ਪਾਕਿਸਤਾਨ ਵਲੋਂ ਕੀਤੀ ਗੋਲੀਬਾਰੀ ਦੌਰਾਨ ਬੀਐਸਐਫ਼ ਦੇ ਕਮਾਂਡੈਂਟ ਸਮੇਤ ਚਾਰ ਜਵਾਨ ਸ਼ਹੀਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਵਿਚ ਅੰਤਰਰਾਸ਼ਟਰੀ ਸਰਹੱਦ 'ਤੇ ਪਾਕਿਸਤਾਨੀ ਰੇਂਜਰਾਂ ਵਲੋਂ ਕੀਤੀ ਗਈ ਗੋਲੀਬਾਰੀ ਵਿਚ ਬੀਐਸਐਫ਼ ਦੇ ਸਹਾਇਕ ਕਮਾਂਡੈਂਟ ....

Soldiers taking the Martyrdom of Martyrs

ਜੰਮੂ,  ਜੰਮੂ ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਵਿਚ ਅੰਤਰਰਾਸ਼ਟਰੀ ਸਰਹੱਦ 'ਤੇ ਪਾਕਿਸਤਾਨੀ ਰੇਂਜਰਾਂ ਵਲੋਂ ਕੀਤੀ ਗਈ ਗੋਲੀਬਾਰੀ ਵਿਚ ਬੀਐਸਐਫ਼ ਦੇ ਸਹਾਇਕ ਕਮਾਂਡੈਂਟ ਰੈਂਕ ਦੇ ਅਧਿਕਾਰੀ ਸਮੇਤ ਚਾਰ ਮੁਲਾਜ਼ਮ ਸ਼ਹੀਦ ਹੋ ਗਏ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਬੀਐਸਐਫ਼ ਦੇ ਆਈਜੀ ਰਾਮ ਅਵਤਾਰ ਨੇ ਦਸਿਆ, 'ਪਾਕਿਸਤਾਨੀ ਰੇਂਜਰਾਂ ਨੇ ਕਲ ਰਾਤ ਰਾਮਗੜ੍ਹ ਸੈਕਟਰ ਵਿਚ ਅੰਤਰਰਾਸ਼ਟਰੀ ਸਰਹੱਦ 'ਤੇ ਗੋਲੀਬਾਰੀ ਕੀਤੀ। ਅਸੀਂ ਇਕ ਸਹਾਇਕ ਕਮਾਂਡੈਂਟ ਰੈਂਕ ਦੇ ਅਧਿਕਾਰੀ ਸਮੇਤ ਚਾਰ ਸੁਰੱਖਿਆ ਮੁਲਾਜ਼ਮਾਂ ਨੂੰ ਖੋ ਦਿਤਾ ਜਦਕਿ ਸਾਰੇ ਤਿੰਨ ਹੋਰ ਜਵਾਨ ਜ਼ਖ਼ਮੀ ਹੋ ਗਏ।' 

ਉਨ੍ਹਾਂ ਦਸਿਆ ਕਿ ਪਾਕਿਸਤਾਨੀ ਰੇਂਜਰਾਂ ਅਤੇ ਬੀਐਸਐਫ਼ ਹਾਲ ਹੀ ਵਿਚ ਅੰਤਰਰਾਸ਼ਟਰੀ ਸਰਹੱਦ 'ਤੇ ਗੋਲੀਬੰਦੀ ਲਈ ਸਹਿਮਤ ਹੋਏ ਸਨ ਪਰ ਪਾਕਿਸਤਾਨੀ ਫ਼ੌਜ ਨੇ ਸਰਹੱਦ ਪਾਰ ਤੋਂ ਗੋਲੀਬਾਰੀ ਕਰ ਕੇ ਇਸ ਦੀ ਉਲੰਘਣਾ ਕੀਤੀ। ਜੰਮੂ ਕਸ਼ਮੀਰ ਦੇ ਡੀਜੀਪੀ ਐਸ ਪੀ ਵੈਦ ਨੇ ਜ਼ਖ਼ਮੀਆਂ ਦੀ ਗਿਣਤੀ ਪੰਜ ਦੱਸੀ। ਉਨ੍ਹਾਂ ਕਿਹਾ, 'ਜੰਮੂ ਦੇ ਰਾਮਗਗੜ੍ਹ ਸੈਕਟਰ ਵਿਚ ਸਰਹੱਦ ਪਾਰ ਤੋਂ ਗੋਲੀਬਾਰੀ ਵਿਚ ਸਹਾਇਕ ਕਮਾਂਡੈਂਟ ਸਮੇਤ ਬੀਐਸਐਫ਼ ਦੇ ਚਾਰ ਜਵਾਨ ਸ਼ਹੀਦ ਹੋ ਗਏ ਅਤੇ ਪੰਜ ਜ਼ਖ਼ਮੀ ਹੋ ਗਏ।

ਸਾਡੀਆਂ ਸੰਵੇਦਨਾਵਾਂ ਮ੍ਰਿਤਕਾਂ ਦੇ ਮਾਪਿਆਂ ਪ੍ਰਤੀ ਹਨ।'  ਬੀਐਸਐਫ਼ ਨੇ ਦਸਿਆ, 'ਰਾਤ ਕਰੀਬ 9.40 ਵਜੇ ਪਾਕਿਸਤਾਨੀ ਰੇਂਜਰਾਂ ਨੇ ਪੋਸਟ ਅਸ਼ਰਫ਼ ਤੋਂ ਬੀਓਪੀ ਚਾਮਲਿਆਲ 'ਤੇ ਬਿਨਾਂ ਉਕਸਾਵੇ ਗੋਲੀਬਾਰੀ ਸ਼ੁਰੂ ਕਰ ਦਿਤੀ। ਬਿਨਾਂ ਉਕਸਾਵੇ ਦੀ ਗੋਲੀਬਾਰੀ ਦਾ ਜਵਾਬ ਦਿੰਦਿਆਂ ਸਹਾਇਕ ਕਮਾਂਡੈਂਟ ਜਿਤੰਦਰ ਸਿੰਘ, ਏਐਸਆਈ ਰਾਮ ਨਿਵਾਸ ਅਤੇ ਕਾਂਸਟੇਬਲ ਹੰਸਰਾਜ ਸ਼ਹੀਦ ਹੋ ਗਏ। ਤਿੰਨ ਹੋਰ ਜਵਾਨ ਜ਼ਖ਼ਮੀ ਹੋ ਗਏ।' ਜ਼ਖ਼ਮੀ ਜਵਾਨਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ। (ਏਜੰਸੀ)