ਗੁਜਰਾਤ : ‘ਇਹ ਜਗ੍ਹਾ ਸਿਰਫ ਹਿੰਦੂਆਂ ਲਈ ਹੈ’, ਸਰਕਾਰੀ ਯੋਜਨਾ ਤਹਿਤ ਮੁਸਲਿਮ ਔਰਤਾਂ ਨੂੰ ਫਲੈਟ ਅਲਾਟ ਕਰਨ ਦਾ ਵਿਰੋਧ 

ਏਜੰਸੀ

ਖ਼ਬਰਾਂ, ਰਾਸ਼ਟਰੀ

ਛੇ ਸਾਲ ਪਹਿਲਾਂ ਅਲਾਟ ਕੀਤਾ ਗਿਆ ਸੀ ਇਕ ਮਕਾਨ, ਪਰ ਹੋਰ ਵਸਨੀਕਾਂ ਦੇ ਵਿਰੋਧ ਕਾਰਨ ਉਹ ਅਜੇ ਤਕ ਅੰਦਰ ਨਹੀਂ ਜਾ ਸਕੀ

Protest.

ਵਡੋਦਰਾ: ਗੁਜਰਾਤ ਸਰਕਾਰ ਦੀ ਯੋਜਨਾ ਤਹਿਤ ਵਡੋਦਰਾ ਨਗਰ ਨਿਗਮ (ਵੀ.ਐੱਮ.ਸੀ.) ਵਲੋਂ ਬਣਾਏ ਗਏ ਇਕ ਹਾਊਸਿੰਗ ਕੰਪਲੈਕਸ ਦੇ ਕਈ ਵਸਨੀਕ ਇਕ ਮੁਸਲਿਮ ਔਰਤ ਨੂੰ ਫਲੈਟ ਅਲਾਟ ਕੀਤੇ ਜਾਣ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਜਗ੍ਹਾ ਸਿਰਫ ਹਿੰਦੂਆਂ ਲਈ ਹੈ। 

ਫਲੈਟਾਂ ਦੀ ਅਲਾਟਮੈਂਟ ਰੱਦ ਕਰਨ ਦੀ ਮੰਗ ਕਰਦਿਆਂ ਵਸਨੀਕਾਂ ਨੇ ਅਪਣਾ ਅੰਦੋਲਨ ਤੇਜ਼ ਕਰਨ ਅਤੇ ਇਹ ਮਾਮਲਾ ਸੂਬਾ ਸਰਕਾਰ ਅਤੇ ਕੇਂਦਰ ਕੋਲ ਉਠਾਉਣ ਦੀ ਧਮਕੀ ਦਿਤੀ। ਜਦਕਿ ਮਹਿਲਾ ਲਾਭਪਾਤਰੀ ਨੇ ਕਿਹਾ ਕਿ ਉਸ ਨੂੰ ਛੇ ਸਾਲ ਪਹਿਲਾਂ ਇਕ  ਮਕਾਨ ਅਲਾਟ ਕੀਤਾ ਗਿਆ ਸੀ ਪਰ ਹੋਰ ਵਸਨੀਕਾਂ ਦੇ ਵਿਰੋਧ ਕਾਰਨ ਉਹ ਅੰਦਰ ਨਹੀਂ ਜਾ ਸਕੀ। 

ਵਸਨੀਕਾਂ ਦਾ ਦਾਅਵਾ ਹੈ ਕਿ ਘੱਟ ਗਿਣਤੀ ਭਾਈਚਾਰਿਆਂ ਦੇ ਮੈਂਬਰਾਂ ਨੂੰ ਮਕਾਨ ਅਲਾਟ ਨਹੀਂ ਕੀਤੇ ਜਾ ਸਕਦੇ ਕਿਉਂਕਿ ਹਰਨੀ ਖੇਤਰ, ਜਿੱਥੇ ਕੰਪਲੈਕਸ ਸਥਿਤ ਹੈ, ਹਿੰਦੂ ਵਸਨੀਕਾਂ ਦਾ ਖੇਤਰ ਹੈ ਅਤੇ ਅਸ਼ਾਂਤ ਖੇਤਰ ਐਕਟ ਦੇ ਅਧੀਨ ਆਉਂਦਾ ਹੈ। ਇਹ ਐਕਟ ਇਕ  ਧਾਰਮਕ  ਭਾਈਚਾਰੇ ਦੇ ਮੈਂਬਰਾਂ ਨੂੰ ‘ਅਸ਼ਾਂਤ ਖੇਤਰਾਂ’ ’ਚ ਜ਼ਿਲ੍ਹਾ ਕੁਲੈਕਟਰ ਦੀ ਅਗਾਊਂ ਇਜਾਜ਼ਤ ਤੋਂ ਬਿਨਾਂ ਦੂਜੇ ਭਾਈਚਾਰੇ ਦੇ ਲੋਕਾਂ ਨੂੰ ਜਾਇਦਾਦ ਵੇਚਣ ਤੋਂ ਰੋਕਦਾ ਹੈ। 

ਵਡੋਦਰਾ ਨਗਰ ਨਿਗਮ ਦੇ ਕਮਿਸ਼ਨਰ ਦਿਲੀਪ ਰਾਣਾ ਨੇ ਕਿਹਾ ਕਿ ਉਨ੍ਹਾਂ ਨੂੰ ਹਰਨੀ ਖੇਤਰ ਦੇ ਮੋਟਨਾਥ ਰੈਜ਼ੀਡੈਂਸੀ ਦੇ ਵਸਨੀਕਾਂ ਤੋਂ ਇਕ  ਮੰਗ ਚਿੱਠੀ ਮਿਲਿਆ ਹੈ ਅਤੇ ਸਾਰੇ ਸਬੰਧਤ ਦਸਤਾਵੇਜ਼ਾਂ ਦਾ ਅਧਿਐਨ ਕਰਨ ਤੋਂ ਬਾਅਦ ਉਚਿਤ ਫੈਸਲਾ ਲਿਆ ਜਾਵੇਗਾ। 

ਉਨ੍ਹਾਂ ਕਿਹਾ, ‘‘ਮੈਨੂੰ ਹੁਣੇ-ਹੁਣੇ ਵਸਨੀਕਾਂ ਤੋਂ ਇਕ  ਮੰਗ ਚਿੱਠੀ ਮਿਲਿਆ ਹੈ। ਮੈਂ ਸਾਰੇ ਦਸਤਾਵੇਜ਼ਾਂ ਦੀ ਜਾਂਚ ਕਰਾਂਗਾ ਅਤੇ ਫਿਰ ਉਚਿਤ ਫੈਸਲਾ ਲਵਾਂਗਾ।  ਇਕ  ਵਿਵਸਥਾ ਹੈ ਜਿਸ ਦੇ ਤਹਿਤ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਉਨ੍ਹਾਂ ਦੇ ਸਬੰਧਤ ਖੇਤਰਾਂ ’ਚ ਫਲੈਟ ਦਿਤੇ ਜਾਂਦੇ ਹਨ। ਇਹ ਸਿਰਫ ਰਿਹਾਇਸ਼ੀ ਪ੍ਰਾਜੈਕਟਾਂ ’ਤੇ  ਲਾਗੂ ਹੁੰਦਾ ਹੈ ਜੋ ਅਸ਼ਾਂਤ ਖੇਤਰਾਂ ’ਚ ਸਥਿਤ ਹਨ। ਸਾਨੂੰ ਜਾਂਚ ਕਰਨੀ ਪਵੇਗੀ ਕਿ ਕੀ ਇਹ ਸਮਾਜ ਉਸ ਸ਼੍ਰੇਣੀ ’ਚ ਆਉਂਦਾ ਹੈ।’’

ਮੋਟਨਾਥ ਰੈਜ਼ੀਡੈਂਸੀ ’ਚ ਲਗਭਗ 460 ਫਲੈਟ ਹਨ। ਇਨ੍ਹਾਂ ਦਾ ਨਿਰਮਾਣ ਸੂਬਾ ਸਰਕਾਰ ਦੀ ਮੁੱਖ ਮੰਤਰੀ ਆਵਾਸ ਯੋਜਨਾ ਤਹਿਤ ਘੱਟ ਆਮਦਨ ਵਾਲੇ ਪਰਵਾਰਾਂ ਲਈ ਵੀ.ਐਮ.ਸੀ. ਦੇ ਰਿਹਾਇਸ਼ੀ ਪ੍ਰਾਜੈਕਟ ਤਹਿਤ ਕੀਤਾ ਗਿਆ ਹੈ।