ਧੂੜ ਦੇ ਗੁਬਾਰ ਨੇ ਹਵਾਈ ਯਾਤਰਾ 'ਚ ਪਾਈ ਰੁਕਾਵਟ
ਪੰਜਾਬ ਦੇ ਜਿਆਦਾਤਰ ਇਲਾਕਿਆਂ ਵਿਚ ਧੂੜ ਛਾਈ ਹੋਈ ਹੈ ਅਤੇ ਪਾਰਾ ਵੀ ਬਹੁਤ ਜਿਆਦਾ ਚੜਿਆ ਹੋਇਆ ਹੈ...
ਪੰਜਾਬ ਦੇ ਜਿਆਦਾਤਰ ਇਲਾਕਿਆਂ ਵਿਚ ਧੂੜ ਛਾਈ ਹੋਈ ਹੈ ਅਤੇ ਪਾਰਾ ਵੀ ਬਹੁਤ ਜਿਆਦਾ ਚੜਿਆ ਹੋਇਆ ਹੈ । ਹਾਲਾਤ ਅਜਿਹੇ ਬਣ ਗਏ ਹਨ ਕਿ ਐਨੀ ਧੂੜ ਦੇ ਹੁੰਦਿਆਂ ਸਾਹ ਲੈਣਾ ਬੇਹੱਦ ਮੁਸ਼ਕਿਲ ਹੋ ਚੁਕਾ ਹੈ | ਅਜਿਹੇ ਮੌਸਮ ਦੌਰਾਨ ਜੇਕਰ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਸਿਟੀ ਬਿਊਟੀਫੁਲ ਵੀ ਧੂੜ ਦੇ ਇਸ ਗੁਬਾਰ ਤੋਂ ਬਚ ਨਹੀਂ ਸਕਿਆ | ਧੂੜ ਦੀ ਚਾਦਰ ਨੇ ਪੂਰੇ ਚੰਡੀਗੜ੍ਹ ਨੂੰ ਇਸ ਕਦਰ ਧੱਕ ਲਿਆ ਹੈ ਕਿ ਅਸਮਾਨ ਪੂਰੀ ਤਰਾਂ ਦਿਖਾਈ ਵੀ ਨਹੀਂ ਦੇ ਰਿਹਾ | ਧੂੜ ਦੇ ਕਾਰਨ ਸੜਕ ਆਵਾਜਾਈ ਨੂੰ ਜਿਥੇ ਫਰਕ ਪਿਆ ਹੈ ਉਥੇ ਹੀ ਹਵਾਈ ਯਾਤਰਾ ਕਰਨ ਵਾਲੇ ਯਾਤਰੂਆਂ ਲਈ ਵੀ ਮੁਸ਼ਕਿਲ ਖੜੀ ਹੋ ਗਈ ਹੈ |
ਚੰਡੀਗੜ ਏਅਰਪੋਰਟ 'ਤੇ ਜਹਾਜ਼ਾਂ ਦੀ ਆਵਾਜਾਈ 'ਤੇ ਰੋਕ ਲਗਾ ਦਿਤੀ ਗਈ ਹੈ । ਸਵੇਰ ਤੋਂ ਚੰਡੀਗੜ ਵਿੱਚ ਨਾ ਜਹਾਜ਼ਾਂ ਦੀ ਲੈਂਡਿੰਗ ਹੋ ਰਹੀ ਹੈ ਅਤੇ ਨਾ ਹੀ ਟੇਕਆਫ । ਜੇਟ ਏਅਰਵੇਜ ਦੀ ਦਿੱਲੀ ਤੋਂ ਚੰਡੀਗੜ ਦੀ ਫਲਾਇਟ ਅਤੇ ਇੰਡਿਗੋ ਦੀ ਚੰਡੀਗੜ ਤੋਂ ਦਿੱਲੀ ਦੀ ਫਲਾਇਟ ਰੱਦ ਕਰ ਦਿਤੀ ਗਈ ਹੈ । ਉਥੇ ਹੀ ਮੁੰਬਈ ਤੋਂ ਚੰਡੀਗੜ ਜਾਣ ਵਾਲੀ ਫਲਾਇਟ ਨੂੰ ਦਿੱਲੀ ਵਿੱਚ ਰੋਕ ਦਿਤਾ ਗਿਆ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਵੈਦਰ ਡਿਸਟਰਬੇਂਸ ਦੇ ਚਲਦੇ ਆਉਣ ਵਾਲੇ 48 ਘੰਟਿਆਂ ਦੌਰਾਨ ਮੌਸਮ 'ਚ ਅਚਾਨਕ ਬਦਲਾਅ ਹੋਵੇਗਾ ਅਤੇ ਧੂੜ ਦੇ ਵਿਚ ਤੇਜ ਹਵਾਵਾਂ ਦੇ ਨਾਲ ਮੀਂਹ ਪਵੇਗਾ ।