ਸੀਬੀਐਸਈ ਦੀ ਬਾਰ੍ਹਵੀਂ ਜਮਾਤ ਦੇ ਨਤੀਜੇ ਐਲਾਨੇ, ਕੁੜੀਆਂ ਨੇ ਫਿਰ ਮਾਰੀ ਬਾਜ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੀਬੀਐਸਈ ਨੇ 12ਵੀਂ ਜਮਾਤ ਦੀ ਪ੍ਰੀਖਿਆ ਦੇ ਨਤੀਜੇ ਸੋਮਵਾਰ ਨੂੰ ਐਲਾਨ ਦਿਤੇ

CBSE

ਨਵੀਂ ਦਿੱਲੀ, 13 ਜੁਲਾਈ : ਸੀਬੀਐਸਈ ਨੇ 12ਵੀਂ ਜਮਾਤ ਦੀ ਪ੍ਰੀਖਿਆ ਦੇ ਨਤੀਜੇ ਸੋਮਵਾਰ ਨੂੰ ਐਲਾਨ ਦਿਤੇ ਜਿਨ੍ਹਾਂ ਵਿਚ ਇਸ ਵਾਰ ਵੀ ਕੁੜੀਆਂ ਨੇ ਬਾਜ਼ੀ ਮਾਰੀ ਹੈ। ਕੁੜੀਆਂ ਦੇ ਪਾਸ ਹੋਣ ਦਾ ਫ਼ੀ ਸਦ ਮੁੰਡਿਆਂ ਦੀ ਤੁਲਨਾ ਵਿਚ 5.96 ਫ਼ੀ ਸਦੀ ਜ਼ਿਆਦਾ ਰਿਹਾ। 12ਵੀਂ ਜਮਾਤ ਵਿਚ ਖੇਤਰ ਵਾਰ ਤਿ੍ਰਵੇਂਦਰਮ ਖੇਤਰ ਦਾ ਪ੍ਰਦਰਸ਼ਨ ਸੱਭ ਤੋਂ ਚੰਗਾ ਰਿਹਾ ਜਿਥੋਂ ਦੇ ਵਿਦਿਆਰਥੀਆਂ ਦਾ ਪਾਸ ਫ਼ੀ ਸਦੀ 97.67Ê ਫ਼ੀ ਸਦੀ ਰਿਹਾ।

ਕੋਰੋਨਾ ਵਾਇਰਸ ਕਾਰਨ ਇਸ ਸਾਲ ਮੈਰਿਟ ਸੂਚੀ ਜਾਰੀ ਨਾ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸਾਲ 12ਵੀਂ ਜਮਾਤ ਵਿਚ ਕੁਲ 88.78 ਫ਼ੀ ਸਦੀ ਪਾਸ ਹੋਏ ਜਦਕਿ 2019 ਵਿਚ 83.40 ਫ਼ੀ ਸਦੀ ਵਿਦਿਆਰਥੀ ਪਾਸ ਹੋਏ ਸਨ ਯਾਨੀ ਪਿਛਲੇ ਸਾਲ ਦੀ ਤੁਲਨਾ ਵਿਚ ਇਸ ਸਾਲ 5.38 ਫ਼ੀ ਸਦੀ ਵਧੇਰੇ ਵਿਦਿਆਰਥੀ ਪਾਸ ਹੋਏ। 

ਇਸ ਸਾਲ ਕੁੜੀਆਂ ਦਾ ਪਾਸ ਫ਼ੀ ਸਦੀ 92.15 ਫ਼ੀ ਸਦੀ ਰਿਹਾ ਜਦਕਿ ਮੁੰਡਿਆਂ ਦੀ ਇਹ ਦਰ 86.19 ਫ਼ੀ ਸਦੀ ਰਹੀ। ਟਰਾਂਸਜੈਂਡਰ ਦੀ ਇਹ ਦਰ 66.67 ਫ਼ੀ ਸਦੀ ਦਰਜ ਕੀਤੀ ਗਈ। 12ਵੀਂ ਜਮਾਤ ਦੀ ਪ੍ਰੀਖਿਆ ਵਿਚ 38686 ਵਿਦਿਆਰਥੀਆਂ ਨੂੰ 95 Êਫ਼ੀ ਸਦੀ ਤੋਂ ਵੱਧ ਅੰਕ ਮਿਲੇ ਜਦਕਿ 157934 ਵਿਦਿਆਰਥੀਆਂ ਨੇ 90 ਫ਼ੀ ਸਦੀ ਤੋਂ ਵੱਧ ਅੰਕ ਹਾਸਲ ਕੀਤੇ।

ਬੋਰਡ ਨੇ ਕੋਵਿਡ-19 ਕਾਰਨ ਰਹਿੰਦੀਆਂ ਪ੍ਰੀਖਿਆਵਾਂ ਰੱਦ ਕਰ ਦਿਤੀਆਂ ਸਨ ਅਤੇ ਬਦਲਵੀਂ ਮੁਲਾਂਕਣ ਯੋਜਨਾ ਦੇ ਆਧਾਰ ’ਤੇ ਨਤੀਜੇ ਐਲਾਨੇ ਗਏ ਹਨ। ਚਾਰ ਬਿੰਦੂਆਂ ’ਤੇ ਆਧਾਰਤ ਇਸ ਯੋਜਨਾ ਤਹਿਤ ਵਿਦਿਆਰਥੀ ਨੂੰ ਉਸ ਵਿਸ਼ੇ ਦੇ ਆਧਾਰ ’ਤੇ ਅੰਕ ਦਿਤੇ ਗਏ ਹਨ ਜਿਸ ਵਿਚ ਉਸ ਨੂੰ ਸੱਭ ਤੋਂ ਵੱਧ ਅੰਕ ਮਿਲੇ ਹਨ। ਇਸ ਸਾਲ 13109 ਸਕੂਲਾਂ ਵਿਚ 4984 ਪ੍ਰੀਖਿਆ ਕੇਂਦਰਾਂ ਵਿਚ ਪ੍ਰੀਖਿਆਵਾਂ ਹੋਈਆਂ ਸਨ

ਜਿਨ੍ਹਾਂ ਵਿਚ 1203595 ਵਿਦਿਆਰਥੀਆਂ ਨੇ ਪ੍ਰੀਖਿਆ ਦੇਣ ਲਈ ਰਜਿਸਟਰੇਸ਼ਨ ਕਰਾਈ ਸੀ ਅਤੇ 1059080 ਵਿਦਿਆਰਥੀ ਪ੍ਰੀਖਿਆ ਵਿਚ ਬੈਠੇ ਸਨ। ਦਿੱਲੀ ਪਛਮੀ ਖੇਤਰ ਦਾ ਪਾਸ ਫ਼ੀ ਸਦ 94.61 ਜਦਕਿ ਦਿੱਲੀ ਪੂਰਬ ਖੇਤਰ ਦਾ 94.24 ਫ਼ੀ ਸਦੀ, ਪੰਚਕੁਲਾ ਖੇਤਰ ਦਾ 92.52 ਫ਼ੀ ਸਦੀ, ਚੰਡੀਗੜ੍ਹ ਖੇਤਰ ਦਾ 92.04 ਫ਼ੀ ਸਦੀ ਰਿਹਾ। (ਏਜੰਸੀ)