ਵੱਡੀ ਆਰਥਕ ਮੰਦਹਾਲੀ ਦਾ ਖ਼ਤਰਾ, ਦੁਨੀਆਂ ਦੇ ਦੇਸ਼ ਇਕੱਠੇ ਕਰਨ ਲੱਗੇ ਸੋਨੇ ਦੇ ਵੱਡੇ ਭੰਡਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੋਨੇ ਦੀ ਮੰਗ ਪਖੋਂ 2016 ਤੋਂ ਬਾਅਦ ਇਹ ਪਹਿਲੀ ਸਭ ਤੋਂ ਮਜ਼ਬੂਤ ਤਿਮਾਹੀ ਹੈ।

File Photo

ਨਵੀਂ ਦਿੱਲੀ : ਦੁਨੀਆ ਭਰ ਦੇ ਦੇਸ਼ਾਂ ਦੇ ਕੇਂਦਰੀ ਬੈਂਕ ਇਸ ਵੇਲੇ ਸੋਨੇ ਦੇ ਵੱਡੇ ਭੰਡਾਰ ਇਕੱਠੇ ਕਰ ਰਹੇ ਹਨ। ਦਰਅਸਲ, ਭੂ-ਰਾਜਨੀਤਕ ਤਣਾਅ, ਮਹਿੰਗਾਈ ਅਤੇ ਮੰਦੀ ਜਿਹੇ ਖ਼ਤਰਿਆਂ ਕਾਰਨ ਬੈਂਕਾਂ ਵਲੋਂ ਸੋਨਾ ਵੱਡੇ ਪਧਰ ’ਤੇ ਖ਼ਰੀਦਿਆ ਜਾ ਰਿਹਾ ਹੈ। ਵਰਲਡ ਗੋਲਡ ਕੌਂਸਲ ਦੀ ਗੋਲਡ ਡਿਮਾਂਡ ਟ੍ਰੈਂਡਜ਼ ਰਿਪੋਰਟ ਅਨੁਸਾਰ ਸਾਲ 2024 ਦੀ ਪਹਿਲੀ ਤਿਮਾਹੀ ਭਾਵ ਜਨਵਰੀ ਤੋਂ ਮਾਰਚ ਦੌਰਾਨ ਦੁਨੀਆ ’ਚ ਸੋਨੇ ਦੀ ਮੰਗ ਤਿੰਨ ਫ਼ੀ ਸਦੀ ਸਾਲਾਨਾ ਵਧੀ ਹੈ। ਸੋਨੇ ਦੀ ਮੰਗ ਪਖੋਂ 2016 ਤੋਂ ਬਾਅਦ ਇਹ ਪਹਿਲੀ ਸਭ ਤੋਂ ਮਜ਼ਬੂਤ ਤਿਮਾਹੀ ਹੈ।

ਮਾਰਚ ਮਹੀਨੇ ਸੈਂਟਰਲ ਬੈਂਕ ਆਫ਼ ਤੁਰਕੀਏ ਸੋਨੇ ਦਾ ਸਭ ਤੋਂ ਵੱਡਾ ਖ਼ਰੀਦਦਾਰ ਰਿਹਾ। ਉਸ ਨੇ ਆਪਣੇ ਸੋਨੇ ਦੇ ਭੰਡਾਰ ’ਚ 14 ਟਨ ਦਾ ਵਾਧਾ ਕੀਤਾ ਹੈ। ਭਾਰਤੀ ਰਿਜ਼ਰਵ ਬੈਂਕ ਨੇ ਆਪਣੀ ਗੋਲਡ ਹੋਲਡਿੰਗ ਨੂੰ ਪੰਜ ਟਨ ਵਧਾਇਆ ਹੈ। ਉਧਰ ਪੀਪਲਜ਼ ਬੈਂਕ ਆਫ਼ ਚਾਈਨਾ ਨੇ ਵੀ ਆਪਣੇ ਸੋਨੇ ਦੇ ਭੰਡਾਰ ’ਚ ਪੰਜ ਟਨ ਹੋਰ ਜੋੜਿਆ ਹੈ। ਚੀਨ ਦੇ ਇਸ ਕੇਂਦਰੀ ਬੈਂਕ ਕੋਲ ਸੋਨੇ ਦਾ ਭੰਡਾਰ 2,250 ਟਨ ਤੋਂ ਪਾਰ ਪੁਜ ਚੁੱਕਾ ਹੈ। ਇਸ ਦੇ ਮੁਕਾਬਲੇ ਅਪ੍ਰੈਲ ਦੇ ਸ਼ੁਰੂ ’ਚ ਭਾਰਤੀ ਰਿਜ਼ਰਵ ਬੈਂਕ ਕੋਲ 822.1 ਟਨ ਸੋਨਾ ਸੀ।

ਦਰਅਸਲ, ਕੋਰੋਨਾ ਮਹਾਂਮਾਰੀ ਤੋਂ ਬਾਅਦ ਵਿਸ਼ਵ ਦੇ ਹਾਲਾਤ ਤੇਜ਼ੀ ਨਾਲ ਬਦਲੇ ਹਨ। ਰੂਸ-ਯੂਕਰੇਨ ਦੀ ਜੰਗ ਅਤੇ ਇਜ਼ਰਾਇਲ ਦੇ ਅਰਬ ਦੇਸ਼ਾਂ ਨਾਲ ਤਣਾਅ ਨੇ ਸੰਕਟ ਨੂੰ ਹੋਰ ਵਧਾ ਦਿਤਾ ਹੈ। ਇਸ ਨਾਲ ਵਿਸ਼ਵ ਮੰਦੀ ਤਕ ਦਾ ਖ਼ਦਸ਼ਾ ਪ੍ਰਗਟਾਇਆ ਜਾਣ ਲੱਗਾ ਹੈ। ਇਹੋ ਕਾਰਣ ਹੈ ਕਿ ਕੇਂਦਰੀ ਬੈਂਕ ਹੁਣ ਸੋਨੇ ਦੀ ਖ਼ਰੀਦ ਵਧਾ 
ਰਹੇ ਹਨ, 

ਤਾਂ ਜੋ ਕਿਸੇ ਵੀ ਤਰ੍ਹਾਂ ਦੇ ਵੱਡੇ ਆਰਥਿਕ ਸੰਕਟ ਦਾ ਟਾਕਰਾ ਕੀਤਾ ਜਾ ਸਕੇ। ਸੋਨੇ ਨੂੰ ਮਹਿੰਗਾਈ (ਮੁਦਰਾ ਸਫ਼ੀਤੀ ਜਾਂ ਨੋਟ ਪਸਾਰੇ ਦੀ ਦਰ) ਵਿਰੁੱਧ ਸਭ ਤੋਂ ਕਾਰਗਰ ਹਥਿਆਰ ਮੰਨਿਆ ਜਾਂਦਾ ਹੈ। ਜੇ ਰਿਜ਼ਰਵ ਬੈਂਕਾਂ ਕੋਲ ਸੋਨੇ ਦੇ ਭੰਡਾਰ ਮੌਜੂਦ ਰਹਿਣਗੇ, ਤਾਂ ਉਹ ਮਹਿੰਗਾਈ ਖ਼ਿਲਾਫ਼ ਬਿਹਤਰ ਤਰੀਕੇ ਨਾਲ ਰਣਨੀਤੀ ਬਣਾ ਸਕਣਗੇ। ਸੋਨੇ ਨਾਲ ਕੋਈ ਖ਼ਤਰਾ ਵੀ ਨਹੀਂ ਜੁੜਿਆ ਹੁੰਦਾ।

ਇਸ ਸਾਰੇ ਮਾਮਲੇ ਨੂੰ ਨਿਵੇਸ਼ ਪੋਰਟਫ਼ੋਲੀਓ ਵਾਂਗ ਸਮਝਿਆ ਜਾ ਸਕਦਾ ਹੈ। ਸਭ ਆਪੋ-ਆਪਣੇ ਪੋਰਟਫ਼ੋਲੀਓ ’ਚ ਵਿਭਿੰਨਤਾ ਚਾਹੁੰਦੇ ਹਨ, ਤਾਂ ਜੋ ਜੋਖਮ ਘਟਾਇਆ ਜਾ ਸਕੇ। ਇਹੋ ਕਾਰਣ ਹੈ ਕਿ ਲੋਕ ਸ਼ੇਅਰ ਬਾਜ਼ਾਰ, ਬਾਂਡ ਦੇ ਨਾਲ ਸੋਨੇ ’ਚ ਵੀ ਆਪਣਾ ਸਰਮਾਇਆ ਲਾਉਂਦੇ ਹਨ, ਤਾਂ ਜੋ ਸ਼ੇਅਰ ਬਾਜ਼ਾਰ ਜਾਂ ਬਾਂਡ ਮਾਰਕਿਟ ’ਚ ਮੰਦੀ ਆਵੇ, ਤਾਂ ਸੋਨੇ ਵਾਲਾ ਨਿਵੇਸ਼ ਉਸ ਸਥਿਤੀ ਨੂੰ ਸੰਭਾਲ ਲਵੇ।

ਡਾਲਰ ਨੇ ਸਦਾ ਦੁਨੀਆ ਦੀ ਅਰਥ-ਵਿਵਸਥਾ ਨਿਰਧਾਰਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਹੈ। ਸੋਨੇ ਤੋਂ ਬਾਅਦ ਡਾਲਰ ਨੂੰ ਹੀ ਦੂਜੀ ਗਲੋਬਲ ਕਰੰਸੀ ਤਕ ਕਿਹਾ ਜਾਂਦਾ ਹੈ। ਅਮਰੀਕਾ ਨਾਲ ਖ਼ਰਾਬ ਰਿਸ਼ਤਿਆਂ ਕਾਰਣ ਹੁਣ ਦੁਨੀਆ ਭਰ ਦੇ ਦੇਸ਼ ਡਾਲਰ ’ਤੇ ਆਪਣੀ ਨਿਰਭਰਤਾ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸੇ ਲਈ ਬਹੁਤ ਸਾਰੇ ਦੇਸ਼ਾਂ ਨੇ ਇਕ-ਦੂਜੇ ਦੀ ਕਰੰਸੀ ਵਿੱਚ ਵਪਾਰ ਵੀ ਸ਼ੁਰੂ ਕਰ ਦਿਤਾ ਹੈ।