵਾਰ ਸਵੇਰੇ 9 ਵਜੇ ਦਿੱਲੀ ਦੇ ਮੁੱਖ ਮੰਤਰੀ ਨਿਵਾਸ ਦੇ ਅੰਦਰੋਂ ਦਿੱਲੀ ਪੁਲਿਸ ਨੂੰ ਦੋ ਪੀਸੀਆਰ ਕਾਲਾਂ ਕੀਤੀਆਂ ਗਈਆਂ ਸਨ। ਫੋਨ ਕਰਨ ਵਾਲੇ ਨੇ ਦੱਸਿਆ ਕਿ ਉਹ ਸਵਾਤੀ ਮਾਲੀਵਾਲ ਹੈ। ਉਸ ਨੇ ਮੁੱਖ ਮੰਤਰੀ ਹਾਊਸ ਦੇ ਅੰਦਰ ਖੁਦ 'ਤੇ ਹਮਲਾ ਹੋਣ ਦਾ ਦੋਸ਼ ਲਗਾਇਆ ਹੈ। ਇਹ ਦੋਸ਼ ਮੁੱਖ ਮੰਤਰੀ ਕੇਜਰੀਵਾਲ ਦੇ ਪੀਏ ਵਿਭਵ ਕੁਮਾਰ (ਨਿੱਜੀ ਸਹਾਇਕ) 'ਤੇ ਲਾਏ ਗਏ ਹਨ।

ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਸਵਾਤੀ ਮਾਲੀਵਾਲ ਸਿਵਲ ਲਾਈਨ ਥਾਣੇ ਆਈ ਸੀ, ਉਨ੍ਹਾਂ ਨੇ ਘਟਨਾ ਬਾਰੇ ਦੱਸਿਆ ਹੈ, ਅਸੀਂ ਪੁਸ਼ਟੀ ਕਰ ਰਹੇ ਹਾਂ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਸਵਾਤੀ ਨੇ ਇਸ ਮਾਮਲੇ ਵਿੱਚ ਕੋਈ ਲਿਖਤੀ ਸ਼ਿਕਾਇਤ ਨਹੀਂ ਦਿੱਤੀ ਹੈ।