ਕੋਲਕਾਤਾ ਦੀ ਘਟਨਾ ਤੋਂ ਬਾਅਦ ਦਿੱਲੀ ਦੇ ਡਾਕਟਰ ਵੀ ਹੜਤਾਲ ‘ਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਦੀ ਰਾਜਧਾਨੀ ਵਿਚ ਅੱਜ ਨਿੱਜੀ ਅਤੇ ਸਰਕਾਰੀ ਹਸਪਤਾਲਾਂ ਵਿਚ ਸਿਹਤ ਸੁਵਿਧਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ।

Delhi doctors Strike

ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਵਿਚ ਅੱਜ ਨਿੱਜੀ ਅਤੇ ਸਰਕਾਰੀ ਹਸਪਤਾਲਾਂ ਵਿਚ ਸਿਹਤ ਸੁਵਿਧਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ ਕਿਉਂਕਿ ਵੱਡੀ ਗਿਣਤੀ ਵਿਚ ਡਾਕਟਰਾਂ ਨੇ ਕੋਲਕਾਤਾ ਵਿਚ ਪ੍ਰਦਰਸ਼ਨ ਕਰ ਰਹੇ ਅਪਣੇ ਸਾਥੀਆਂ ਨਾਲ ਇਕਜੁੱਟਤਾ ਦਿਖਾਉਂਦੇ ਹੋਏ ਇਕ ਦਿਨ ਲਈ ਕੰਮ ਕਾ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ ਹੈ।

ਸ਼ਹਿਰ ਦੀਆਂ ਕਈ ਡਾਕਟਰੀ ਸੰਸਥਾਵਾਂ ਅਨੁਸਾਰ ਕਈ ਹਸਪਤਾਲਾਂ ਵਿਚ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਓਪੀਡੀ ਅਤੇ ਰੈਗੂਲਰ ਓਟੀ ਸੇਵਾਵਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ। ਏਮਜ਼ ਅਤੇ ਸਫ਼ਦਰਜੰਗ ਹਸਪਤਾਲ ਦੇ ਰਿਹਾਇਸ਼ੀ ਡਾਕਟਰਾਂ ਨੇ ਵੀਰਵਾਰ ਨੂੰ ਪ੍ਰਰਦਰਸ਼ਨ ਕਰਦੇ ਹੋਏ ਅਪਣੇ ਸਿਰਾਂ ‘ਤੇ ਪੱਟੀਆਂ ਬੰਨ ਕੇ ਕੰਮ ਕੀਤਾ ਅਤੇ ਕੋਲਕਾਤਾ ਵਿਚ ਹਿੰਸਾ ਦੀ ਘਟਨਾ ਦੇ ਵਿਰੋਧ ਵਿਚ 14 ਜੂਨ ਨੂੰ ਓਪੀਡੀ ਸਮੇਤ ਸਾਰੀਆਂ ਗੈਰ-ਐਮਰਜੈਂਸੀ ਸੇਵਾਵਾਂ ਨੂੰ ਬੰਦ ਰੱਖਣ ਦਾ ਐਲਾਨ ਕੀਤਾ।

ਆਈਐਮਏ ਨੇ ਇਕ ਬਿਆਨ ਵਿਚ ਨੌਜਵਾਨ ਡਾਕਟਰਾਂ ਨਾਲ ਹੋਈ ਹਿੰਸਾ ਦੀ ਨਿੰਦਾ ਕੀਤੀ। ਦੱਸ ਦਈਏ ਕਿ ਕੋਲਕਾਤਾ ਦੇ ਐਨਆਰਐਸ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਦੋ ਜੂਨੀਅਰ ਡਾਕਟਰਾਂ ‘ਤੇ ਹਮਲਾ ਹੋਣ ਅਤੇ ਗੰਭੀਰ ਜ਼ਖਮੀ ਹੋਣ ਤੋਂ ਬਾਅਦ ਪੱਛਮੀ ਬੰਗਾਲ ਵਿਚ ਜੂਨੀਅਰ ਡਾਕਟਰ ਮੰਗਲਵਾਰ ਤੋਂ ਹੜਤਾਲ ‘ਤੇ ਹਨ।