ਅੱਵਲ ਦਰਜਾ ਕ੍ਰਿਕਟਰ ਵਸੰਤ ਰਾਏਜੀ ਦਾ 100 ਸਾਲ ਦੀ ਉਮਰ ਵਿਚ ਦੇਹਾਂਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਦੇ ਬਜ਼ੁਰਗ ਅੱਵਲ ਦਰਜਾ ਕ੍ਰਿਕਟਰ ਵਸੰਤ ਰਾਏਜੀ ਦਾ ਅੱਜ ਦੇਹਾਂਤ ਹੋ ਗਿਆ। ਉਹ 100 ਸਾਲ ਦੇ ਸਨ।

Vasant Raiji

ਮੁੰਬਈ, 13 ਜੂਨ : ਭਾਰਤ ਦੇ ਬਜ਼ੁਰਗ ਅੱਵਲ ਦਰਜਾ ਕ੍ਰਿਕਟਰ ਵਸੰਤ ਰਾਏਜੀ ਦਾ ਅੱਜ ਦੇਹਾਂਤ ਹੋ ਗਿਆ। ਉਹ 100 ਸਾਲ ਦੇ ਸਨ। ਉਨ੍ਹਾਂ ਦੇ ਜਵਾਈ ਸੁਦਰਸ਼ਨ ਨਾਨਾਵਤੀ ਨੇ ਦਸਿਆ ਕਿ ਦਖਣੀ ਮੁੰਬਈ ਦੇ ਵਾਲਕੇਸ਼ਵਰ ਸਥਿਤ ਨਿਵਾਸ ’ਤੇ ਸਵੇਰੇ 2.20 ਵਜੇ ਉਨ੍ਹਾਂ ਦਾ ਦੇਹਾਂਤ ਹੋ ਗਿਆ। ਵਸੰਤ ਰਾਏਜੀ ਨੇ 1940 ਦੇ ਦਹਾਕੇ ਵਿਚ 9 ਅੱਵਲ ਦਰਜਾ ਮੈਚ ਖੇਡੇ ਸਨ ਤੇ ਕੁਲ 277 ਦੌੜਾਂ ਬਣਾਈਆਂ ਸਨ। ਉਹ 1939 ਵਿਚ ਕ੍ਰਿਕਟ ਕਲੱਬ ਆਫ਼ ਇੰਡੀਆ ਦੀ ਟੀਮ ਲਈ ਖੇਡੇ। ਮੁੰਬਈ ਲਈ ਉਹ 1941 ਵਿਚ ਖੇਡੇ ਅਤੇ ਉਨ੍ਹਾਂ ਵਿਜੈ ਮਰਚੰਟ ਦੀ ਅਗਵਾਈ ਵਿਚ ਪੱਛਮੀ ਭਾਰਤ ਵਿਰੁਧ ਮੈਚ ਖੇਡਿਆ।

ਉਹ ਕ੍ਰਿਕਟ ਇਤਿਹਾਸਕਾਰ ਅਤੇ ਚਾਰਟਰਡ ਅਕਾਊਂਟੈਂਟ ਸਨ। ਭਾਰਤੀ ਕੰਟਰੋਲ ਬੋਰਡ (ਬੀ.ਸੀ.ਸੀ.ਆਈ) ਨੇ ਵੀ ਉਨ੍ਹਾਂ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਟਵਿਟਰ ’ਤੇ ਉਨ੍ਹਾਂ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਲਿਖਿਆ,‘‘ਮੈਂ ਇਸ ਸਾਲ ਦੇ ਸ਼ੁਰੂਆਤ ਵਿਚ ਵਸੰਤ ਰਾਏ ਦਾ 100ਵਾਂ ਜਨਮ ਦਿਨ ਮਨਾਉਣ ਲਈ ਉਨ੍ਹਾਂ ਦੇ ਘਰ ਗਿਆ ਸੀ। ਖੇਡ ਲਈ ਉਨ੍ਹਾਂ ਦਾ ਜੋਸ਼ ਦੇਖਣ ਵਾਲਾ ਸੀ। ਉਨ੍ਹਾਂ ਦੇ ਦੇਹਾਂਤ ’ਤੇ ਮੈਂ ਬਹੁਤ ਦੁਖੀ ਹਾਂ।’’           (ਪੀ.ਟੀ.ਆਈ)