ਮਹਾਰਾਸ਼ਟਰ : ਗੱਡੀ ’ਚ ਅਪਣੇ ਪਸ਼ੂ ਢੋ ਰਹੇ ਵਿਅਕਤੀ ਨੂੰ ‘ਗਊ ਰਕਸ਼ਕਾਂ’ ਨੇ ਕੁਟ-ਕੁਟ ਮਾਰਿਆ
ਬਜਰੰਗ ਦਲ ਨਾਲ ਜੁੜੇ 6 ਜਣੇ ਗ੍ਰਿਫ਼ਤਾਰ, ਹੋਰ ਮੁਲਜ਼ਮਾਂ ਦੀ ਭਾਲ ਜਾਰੀ
ਮੁੰਬਈ: ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ’ਚ ਗੱਡੀ ’ਤੇ ਅਪਣੇ ਪਸ਼ੂ ਢੋ ਰਹੇ ਇਕ ਵਿਅਕਤੀ ਨੂੰ ਕਥਿਤ ਤੌਰ ’ਤੇ ‘ਗਊ ਰਕਸ਼ਕਾਂ’ ਨੇ ਕੁਟ-ਕੁਟ ਮਾਰ ਦਿਤਾ। ਇਸ ਮਾਮਲੇ ’ਚ 6 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਿਸ ਨੇ ਦਸਿਆ ਕਿ 10 ਜੂਨ ਨੂੰ ਲੁਕਮਾਨ ਅੰਸਾਰੀ ਦੀ ਲਾਸ਼ ਇਗਤਪੁਰੀ ਇਲਾਕੇ ਦੇ ਘਾਟਨਦੇਵੀ ਦੀ ਇਕ ਖਾਈ ’ਚੋਂ ਬਰਾਮਦ ਹੋਈ ਅਤੇ ਉਦੋਂ ਇਹ ਘਟਨਾ ਸਾਹਮਣੇ ਆਈ।
ਉਨ੍ਹਾਂ ਕਿਹਾ ਕਿ ਪੁਲਿਸ ਨੇ ਹੁਣ ਤਕ 6 ‘ਗਊ ਰਕਸ਼ਕਾਂ’ ਨੂੰ ਹਿਰਾਸਤ ’ਚ ਲਿਆ ਹੈ ਅਤੇ ਹੋਰ ਮੁਲਜ਼ਮਾਂ ਦੀ ਭਾਲ ਜਾਰੀ ਹੈ। ਅਧਿਕਾਰੀ ਨੇ ਕਿਹਾ ਕਿ ਸਾਰੇ ਮੁਲਜ਼ਮ ਦੱਖਣਪੰਥੀ ਸੰਗਠਨ ਰਾਸ਼ਟਰੀ ਬਜਰੰਗ ਦਲ ਨਾਲ ਜੁੜੇ ਹਨ। ਉਨ੍ਹਾਂ ਕਿਹਾ ਕਿ ਅੰਸਾਰੀ ਅਪਣੇ ਦੋ ਸਹਿਯੋਗੀਆਂ ਨਾਲ ਅੱਠ ਜੂਨ ਨੂੰ ਅਪਣੇ ਟੈਂਪੂ ’ਚ ਪਸ਼ੂਆਂ ਨੂੰ ਲੈ ਕੇ ਜਾ ਰਿਹਾ ਸੀ ਜਦੋਂ ਠਾਣੇ ਜ਼ਿਲ੍ਹੇ ਦੇ ਸਾਹਾਪੁਰ ਦੇ ਵਿਹਿਗਾਉਂ ’ਚ ਲਗਭਗ 10-15 ਲੋਕਾਂ ਨੇ ਉਸ ਨੂੰ ਰੋਕਿਆ।
ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਟੈਂਪੂ ਨੂੰ ਅਪਣੇ ਕਬਜ਼ੇ ’ਚ ਲੈ ਲਿਆ ਅਤੇ ਗੱਡੀ ਨੂੰ ਇਗਤਪੁਰੀ ਇਲਾਕੇ ਦੇ ਘਾਟਨਦੇਵੀ ਲੈ ਕੇ ਜਾਣ ਤੋਂ ਪਹਿਲਾਂ ਚਾਰ ਪਸ਼ੂਆਂ ਨੂੰ ਛੱਡ ਦਿਤਾ।
ਅਧਿਕਾਰੀਆਂ ਅਨੁਸਾਰ ਉਨ੍ਹਾਂ ਨੇ ਟੈਂਪੂ ਇਕ ਸੁਨਸਾਨ ਥਾਂ ’ਤੇ ਰੋਕਿਆ ਅਤੇ ਤਿੰਨਾਂ ਨਾਲ ਕੁਟਮਾਰ ਸ਼ੁਰੂ ਕਰ ਦਿਤੀ। ਇਸ ਦੌਰਾਨ ਅੰਸਾਰੀ ਦੇ ਸਹਿਯੋਗੀ ਉਥੋਂ ਬਚ ਕੇ ਨਿਕਲ ਗਏ ਪਰ ਅੰਸਾਰੀ ਭੱਜ ਨਹੀਂ ਸਕਿਆ।
ਮੁਲਜ਼ਮਾਂ ਨੇ ਦਾਅਵਾ ਕੀਤਾ ਹੈ ਕਿ ਅੰਸਾਰੀ ਦੀ ਮੌਤ ਖਾਈ ’ਚ ਡਿੱਗਣ ਕਰ ਕੇ ਹੋਈ, ਪਰ ਪੁਲਿਸ ਨੂੰ ਸ਼ੱਕ ਹੈ ਕਿ ਉਸ ਦੀ ਮੌਤ ਕੁੱਟਮਾਰ ਕਰ ਕੇ ਹੋਈ ਸੀ। ਪੁਲਿਸ ਨੇ ਇਸ ਬਾਬਤ ਦੋ ਮਾਮਲੇ ਦਰਜ ਕੀਤੇ ਹਨ।