ਫ਼ੌਜ ਮੁਖੀ ਵਲੋਂ ਸਰਹੱਦ ਲਾਗਲੇ ਇਲਾਕਿਆਂ ਦਾ ਦੌਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਫ਼ੌਜ ਮੁਖੀ ਐਮ ਐਮ ਨਰਵਣੇ ਨੇ ਅੰਤਰਰਾਸ਼ਟਰੀ ਸਰਹੱਦ ਲਾਗੇ ਅਗਲੇ ਇਲਾਕਿਆਂ ਦਾ ਦੌਰਾ ਕੀਤਾ ਅਤੇ ਜੰਮੂ-ਪਠਾਨਕੋਟ ਖੇਤਰ ਵਿਚ

Army Chief visits border areas

ਜੰਮੂ, 13 ਜੁਲਾਈ : ਫ਼ੌਜ ਮੁਖੀ ਐਮ ਐਮ ਨਰਵਣੇ ਨੇ ਅੰਤਰਰਾਸ਼ਟਰੀ ਸਰਹੱਦ ਲਾਗੇ ਅਗਲੇ ਇਲਾਕਿਆਂ ਦਾ ਦੌਰਾ ਕੀਤਾ ਅਤੇ ਜੰਮੂ-ਪਠਾਨਕੋਟ ਖੇਤਰ ਵਿਚ ਤੈਨਾਤ ਫ਼ੌਜੀਆਂ ਦੀਆਂ ਤਿਆਰੀਆਂ ਤੇ ਸੁਰੱਖਿਆ ਹਾਲਾਤ ਦੀ ਸਮੀਖਿਆ ਕੀਤੀ। ਰਖਿਆ ਬੁਲਾਰੇ ਨੇ ਦਸਿਆ ਕਿ ਫ਼ੌਜ ਮੁਖੀ ਨੇ ਕਠੂਆ, ਸਾਂਬਾ, ਜੰਮੂ ਅਤੇ ਪਠਾਨਕੋਟ ਸਣੇ ਰਾਇਜ਼ਿੰਗ ਸਟਾਰ ਕੋਰ ਦੀ ਕਮਾਨ ਵਿਚ ਆਉਣ ਵਾਲੇ ਖੇਤਰਾਂ ਦਾ ਦੌਰਾ ਕੀਤਾ। ਬੁਲਾਰੇ ਨੇ ਦਸਿਆ ਕਿ ਪਛਮੀ ਕਮਾਨ ਦੇ ਜਨਰਲ ਆਫ਼ੀਸਰ ਕਮਾਂਡਿੰਗ ਇਨ ਚੀਫ਼ ਲੈਫ਼ਟੀਨੈਂਟ ਜਨਰਲ ਆਰ ਪੀ ਸਿੰਘ,

ਰਾਇਜ਼ਿੰਗ ਸਟਾਰ ਕੋਰ ਦੇ ਜੀਸੀਓ ਲੈਫ਼ਟੀਨੈਂਟ ਜਨਰਲ ਉਪੇਂਦਰ ਦਵਿਵੇਦੀ, ਜੀਓਸੀ ਟਾਇਗਰ ਡਵੀਜ਼ਨ ਮੇਜਰ ਜਨਰਲ ਵੀ ਬੀ ਨਾਇਰ ਅਤੇ ਏਅਰਫ਼ੋਰਸ ਸਟੇਸ਼ਨ ਜੰਮੂ ਕੇ ਏਅਰ ਆਫ਼ੀਸਰ ਕਮਾਂਡਿੰਗ ਏ ਐਸ ਪਠਾਨੀਆ ਨੇ ਫ਼ੌਜ ਮੁਖੀ ਦੀ ਅਗਵਾਈ ਕੀਤੀ।  ਜਨਰਲ ਦਵਿਵੇਦੀ ਨੇ ਸੁਰੱਖਿਆ ਬੁਨਿਆਦੀ ਢਾਂਚੇ, ਤਿਆਰੀਆਂ ਅਤੇ ਅੰਦਰੂਨੀ ਸੁਰੱਖਿਆ ਦੇ ਮਾਮਲਿਆਂ ਬਾਰੇ ਜਾਣਕਾਰੀ ਦਿਤੀ। ਫ਼ੌਜ ਮੁਖੀ ਨੇ ਜੀਓਸੀ ਟਾਇਗਰ ਡਵੀਜ਼ਨ ਨਾਲ ਵੀ ਤਿਆਰੀਟਾਂ ਦੀ ਸਮੀਖਿਆ ਕੀਤੀ। ਇਸ ਦੌਰਾਨ ਉਨ੍ਹਾਂ ਵੱਖ ਵੱਖ ਅਧਿਕਾਰੀਆਂ ਅਤੇ ਜਵਾਨਾਂ ਨਾਲ ਗੱਲਬਾਤ ਕੀਤੀ।

ਫ਼ੌਜ ਮੁਖੀ ਨੇ ਕਿਹਾ ਕਿ ਪਾਕਿਸਤਾਨ ਦੁਆਰਾ ਗੋਲੀਬੰਦੀ ਦੀ ਉਲੰਘਣਾ ਅਤੇ ਅਤਿਵਾਦੀਆਂ ਦੁਆਰਾ ਘੁਸਪੈਠ ਦੇ ਯਤਨਾਂ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਜ਼ੋਰ ਦਿਤਾ ਕਿ ਫ਼ੌਜਾਂ ਅਤੇ ਸਰਕਾਰ ਦੀਆਂ ਸਾਰੀਆਂ ਏਜੰਸੀਆਂ ਮਿਲ ਕੇ ਕੰਮ ਕਰ ਰਹੀਆਂ ਹਨ ਅਤੇ ਦੁਸ਼ਮਣਾਂ ਦੁਆਰਾ ਛੇੜੇ ਜਾ ਰਹੇ ਸ਼ੀਤ ਯੁੱਧ ਦੇ ਨਾਪਾਕ ਮਨਸੂਬੇ ਨੂੰ ਨਾਕਾਮ ਕਰਨ ਲਈ ਉਹ ਅਜਿਹਾ ਕਰਦੀਆਂ ਰਹਿਣਗੀਆਂ। ਫ਼ੌਜ ਮੁਖੀ ਨੇ ਵੀਡੀਉ ਕਾਨਫ਼ਰੰਸ ਜ਼ਰੀਏ ਪਛਮੀ ਕਮਾਨ ਦੇ ਅਧਿਕਾਰੀਆਂ ਨੂੰ ਸੰਬੋਧਤ ਕੀਤਾ ਅਤੇ ਫ਼ੌਜੀਆਂ ਦੇ ਹੌਸਲੇ ਦੀ ਸ਼ਲਾਘਾ ਕੀਤੀ। (ਏਜੰਸੀ)