Bihar Sikh News: ਕੈਥਲ ਤੋਂ ਬਾਅਦ ਹੁਣ ਬਿਹਾਰ ਵਿਚ ਸਿੱਖ ਨੌਜਵਾਨ ਦਾ ਪਾੜਿਆ ਸਿਰ, ਪੰਜ ਟਾਂਕੇ ਲੱਗੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਨਸਾਫ਼ ਲਈ ਰਾਮੂਵਾਲੀਆ ਬਕਸਰ ਜ਼ਿਲ੍ਹੇ ਦੇ ਐਸਐਸਪੀ ਨਾਲ ਕਰਨਗੇ ਗੱਲ

File Photo

Bihar Sikh News:  ਕੋਟਕਪੂਰਾ (ਗੁਰਿੰਦਰ ਸਿੰਘ) : ਫ਼ਿਰਕਾਪ੍ਰਸਤੀ ਵਾਲੀ ਸੋਚ ਅਤੇ ਨਸਲੀ ਟਿਪਣੀਆਂ ਦੀ ਸ਼ੋਸ਼ਲ ਮੀਡੀਆ ’ਤੇ ਬਹੁਤਾਤ ਕਾਰਨ ਘੱਟ ਗਿਣਤੀਆਂ ਨਾਲ ਸਬੰਧਤ ਵਰਗ ਨੂੰ ਇਸ ਦਾ ਸੰਤਾਪ ਭੋਗਣਾ ਪੈ ਰਿਹਾ ਹੈ। ਗੁਆਂਢੀ ਰਾਜ ਹਰਿਆਣੇ ਦੇ ਜ਼ਿਲ੍ਹੇ ਕੈਥਲ ਵਿਖੇ ਇਕ ਸਿੱਖ ਨੌਜਵਾਨ ਨੂੰ ਗਲਤ ਸ਼ਬਦ ਕਹਿ ਕੇ ਚਿੜ੍ਹਾਉਣ ਅਤੇ ਫਿਰ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੀ ਅਖ਼ਬਾਰਾਂ ਦੀ ਸੁਰਖੀਆਂ ਬਣੀ ਖ਼ਬਰ ਦੀ ਅਜੇ ਸਿਹਾਈ ਵੀ ਨਹੀਂ ਸੀ ਸੁੱਕੀ ਕਿ ਹੁਣ ਬਿਹਾਰ ਦੇ ਬਕਸਰ ਜ਼ਿਲੇ੍ਹ ਵਿਚ ਇਕ ਹੋਰ ਸਿੱਖ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਕੇ ਉਸ ਨੂੰ ਜ਼ਖ਼ਮੀ ਕਰਨ ਦੀ ਖ਼ਬਰ ਮਿਲੀ ਹੈ। 

ਸਿੱਖ ਨੌਜਵਾਨ ਦੇਪੇਂਦਰ ਸਿੰਘ ਕਾਕਾ ਵਾਸੀ ਪੰਜਾਬੀ ਮੁਹੱਲਾ ਸਿਵਲ ਲਾਈਨਜ਼ ਬਕਸਰ (ਬਿਹਾਰ) ਦਾ ਪੱਥਰ ਮਾਰ-ਮਾਰ ਕੇ ਸਿਰ ਪਾੜ ਦਿਤਾ ਗਿਆ ਤੇ ਉਸ ਦੇ ਸਿਰ ਵਿਚ ਪੰਜ ਟਾਂਕੇ ਲੱਗੇ, ਹਮਲਾਵਰਾਂ ਉਪਰ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਹੋ ਗਿਆ ਪਰ ਹੁਣ ਉਸ ਉਪਰ ਰਾਜ਼ੀਨਾਮਾ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ।

ਪੀੜਤ ਦੇਪੇਂਦਰ ਸਿੰਘ ਕਾਕਾ ਮੁਤਾਬਕ ਉਸ ਨੂੰ ਸ਼ਾਮ ਸਮੇਂ ਤਿੰਨ ਲੜਕਿਆਂ ਨੇ ਲੁੱਟਣ ਦੀ ਕੋਸ਼ਿਸ਼ ਕਰਨ ਮੌਕੇ ਧਮਕੀ ਦਿਤੀ ਅਤੇ ਮੇਰੇ ਵਲੋਂ ਵਿਰੋਧ ਕਰਨ ’ਤੇ ਉਨ੍ਹਾਂ ਹਮਲਾ ਕਰ ਦਿਤਾ। ਪੀੜਤ ਮੁਤਾਬਕ ਉਸ ਨੇ ਤਿੰਨਾਂ ਹਮਲਾਵਰਾਂ ਦਾ ਨਾਮ ਲਿਖ ਕੇ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਮਾਮਲਾ ਦਰਜ ਹੋ ਗਿਆ। ਪੀੜਤ ਕਾਕਾ ਨੇ ਦਸਿਆ ਕਿ ਉਕਤ ਲੜਕੇ ਪਹਿਲਾਂ ਵੀ ਉਸ ਉਪਰ ਹਮਲਾ ਕਰ ਚੁੱਕੇ ਹਨ ਤੇ ਫਿਰ ਰਾਜ਼ੀਨਾਮੇ ਦਾ ਦਬਾਅ ਬਣਾ ਕੇ ਜਬਰੀ ਸਮਝੌਤਾ ਕਰਵਾ ਦਿਤਾ ਜਾਂਦਾ ਹੈ ਪਰ ਇਸ ਵਾਰ ਉਸ ਨੇ ਸਮਝੌਤੇ ਤੋਂ ਇਨਕਾਰ ਕਰਦਿਆਂ ਦੋਸ਼ੀਆਂ ਵਿਰੁਧ ਕਾਰਵਾਈ ਦੀ ਮੰਗ ਕੀਤੀ ਹੈ। 

ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਇਸ ਮਾਮਲੇ ਵਿਚ  ਹੀ ਬਕਸਰ ਜ਼ਿਲ੍ਹੇ ਦੇ ਐਸਐਸਪੀ ਨਾਲ ਗੱਲਬਾਤ ਕਰਨ ਦਾ ਭਰੋਸਾ ਦਿਵਾਇਆ ਤਾਂ ਸਚਖੰਡ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਹਰਮੀਤ ਸਿੰਘ ਪਿੰਕਾ ਨੇ ਆਖਿਆ ਕਿ ਸਿੱਖਾਂ ਨਾਲ ਬੇਗਾਨਗੀ ਵਾਲੇ ਸਲੂਕ ਦੀਆਂ ਘਟਨਾਵਾਂ ਪਿਛੇ ਬਹੁਤ ਵੱਡੀ ਸਾਜ਼ਸ਼ ਹੈ ਤੇ ਇਸ ਲਈ ਸਾਰਿਆਂ ਨੂੰ ਏਕਤਾ ਦਾ ਸਬੂਤ ਦਿੰਦਿਆਂ ਅਜਿਹੀਆਂ ਸਮਾਜ ਵਿਰੋਧੀ ਸ਼ਕਤੀਆਂ ਦਾ ਮੁਕਾਬਲਾ ਰਲ ਕੇ ਕਰਨਾ ਪਵੇਗਾ। ਉਂਝ ਉਨ੍ਹਾ ਦੇਪੇਂਦਰ ਸਿੰਘ ਕਾਕਾ ਨੂੰ ਇਨਸਾਫ਼ ਦਿਵਾਉਣ ਦਾ ਵਿਸ਼ਵਾਸ ਦਿਵਾਇਆ ਹੈ।