ਫਿਰ ਤੋਂ ਲੌਕਡਾਊਨ ਵੱਲ ਵਧ ਰਿਹਾ ਦੇਸ਼, ਅੱਜ ਤੋਂ ਇਹਨਾਂ ਸ਼ਹਿਰਾਂ ‘ਚ ਪਾਬੰਦੀਆਂ ਲਾਗੂ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਕੋਰੋਨਾ ਦੇ ਮਾਮਲੇ 9 ਲੱਖ ਤੋਂ ਪਾਰ ਪਹੁੰਚ ਚੁੱਕੇ ਹਨ ਅਤੇ ਹੁਣ ਇਕ ਵਾਰ ਫਿਰ ਤੋਂ ਲੌਕਡਾਊਨ ਦਾ ਦੌਰ ਆਉਂਦਾ ਦਿਖਾਈ ਦੇ ਰਿਹਾ ਹੈ।

Lockdown

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਦੇ ਮਾਮਲੇ 9 ਲੱਖ ਤੋਂ ਪਾਰ ਪਹੁੰਚ ਚੁੱਕੇ ਹਨ ਅਤੇ ਹੁਣ ਇਕ ਵਾਰ ਫਿਰ ਤੋਂ ਲੌਕਡਾਊਨ ਦਾ ਦੌਰ ਆਉਂਦਾ ਦਿਖਾਈ ਦੇ ਰਿਹਾ ਹੈ। ਦੇਸ਼ ਦੇ ਕਈ ਸ਼ਹਿਰਾਂ ਵਿਚ ਅੱਜ ਤੋਂ ਇਕ ਵਾਰ ਫਿਰ ਲੌਕਡਾਊਨ ਲਾਗੂ ਹੋ ਰਿਹਾ ਹੈ। ਇਹ ਸਖ਼ਤੀ ਸਾਫ ਦੱਸ ਰਹੀ ਹੈ ਕਿ ਜ਼ਿੰਦਗੀ ਦੀ ਰਫ਼ਤਾਰ ਨੂੰ ਰੋਕਣਾ ਹੀ ਕੋਰੋਨਾ ਕਾਬੂ ਕਰਨ ਦਾ ਇਕਲੌਤਾ ਰਸਤਾ ਮੰਨਿਆ ਜਾ ਰਿਹਾ ਹੈ।

ਦਰਅਸਲ ਹਰ ਰੋਜ਼ ਨਵੇਂ ਰਿਕਾਰਡ ਬਣਾ ਰਹੇ ਕੋਰੋਨਾ ਮਾਮਲਿਆਂ ਨੂੰ ਲੈ ਕੇ ਹਰ ਕੋਈ ਚਿੰਤਾ ਵਿਚ ਹੈ। ਸਰਕਾਰਾਂ ਵੱਲੋਂ ਹਾਲਾਤਾਂ ਨੂੰ ਕਾਬੂ ਰੱਖਣ ਲਈ ਸਖਤੀ ਵਰਤੀ ਜਾ ਰਹੀ ਹੈ। ਆਈਐਮਏ ਦਾ ਕਹਿਣਾ ਹੈ ਕਿ ਦੇਸ਼ ਵਿਚ ਕੋਰੋਨਾ ਵਾਇਰਸ ਕਾਰਨ ਹੁਣ ਤੱਕ 93 ਡਾਕਟਰ ਜਾਨ ਗਵਾ ਚੁੱਕੇ ਹਨ। ਵਿਸ਼ਵ ਸਿਹਤ ਸੰਗਠਨ ਅਨੁਸਾਰ ਹਾਲਾਤ ਹੋਰ ਖ਼ਰਾਬ ਹੋਣ ਦੀ ਸੰਭਾਵਨਾ ਹੈ।

ਅਜਿਹੇ ਵਿਚ ਸਵਾਲ ਇਹ ਹੈ ਕਿ ਕੀ ਅਨਲੌਕ ਨਾਲ ਹਾਲਾਤ ਵਿਗੜ ਰਹੇ ਹਨ। ਕਈ  ਥਾਵਾਂ 'ਤੇ ਫਿਰ ਤੋਂ ਸਖਤੀ ਦੀ ਲੋੜ ਮਹਿਸੂਸ ਹੋਣ ਲੱਗੀ ਹੈ। ਕਈ ਸੂਬਿਆਂ ਨੇ ਮੰਗਲਵਾਰ ਨੂੰ ਫਿਰ ਤੋਂ ਲੌਕਡਾਊਨ ਲਗਾਉਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਅਨਲੌਕ ਦੌਰਾਨ ਦਿੱਤੀਆਂ ਗਈਆਂ ਛੋਟਾਂ ਨਾਲ ਕੋਰੋਨਾ ਨੂੰ ਪੈਰ ਪਸਾਰਨ ਵਿਚ ਮਦਦ ਮਿਲ ਰਹੀ ਹੈ।

ਕੋਰੋਨਾ ਨੂੰ ਕਾਬੂ ਕਰਨ ਲਈ ਗੁਜਰਾਤ ਅਹਿਮਦਾਬਾਦ, ਵਡੋਦਰਾ, ਸੂਰਤ ਵਿਚ ਸਰਕਾਰੀ ਬੱਸਾਂ ਨੂੰ ਫਿਰ ਤੋਂ ਬੰਦ ਕਰ ਦਿੱਤਾ ਗਿਆ ਹੈ। ਗਲਾਵੀਅਰ ਵਿਚ ਇਕ ਦਿਨ ਵਿਚ 191 ਨਵੇਂ ਕੇਸ ਆਏ ਤਾਂ ਅੱਜ ਸ਼ਾਮ ਸੱਤ ਵਜੇ ਤੋਂ ਇਕ ਹਫ਼ਤੇ ਦਾ ਮੁਕੰਮਲ ਲੌਕਡਾਊਨ ਹੋ ਰਿਹਾ ਹੈ।  ਇਸ ਤੋਂ ਇਲਾਵਾ ਬੰਗਲੁਰੂ ਸਮੇਤ ਦੱਖਣੀ ਕਰਨਾਟਕ ਵਿਚ ਇਕ ਹਫ਼ਤੇ ਦਾ ਲੌਕਡਾਊਨ ਲਾਗੂ ਕੀਤਾ ਜਾ ਰਿਹਾ ਹੈ।

ਮਹਾਰਾਸ਼ਟਰ ਦੇ ਪੁਣੇ ਵਿਚ ਵੀ ਅੱਜ ਰਾਤ ਤੋਂ 10 ਦਿਨਾਂ ਦਾ ਲੌਕਡਾਊਨ ਲਾਗੂ ਕੀਤਾ ਜਾ ਰਿਹਾ ਹੈ। ਜੰਮੂ-ਕਸ਼ਮੀਰ ਦੇ ਕੁਝ ਇਲਾਕਿਆਂ ਵਿਚ ਫਿਰ ਤੋਂ ਲੌਕਡਾਊਨ ਲਾਗੂ ਕਰ ਦਿੱਤਾ ਗਿਆ ਹੈ।ਉੱਥੇ ਹੀ ਉੱਤਰ ਪ੍ਰਦੇਸ਼ ਅਤੇ ਪੰਜਾਬ ਵਿਚ ਹਰ ਸ਼ਨੀਵਾਰ ਅਤੇ ਐਤਵਾਰ ਨੂੰ ਲੌਕਡਾਊਨ ਲਾਗੂ ਰਹੇਗਾ। ਵਾਰਾਣਸੀ ਵਿਚ ਪੰਜ ਦਿਨਾਂ ਤੱਕ ਅੱਧੇ ਦਿਨ ਦਾ ਲੌਕਡਾਊਨ ਲਾਗੂ ਕੀਤਾ ਗਿਆ ਹੈ। ਪਾਬੰਦੀਆਂ ਸ਼ਾਮ ਦੇ ਚਾਰ ਵਜੇ ਤੋਂ ਬਾਅਦ ਲਾਗੂ ਹੋਣਗੀਆਂ।