ਪਾਇਲਟ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਤੇਜ਼, ਰਾਹੁਲ ਤੇ ਪ੍ਰਿਯੰਕਾ ਨੇ ਵੀ ਗੱਲਬਾਤ ਕੀਤੀ
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਵਿਰੁਧ ਖੁਲ੍ਹ ਕੇ ਬਗ਼ਾਵਤ ਕਰ ਚੁਕੇ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੂੰ ਮਨਾਉਣ ਦੀਆਂ
ਨਵੀਂ ਦਿੱਲੀ, 13 ਜੁਲਾਈ : ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਵਿਰੁਧ ਖੁਲ੍ਹ ਕੇ ਬਗ਼ਾਵਤ ਕਰ ਚੁਕੇ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਇਸੇ ਲੜੀ ਵਿਚ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਸਣੇ ਕਾਂਗਰਸ ਦੇ ਕਈ ਵੱਡੇ ਆਗੂ ਉਸ ਦੇ ਸੰਪਰਕ ਵਿਚ ਹਨ।
ਪਾਇਲਟ ਨੇ ਐਤਵਾਰ ਨੂੰ ਗਹਿਲੋਤ ਵਿਰੁਧ ਮੋਰਚਾ ਖੋਲ੍ਹ ਦਿਤਾ ਸੀ ਅਤੇ ਦਾਅਵਾ ਕੀਤਾ ਸੀ ਕਿ ਉਸ ਕੋਲ 30 ਤੋਂ ਵੱਧ ਵਿਧਾਇਕਾਂ ਦਾ ਸਮਰਥਨ ਹੈ ਅਤੇ ਅਸ਼ੋਕ ਗਹਿਲੋਤ ਸਰਕਾਰ ਘੱਟਗਿਣਤੀ ਵਿਚ ਆ ਚੁਕੀ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਪਾਇਲਟ ਨਾਲ ਗੱਲਬਾਤ ਕੀਤੀ ਹੈ ਅਤੇ ਉਨ੍ਹਾਂ ਨੂੰ ਕਿਹਾ ਹੈ ਕਿ ਉਹ ਮੁੱਖ ਮੰਤਰੀ ਵਿਰੁਧ ਬਗ਼ਾਵਤ ਨਾ ਕਰੇ। ਉਨ੍ਹਾਂ ਉਸ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਦਾ ਵਿਸ਼ਵਾਸ ਵੀ ਦਿਵਾਇਆ ਹੈ। ਸੂਤਰਾਂ ਮੁਤਾਬਕ ਰਾਹੁਲ, ਪ੍ਰਿਯੰਕਾ ਨੇ ਪਾਇਲਟ ਨਾਲ ਗੱਲਬਾਤ ਕੀਤੀ ਹੈ
ਅਤੇ ਨਾਲ ਹੀ ਅਹਿਮਦ ਪਟੇਲ, ਪੀ ਚਿਦੰਬਰਮ ਅਤੇ ਕੇ ਸੀ ਵੇਣੂਗੋਪਾਲ ਨੇ ਵੀ ਉਨ੍ਹਾਂ ਨਾਲ ਸੰਪਰਕ ਕੀਤਾ ਹੈ। ਕਾਂਗਰਸ ਦੇ ਕਿਸੇ ਆਗੂ ਨੇ ਦਸਿਆ ਕਿ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਗੱਲਬਾਤ ਵਿਚ ਪਾਇਲਟ ਨੇ ਜਿਹੜੇ ਮੁੱਦੇ ਰੱਖੇ ਹਨ, ਉਨ੍ਹਾਂ ਦੇ ਹੱਲ ਦਾ ਵਿਸ਼ਵਾਸ ਦਿਵਾਇਆ ਗਿਆ ਹੈ। (ਏਜੰਸੀ)