20 ਲੱਖ ਰੁਪਏ ਕਿਲ੍ਹੋ ਵਿਕਦਾ ਹੈ ਇਹ ਕੀੜਾ, ਚੀਨ ਕਰ ਕੇ ਠੱਪ ਹੋਇਆ ਕਾਰੋਬਾਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸ ਵਾਰ ਕਿਸੇ ਨੇ ਵੀ ਇਸ ਨੂੰ ਇਕ ਲੱਖ ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵੀ ਨਹੀਂ ਖਰੀਦਿਆ।

Himalayan Viagra

ਨਵੀਂ ਦਿੱਲੀ - ਦੁਨੀਆ ਦੀ ਸਭ ਤੋਂ ਮਹਿੰਗੀ ਫੰਗਸ ਜਾਂ ਕੀੜਾ ਜੋ ਮਾਰਕੀਟ ਵਿਚ ਤਕਰੀਬਨ 20 ਲੱਖ ਰੁਪਏ ਪ੍ਰਤੀ ਕਿੱਲੋ ਦੀ ਦਰ ਨਾਲ ਵਿਕਦਾ ਹੈ, ਚੀਨ ਕਾਰਨ ਇਸ ਦਾ ਕਾਰੋਬਾਰ ਬੰਦ ਹੋ ਗਿਆ ਹੈ।

ਹੁਣ ਕੋਈ ਇਸ ਨੂੰ ਇਕ ਲੱਖ ਰੁਪਏ ਪ੍ਰਤੀ ਕਿੱਲੋ ਦੀ ਦਰ ਦੇ ਹਿਸਾਬ ਨਾਲ ਵੀ ਨਹੀਂ ਖਰੀਦਣ ਆ ਰਿਹਾ ਹੈ। ਹਾਲਾਂਕਿ, ਚੀਨ ਨੂੰ ਇਸ ਕੀੜੇ ਦੀ ਸਭ ਤੋਂ ਵੱਧ ਜ਼ਰੂਰਤ ਹੈ। ਭਾਰਤ ਨਾਲ ਸਰਹੱਦੀ ਵਿਵਾਦ ਅਤੇ ਕੋਰੋਨਾ ਵਾਇਰਸ ਦੇ ਕਾਰਨ ਇਸ ਵਾਰ ਇਸ ਕੀੜੇ ਦਾ ਕਾਰੋਬਾਰ ਚੌਪਟ ਹੋ ਗਿਆ ਹੈ।

ਇੰਨਾ ਹੀ ਨਹੀਂ, ਇੰਟਰਨੈਸ਼ਨਲ ਨੇਚਰ ਕੰਜ਼ਰਵੇਸ਼ਨ ਐਸੋਸੀਏਸ਼ਨ (ਆਈਯੂਸੀਐਨ) ਨੇ ਇਸ ਨੂੰ ਖਤਰੇ ਦੀ ਸੂਚੀ ਯਾਨੀ ਰੈੱਡ ਲਿਸਟ ਵਿਚ ਪਾ ਦਿੱਤਾ ਹੈ। 
ਇਸਨੂੰ ਹਿਮਾਲੀਅਨ ਵੀਆਗਰਾ ਕਿਹਾ ਜਾਂਦਾ ਹੈ।

ਇਸ ਤੋਂ ਇਲਾਵਾ ਇਸ ਨੂੰ ਭਾਰਤੀ ਹਿਮਾਲੀਅਨ ਖੇਤਰ ਵਿਚ ਕੌੜਾ ਅਤੇ ਯਾਰਸ਼ਗੁੰਬਾ ਵੀ ਕਿਹਾ ਜਾਂਦਾ ਹੈ। ਪਿਛਲੇ 15 ਸਾਲਾਂ ਵਿੱਚ, ਹਿਮਾਲੀਅਨ ਵੀਆਗਰਾ ਦੀ ਉਪਲਬਧਤਾ ਵਿੱਚ 30 ਪ੍ਰਤੀਸ਼ਤ ਦੀ ਕਮੀ ਆਈ ਹੈ। 

IUCN ਮੰਨਦਾ ਹੈ ਕਿ ਇਸ ਦੀ ਘਾਟ ਇਸ ਦੀ ਜ਼ਿਆਦਾ ਵਰਤੋਂ ਕਾਰਨ ਹੈ। ਇਹ ਸਰੀਰਕ ਕਮਜ਼ੋਰੀ, ਜਿਨਸੀ ਇੱਛਾ ਦੀ ਘਾਟ, ਕੈਂਸਰ ਆਦਿ ਬਿਮਾਰੀਆਂ ਦੇ ਇਲਾਜ਼ ਲਈ ਵਰਤਿਆ ਜਾਂਦਾ ਹੈ। ਹੁਣ IUCN ਦੀ ਸੂਚੀ ਵਿਚ ਨਾਮ ਆਉਣ ਤੋਂ ਬਾਅਦ ਰਾਜ ਸਰਕਾਰਾਂ ਦੀ ਮਦਦ ਨਾਲ ਹਿਮਾਲੀਅਨ ਵੀਆਗਰਾ ਨੂੰ ਬਚਾਉਣ ਲਈ ਯੋਜਨਾ ਤਿਆਰ ਕੀਤੀ ਜਾ ਰਹੀ ਹੈ।

ਹਿਮਾਲੀਅਨ ਵੀਆਗਰਾ ਉਨ੍ਹਾਂ ਇਲਾਕਿਆਂ ਵਿੱਚ ਪਾਇਆ ਜਾਂਦਾ ਹੈ ਜਿਨ੍ਹਾਂ ਦੀ ਉਚਾਈ 3500 ਮੀਟਰ ਤੋਂ ਵੱਧ ਹੈ। ਇਹ ਭਾਰਤ ਤੋਂ ਇਲਾਵਾ ਨੇਪਾਲ, ਚੀਨ ਅਤੇ ਭੂਟਾਨ ਦੇ ਹਿਮਾਲਿਆ ਪਰਬਤ ਅਤੇ ਤਿੱਬਤ ਦੇ ਪਠਾਰ ਖੇਤਰਾਂ ਵਿੱਚ ਪਾਇਆ ਜਾਂਦਾ ਹੈ।

ਇਹ ਉਤਰਾਖੰਡ ਦੇ ਪਿਥੌਰਾਗੜ੍ਹ, ਚਮੋਲੀ ਅਤੇ ਬਾਗੇਸ਼ਵਰ ਜ਼ਿਲ੍ਹਿਆਂ ਵਿਚ ਉੱਚਾਈ ਵਾਲੇ ਇਲਾਕਿਆਂ ਵਿਚ ਪਾਇਆ ਜਾਂਦਾ ਹੈ। ਮਈ ਅਤੇ ਜੁਲਾਈ ਦੇ ਵਿਚਕਾਰ, ਜਦੋਂ ਪਹਾੜਾਂ 'ਤੇ ਬਰਫ ਪਿਘਲ ਜਾਂਦੀ ਹੈ, ਤਾਂ ਸਰਕਾਰ ਵੱਲੋਂ ਅਧਿਕਾਰਤ 10-12 ਹਜ਼ਾਰ ਸਥਾਨਕ ਲੋਕ ਇਸ ਨੂੰ ਉੱਥੋਂ ਕੱਢ ਕੇ ਲੈ ਜਾਂਦੇ ਹਨ।

ਇਸ ਨੂੰ ਦੋ ਮਹੀਨਿਆਂ ਲਈ ਜਮ੍ਹਾ ਕਰਨ ਤੋਂ ਬਾਅਦ, ਇਸ ਨੂੰ ਵੱਖ-ਵੱਖ ਥਾਵਾਂ 'ਤੇ ਦਵਾਈਆਂ ਲਈ ਭੇਜਿਆ ਜਾਂਦਾ ਹੈ।  ਹਲਦਵਾਨੀ ਵਿਖੇ ਜੰਗਲਾਤ ਖੋਜ ਕੇਂਦਰ ਦੁਆਰਾ ਜੋਸ਼ੀਮਠ ਦੇ ਆਸਪਾਸ ਕੀਤੀ ਗਈ ਖੋਜ ਵਿਚ ਪਾਇਆ ਗਿਆ ਹੈ ਕਿ ਪਿਛਲੇ 15 ਸਾਲਾਂ ਵਿੱਚ ਇਸਦਾ ਝਾੜ 30 ਪ੍ਰਤੀਸ਼ਤ ਘਟਿਆ ਹੈ।

ਇਸ ਦੀ ਮਾਤਰਾ ਘਟਣ ਦਾ ਸਭ ਤੋਂ ਵੱਡਾ ਕਾਰਨ ਇਸਦੀ ਮੰਗ, ਗਲੋਬਲ ਵਾਰਮਿੰਗ ਅਤੇ ਮੌਸਮ ਵਿੱਚ ਤਬਦੀਲੀ ਹੈ। ਇਸ ਤੋਂ ਬਾਅਦ ਹੀ ਆਈਯੂਸੀਐਨ ਨੇ ਹਿਮਾਲੀਅਨ ਵੀਆਗਰਾ ਨੂੰ ਸੰਕਟ ਵਾਲੀਆਂ ਕਿਸਮਾਂ ਵਿਚ ਸ਼ਾਮਲ ਕਰਕੇ 'ਰੈਡ ਲਿਸਟ' ਵਿਚ ਸ਼ਾਮਲ ਕੀਤਾ ਹੈ। 

ਹਿਮਾਲੀਅਨ ਵੀਆਗਰਾ ਇਕ ਜੰਗਲੀ ਮਸ਼ਰੂਮ ਹੈ, ਜੋ ਇਕ ਖ਼ਾਸ ਕੀਟ ਦੇ ਕੇਟਰਪਿਲਰ 'ਨੂੰ ਮਾਰ ਕੇ ਉਸ ਉੱਪਰ ਉੱਗਦਾ ਹੈ। ਇਸ ਜੜ੍ਹੀ ਦਾ ਵਿਗਿਆਨਕ ਨਾਮ ਓਪੀਓਕੋਰਡੀਸਿਪਸ ਸਾਈਨੇਸਿਸ ਹੈ। ਜਿਸ ਕੀੜੇ ਦੇ ਕੇਟਰਪਿਲਰਸ ਤੇ ਇਹ ਉੱਗਦਾ ਹੈ ਉਸ ਨੂੰ ਹੈਪਿਲਸ ਫੈਬ੍ਰਿਕਸ ਕਿਹਾ ਜਾਂਦਾ ਹੈ।

ਸਥਾਨਕ ਲੋਕ ਇਸ ਨੂੰ ਕੀੜਾ ਕਹਿੰਦੇ ਹਨ। ਇਸਦਾ ਨਾਮ ਇਸ ਲਈ ਰੱਖਿਆ ਗਿਆ ਹੈ ਕਿਉਂਕਿ ਇਹ ਅੱਧਾ ਕੀੜਾ ਅਤੇ ਅੱਧਾ ਜੜ੍ਹੀ ਹੈ। ਚੀਨ ਅਤੇ ਤਿੱਬਤ ਵਿੱਚ, ਇਸ ਨੂੰ ਯਾਰਸ਼ਗੰਬਾ ਵੀ ਕਿਹਾ ਜਾਂਦਾ ਹੈ। ਇਸ ਫੰਗਸ ਨੂੰ ਕੱਢਣ ਦਾ ਅਧਿਕਾਰ ਸਿਰਫ਼ ਪਹਾੜੀ ਇਲਾਕੇ ਦੇ ਵਣ ਪੰਚਾਇਤ ਨਾਲ ਜੁੜੇ ਲੋਕਾਂ ਨੂੰ ਹੀ ਹੁੰਦਾ ਹੈ। 

ਹਿਮਾਲੀਅਨ ਵੀਆਗਰਾ ਦੀ ਏਸ਼ੀਆਈ ਦੇਸ਼ਾਂ ਵਿੱਚ ਬਹੁਤ ਜ਼ਿਆਦਾ ਮੰਗ ਹੈ। ਸਭ ਤੋਂ ਵੱਧ ਮੰਗ ਚੀਨ, ਸਿੰਗਾਪੁਰ ਅਤੇ ਹਾਂਗ ਕਾਂਗ ਵਿਚ ਹੈ। ਇਨ੍ਹਾਂ ਦੇਸ਼ਾਂ ਦੇ ਵਪਾਰੀ ਇਸ ਨੂੰ ਪ੍ਰਾਪਤ ਕਰਨ ਲਈ ਭਾਰਤ, ਨੇਪਾਲ ਜਾਂਦੇ ਹਨ।

ਇਕ ਏਜੰਟ ਦੁਆਰਾ ਖਰੀਦਣ 'ਤੇ, ਅੰਤਰਰਾਸ਼ਟਰੀ ਬਾਜ਼ਾਰ ਵਿਚ ਇਸਦੀ ਕੀਮਤ 20 ਲੱਖ ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਜਾਂਦੀ ਹੈ। ਇਸ ਦਾ ਏਸ਼ੀਆ ਵਿਚ ਹਰ ਸਾਲ 150 ਕਰੋੜ ਰੁਪਏ ਦਾ ਕਾਰੋਬਾਰ ਹੈ।

ਹਿਮਾਲੀਅਨ ਵੀਆਗਰਾ ਦਾ ਸਭ ਤੋਂ ਵੱਡਾ ਕਾਰੋਬਾਰ ਚੀਨ ਵਿੱਚ ਹੈ। ਇਹ ਪਿਥੌਰਾਗੜ ਤੋਂ ਕਾਠਮਾੜੂ ਭੇਜਿਆ ਜਾਂਦਾ ਹੈ। ਫਿਰ ਉੱਥੋਂ ਇਸ ਨੂੰ ਭਾਰੀ ਮਾਤਰਾ ਵਿਚ ਚੀਨ ਲਿਜਾਇਆ ਜਾਂਦਾ ਹੈ। ਪਰ ਇਸ ਸਾਲ, ਕੋਰੋਨਾ ਵਾਇਰਸ ਦੇ ਫੈਲਣ ਦੇ ਨਾਲ ਨਾਲ ਭਾਰਤ ਅਤੇ ਚੀਨ ਵਿਚਾਲੇ ਪੈਦਾ ਹੋਏ ਵਿਵਾਦ ਦੇ ਕਾਰਨ ਹਿਮਾਲੀਅਨ ਵੀਆਗਰਾ ਦਾ ਕਾਰੋਬਾਰ ਠੱਪ ਹੋ ਗਿਆ ਹੈ।

ਉਤਰਾਖੰਡ ਵਿਚ ਰਜਿਸਟਰਡ ਠੇਕੇਦਾਰ 6-8 ਲੱਖ ਰੁਪਏ ਪ੍ਰਤੀ ਕਿੱਲੋ ਤੱਕ ਹਿਮਾਲਿਆ ਵੀਆਗਰਾ ਖਰੀਦਦੇ ਹਨ ਪਰ ਇਸ ਵਾਰ ਕਿਸੇ ਨੇ ਵੀ ਇਸ ਨੂੰ ਇਕ ਲੱਖ ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵੀ ਨਹੀਂ ਖਰੀਦਿਆ। ਇਸ ਨਾਲ ਹਿਮਾਲੀਅਨ ਵੀਆਗਰਾ ਦੇ ਕਾਰੋਬਾਰ ਨੂੰ ਭਾਰੀ ਨੁਕਸਾਨ ਹੋਇਆ ਹੈ।