ਸ਼ਿਮਲਾ : ਮੰਡੀ ’ਚ ਬੱਦਲ ਫਟਣ ਕਾਰਨ ਆਇਆ ਹੜ, ਸੈਲਾਬ ’ਚ ਰੁੜ੍ਹੀਆਂ 2 ਕਾਰਾਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਲੋਕਾਂ ਦੀਆਂ ਨੁਕਸਾਨੀਆਂ ਦੁਕਾਨਾਂ

photo

 

ਸ਼ਿਮਲਾ : ਹਿਮਾਚਲ 'ਚ ਮਾਨਸੂਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਭਾਰੀ ਮੀਂਹ ਕਾਰਨ ਤਬਾਹੀ ਸ਼ੁਰੂ ਹੋ ਗਈ ਹੈ। ਮੰਗਲਵਾਰ ਦੇਰ ਸ਼ਾਮ ਬੱਦਲ ਫਟਣ ਕਾਰਨ ਮੰਡੀ ਜ਼ਿਲੇ ਦੀ ਦੂਰ-ਦੁਰਾਡੇ ਦੀ ਗ੍ਰਾਮ ਪੰਚਾਇਤ ਧਨਿਆਰਾ 'ਚ ਹੜ੍ਹ ਵਰਗੀ ਸਥਿਤੀ ਬਣ ਗਈ। ਇਸ ਘਟਨਾ ਵਿਚ ਡੋਗਰੀ, ਹੱਡਬੋਈ ਅਤੇ ਕਰਲਾ ਪਿੰਡਾਂ ਦੇ ਲੋਕਾਂ ਦੀ ਕਈ ਵਿੱਘੇ ਜ਼ਮੀਨ ਹੜ੍ਹ ਦੇ ਪਾਣੀ ਵਿਚ ਵਹਿ ਗਈ।

ਡੋਗਰੀ ਵਿਚ ਦੋ ਵਾਹਨ ਵੀ ਵਹਿ ਗਏ। ਇੱਥੇ ਵੱਡੇ ਪੱਥਰ ਡਿੱਗਣ ਕਾਰਨ ਕੁਝ ਦੁਕਾਨਾਂ ਨੂੰ ਵੀ ਨੁਕਸਾਨ ਪੁੱਜਾ ਹੈ। ਹਦਬੋਈ ਵਿਚ ਬੱਦਲ ਫਟਣ ਨਾਲ ਗਊ ਸ਼ੈੱਡ ਨੂੰ ਨੁਕਸਾਨ ਪਹੁੰਚਾਉਣ ਨਾਲ ਇੱਕ ਗਾਂ ਦੀ ਮੌਤ ਹੋ ਗਈ, ਜਦੋਂ ਕਿ ਦੋ ਹੋਰ ਗਾਵਾਂ ਨੂੰ ਬਚਾਇਆ ਗਿਆ। ਸਥਾਨਕ ਲੋਕਾਂ ਅਤੇ ਪ੍ਰਸ਼ਾਸਨ ਨੇ ਦੇਰ ਰਾਤ ਤੱਕ ਕਰੀਬ 4 ਘੰਟੇ ਬਚਾਅ ਮੁਹਿੰਮ ਚਲਾਈ ਅਤੇ 40 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ।

ਧਨਿਆਰਾ ਪੰਚਾਇਤ ਦੀ ਮੁਖੀ ਮੀਰਾ ਦੇਵੀ ਨੇ ਦਸਿਆ ਕਿ ਬੱਦਲ ਫਟਣ ਕਾਰਨ ਭਾਰੀ ਤਬਾਹੀ ਹੋਈ ਹੈ। ਲੋਕਾਂ ਦੀ ਕਈ ਵਿੱਘੇ ਜ਼ਮੀਨ ਹੜ੍ਹ ਵਿਚ ਰੁੜ੍ਹ ਗਈ ਅਤੇ ਇਲਾਕੇ ਦੇ ਸਾਰੇ ਸੰਪਰਕ ਮਾਰਗ ਵੀ ਕੱਟ ਦਿਤੇ ਗਏ। 

ਮੌਸਮ ਵਿਭਾਗ ਨੇ ਅੱਜ ਅਤੇ ਕੱਲ੍ਹ ਵੀ ਭਾਰੀ ਮੀਂਹ ਅਤੇ ਗੜੇਮਾਰੀ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਖਾਸ ਤੌਰ 'ਤੇ ਕੱਲ੍ਹ ਸੂਬੇ ਦੇ ਜ਼ਿਆਦਾਤਰ ਹਿੱਸਿਆਂ 'ਚ ਮੀਂਹ ਪੈ ਸਕਦਾ ਹੈ। ਇਸ ਦੌਰਾਨ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੂਫਾਨ ਦੀ ਚਿਤਾਵਨੀ ਵੀ ਦਿਤੀ ਗਈ ਹੈ। ਸੂਬੇ 'ਚ 19 ਜੂਨ ਤੱਕ ਮੌਸਮ ਖਰਾਬ ਰਹੇਗਾ ਪਰ 17 ਜੂਨ ਤੱਕ ਮੀਂਹ ਲਈ ਯੈਲੋ ਅਲਰਟ ਦਿਤਾ ਗਿਆ ਹੈ।

ਬੀਤੀ ਰਾਤ ਮੰਡੀ ਤੋਂ ਇਲਾਵਾ ਸੂਬੇ ਦੇ ਹੋਰ ਕਈ ਇਲਾਕਿਆਂ ਵਿਚ ਭਾਰੀ ਮੀਂਹ ਪਿਆ। ਇਸ ਕਾਰਨ ਰਾਤ ਦਾ ਤਾਪਮਾਨ ਡਿੱਗ ਗਿਆ ਹੈ। ਸੂਬੇ ਦੇ ਲੋਕਾਂ ਨੇ ਗਰਮੀ ਤੋਂ ਰਾਹਤ ਦਾ ਸਾਹ ਲਿਆ ਹੈ ਕਿਉਂਕਿ ਬੀਤੀ ਸ਼ਾਮ ਤੱਕ ਸੂਬੇ ਦੇ 12 ਸ਼ਹਿਰਾਂ ਵਿਚ ਪਾਰਾ 30 ਡਿਗਰੀ ਨੂੰ ਪਾਰ ਕਰ ਗਿਆ ਸੀ। ਇਸ ਕਾਰਨ ਮੈਦਾਨੀ ਇਲਾਕਿਆਂ ਦੇ ਨਾਲ-ਨਾਲ ਪਹਾੜ ਵੀ ਗਰਮ ਹੋਣ ਲੱਗੇ ਹਨ। ਊਨਾ ਦਾ ਪਾਰਾ ਵੱਧ ਤੋਂ ਵੱਧ 40 ਡਿਗਰੀ ਅਤੇ ਢੋਲਕੂਆਂ ਦਾ ਤਾਪਮਾਨ 39.7 ਡਿਗਰੀ ਤੱਕ ਪਹੁੰਚ ਗਿਆ ਸੀ।