ਫ਼ੌਜੀ ਭਰਤੀ ਲਈ ਕੇਂਦਰ ਨੇ ਸ਼ੁਰੂ ਕੀਤੀ ਨਵੀਂ ਯੋਜਨਾ 'ਅਗਨੀਪਥ', ਪੜ੍ਹੋ ਕੀ ਹੈ ਪੂਰੀ ਪ੍ਰਕਿਰਿਆ
4 ਸਾਲ ਦੇ ਕਾਰਜਕਾਲ ਲਈ ਹਰ ਸਾਲ ਲਗਭਗ 45,000 ਨੌਜਵਾਨਾਂ ਨੂੰ ਮਿਲੇਗਾ ਮੌਕਾ
* ਸਾਢੇ 17 ਤੋਂ 21 ਸਾਲ ਦੇ ਨੌਜਵਾਨਾਂ ਨੂੰ ਮਿਲੇਗਾ ਮੌਕਾ
* ਸੇਵਾਮੁਕਤੀ 'ਤੇ ਮਿਲਣਗੇ 11.71 ਲੱਖ ਰੁਪਏ
* ਨਹੀਂ ਮਿਲੇਗੀ ਪੈਨਸ਼ਨ ਪਰ ਹੋਵੇਗਾ 44 ਲੱਖ ਦਾ ਬੀਮਾ
ਨਵੀਂ ਦਿੱਲੀ : ਭਾਰਤੀ ਸੈਨਾ ਦੀਆਂ ਤਿੰਨ ਸ਼ਾਖਾਵਾਂ - ਜਲ ਸੈਨਾ, ਥਲ ਸੈਨਾ ਅਤੇ ਹਵਾਈ ਸੈਨਾ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਦੀ ਭਰਤੀ ਲਈ ਇੱਕ ਨਵੀਂ ਯੋਜਨਾ ਸ਼ੁਰੂ ਕੀਤੀ ਗਈ ਹੈ।
ਇਸ ਸਕੀਮ ਤਹਿਤ ਨੌਜਵਾਨਾਂ ਨੂੰ ਸਿਰਫ਼ ਚਾਰ ਸਾਲ ਲਈ ਹਥਿਆਰਬੰਦ ਬਲਾਂ ਵਿੱਚ ਸੇਵਾ ਕਰਨੀ ਪਵੇਗੀ। ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ ਤਿੰਨਾਂ ਸੈਨਾਵਾਂ ਦੇ ਸੈਨਾ ਮੁਖੀਆਂ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਯੋਜਨਾ ਦਾ ਐਲਾਨ ਕੀਤਾ ਹੈ। ਸਰਕਾਰ ਨੇ ਇਹ ਕਦਮ ਤਨਖਾਹ ਅਤੇ ਪੈਨਸ਼ਨ ਦੇ ਬਜਟ ਨੂੰ ਘਟਾਉਣ ਲਈ ਚੁੱਕਿਆ ਹੈ।
ਅਗਨੀਪਥ ਤਹਿਤ ਹਰ ਸਾਲ ਲਗਭਗ 45,000 ਨੌਜਵਾਨਾਂ ਨੂੰ ਫ਼ੌਜ ਵਿੱਚ ਭਰਤੀ ਕੀਤਾ ਜਾਵੇਗਾ। ਇਨ੍ਹਾਂ ਨੌਜਵਾਨਾਂ ਦੀ ਉਮਰ ਸਾਢੇ 17 ਤੋਂ 21 ਸਾਲ ਤਕ ਹੋਵੇਗੀ। ਇਸ ਯੋਜਨਾ ਤਹਿਤ ਭਰਤੀ ਹੋਣ ਵਾਲੇ ਨੌਜਵਾਨਾਂ ਨੂੰ ਅਗਨੀਵੀਰ ਕਿਹਾ ਜਾਵੇਗਾ ਅਤੇ ਇਨ੍ਹਾਂ ਨੂੰ ਚਾਰ ਸਾਲ ਲਈ ਫ਼ੌਜ ਵਿੱਚ ਸੇਵਾ ਕਰਨ ਦਾ ਮੌਕਾ ਮਿਲੇਗਾ। ਇਨ੍ਹਾਂ ਚਾਰ ਸਾਲਾਂ ਵਿੱਚੋਂ 6 ਮਹੀਨਿਆਂ ਲਈ ਨਵੇਂ ਭਰਤੀ ਹੋਣ ਵਾਲੇ ਨੌਜਵਾਨਾਂ ਨੂੰ ਮੁੱਢਲੀ ਸਿਖਲਾਈ ਦਿੱਤੀ ਜਾਵੇਗੀ। ਸੈਨਿਕਾਂ ਨੂੰ 30 ਹਜ਼ਾਰ ਤੋਂ 40 ਹਜ਼ਾਰ ਤੱਕ ਤਨਖਾਹ ਅਤੇ ਹੋਰ ਲਾਭ ਦਿੱਤੇ ਜਾਣਗੇ।
ਉਹ ਤਿੰਨਾਂ ਸੇਵਾਵਾਂ ਦੇ ਸਥਾਈ ਸਿਪਾਹੀਆਂ ਵਾਂਗ ਪੁਰਸਕਾਰ, ਮੈਡਲ ਅਤੇ ਬੀਮਾ ਕਵਰ ਲੈਣ ਦੇ ਹੱਕਦਾਰ ਹੋਣਗੇ। ਦੱਸ ਦੇਈਏ ਕਿ ਚਾਰ ਸਾਲ ਬਾਅਦ ਸੇਵਾਮੁਕਤੀ 'ਤੇ ਇਨ੍ਹਾਂ ਅਗਨੀਵੀਰਾਂ ਨੂੰ ਪੈਨਸ਼ਨ ਨਹੀਂ ਮਿਲੇਗੀ ਜਦਕਿ ਉਨ੍ਹਾਂ ਦਾ 44 ਲੱਖ ਦਾ ਬੀਮਾ ਹੋਵੇਗਾ। ਇਸ ਤੋਂ ਇਲਾਵਾ ਸੇਵਾਮੁਕਤ ਹੋਣ 'ਤੇ ਮੁਲਾਜ਼ਮਾਂ ਨੂੰ 11.41 ਲੱਖ ਰੁਪਏ ਦਿਤੇ ਜਾਣਗੇ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੱਸਿਆ ਕਿ ਸੇਵਾਮੁਕਤੀ ਤੋਂ ਬਾਅਦ ਭਵਿੱਖ ਵਿਚ ਰੁਜ਼ਗਾਰ ਲਈ ਇਨ੍ਹਾਂ ਸੈਨਿਕਾਂ ਨੂੰ ਸ਼ਸਤਰ ਬਲਾਂ ਦੀ ਮਦਦ ਵੀ ਮਿਲੇਗੀ।