ਪਛਮੀ ਬੰਗਾਲ : ਭਾਜਪਾ ਆਗੂ ਦੀ ਲਾਸ਼ ਘਰ ਲਾਗੇ ਲਟਕੀ ਮਿਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉੱਤਰੀ ਦਿਨਾਜਪੁਰ ਜ਼ਿਲ੍ਹੇ ਵਿਚ ਪਛਮੀ ਬੰਗਾਲ ਵਿਧਾਨ ਸਭਾ ਦਾ ਵਿਧਾਇਕ ਸੋਮਵਾਰ ਨੂੰ ਅਪਣੇ ਘਰ ਲਾਗੇ ਸ਼ੱਕੀ ਹਾਲਤਾਂ ਵਿਚ ਮਰਿਆ

West Bengal: BJP leader's body found hanging near house

ਕੋਲਕਾਤਾ, 13 ਜੁਲਾਈ : ਉੱਤਰੀ ਦਿਨਾਜਪੁਰ ਜ਼ਿਲ੍ਹੇ ਵਿਚ ਪਛਮੀ ਬੰਗਾਲ ਵਿਧਾਨ ਸਭਾ ਦਾ ਵਿਧਾਇਕ ਸੋਮਵਾਰ ਨੂੰ ਅਪਣੇ ਘਰ ਲਾਗੇ ਸ਼ੱਕੀ ਹਾਲਤਾਂ ਵਿਚ ਮਰਿਆ ਹੋਇਆ ਮਿਲਿਆ। ਉਸ ਦੇ ਪਰਵਾਰ ਅਤੇ ਭਾਜਪਾ ਨੇ ਉਸ ਦੀ ਹਤਿਆ ਹੋਣ ਦਾ ਦਾਅਵਾ ਕਰਦਿਆਂ ਸੱਤਾਧਿਰ ਤ੍ਰਿਣਮੂਲ ਕਾਂਗਰਸ ਨੂੰ ਜ਼ਿੰਮੇਵਾਰ ਦਸਿਆ ਹੈ। ਪੁਲਿਸ ਨੇ ਕਿਹਾ ਕਿ ਦਵਿੰਦਰ ਨਾਥ ਰੇਅ ਦੀ ਲਾਸ਼ ਜ਼ਿਲ੍ਹੇ ਦੇ ਹਮਤਾਬਾਦ ਇਲਾਕੇ ਦੇ ਬਿੰਦਲ ਪਿੰਡ ਵਿਚ ਉਸ ਦੇ ਘਰ ਲਾਗੇ ਪੈਂਦੀ ਦੁਕਾਨ ਦੇ ਬਾਹਰ ਵਰਾਂਡੇ ਦੀ ਛੱਤ ਤੋਂ ਲਟਕਦੀ ਮਿਲੀ।

ਉਸ ਦੀ ਉਮਰ ਲਗਭਗ 65 ਸਾਲ ਸੀ। ਪੁਲਿਸ ਨੇ ਕਿਹਾ ਹੈ ਕਿ ਵਿਧਾਇਕ ਦੀ ਸ਼ਰਟ ਦੀ ਜੇਬ ਵਿਚੋਂ ਸੁਸਾਇਡ ਨੋਟ ਮਿਲਿਆ ਹੈ ਜਿਸ ਵਿਚ ਉਨ੍ਹਾਂ ਅਪਣੀ ਮੌਤ ਲਈ ਦੋ ਜਣਿਆਂ ’ਤੇ ਦੋਸ਼ ਲਾਇਆ ਹੈ। ਰੇਅ ਨੇ ਪਹਿਲਾਂ ਸੀਪੀਐਮ ਦੀ ਟਿਕਟ ’ਤੇ ਵਿਧਾਨ ਸਭਾ ਚੋਣਾਂ ਵਿਚ ਜਿੱਤ ਦਰਜ ਕੀਤੀ ਸੀ ਪਰ ਪਿਛਲੇ ਸਾਲ ਲੋਕ ਸਭਾ ਚੋਣਾਂ ਮਗਰੋਂ ਉਹ ਭਾਜਪਾ ਵਿਚ ਸ਼ਾਮਲ ਹੋ ਗਏ ਸਨ ਹਾਲਾਂਕਿ ਸੀਪੀਐਮ ਦੇ ਵਿਧਾਇਕ ਵਜੋਂ ਅਸਤੀਫ਼ਾ ਨਹੀਂ ਦਿਤਾ ਸੀ। 

ਭਾਜਪਾ ਆਗੂ ਦੇ ਪਰਵਾਰ ਨੇ ਘਟਨਾ ਦੀ ਸੀਬੀਆਈ ਜਾਂਓ ਕਰਾਉਣ ਦੀ ਮੰਗ ਕਰਦਿਆਂ ਹਤਿਆ ਦਾ ਖ਼ਦਸ਼ਾ ਪ੍ਰਗਟ ਕੀਤਾ ਹੈ। ਭਾਜਪਾ ਨੇ ਕਿਹਾ ਹੈ ਕਿ ਟੀਐਮਸੀ ਦੇ ਗੁੰਡਿਆਂ ਨੇ ਭਾਜਪਾ ਆਗੂ ਦੀ ਹਤਿਆ ਕੀਤੀ ਹੈ ਅਤੇ ਦਿਨਾਜਪੁਰ ਜ਼ਿਲ੍ਹੇ ਵਿਚ ਮੰਗਲਵਾਰ ਸਵੇਰੇ ਛੇ ਵਜੇ ਤੋਂ 12 ਘੰਟਿਆਂ ਦੇ ਬੰਦ ਦਾ ਸੱਦਾ ਦਿਤਾ ਹੈ। ਭਾਜਪਾ ਪ੍ਰਧਾਨ ਜੇ ਪੀ ਨੱਡਾ ਨੇ ਇਸ ਘਟਨਾ ਨੂੰ ਸ਼ੱਕੀ ਹਤਿਆ ਕਰਾਰ ਦਿਤਾ ਅਤੇ ਦੋਸ਼ ਲਾਇਆ ਕਿ ਇਹ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਅਗਵਾਈ ਵਿਚ ਗੁੰਡਾਰਾਜ ਅਤੇ ਕਾਨੂੰਨ ਪ੍ਰਬੰਧ ਦੀ ਮਸ਼ੀਨਰੀ ਦੀ ਨਾਕਾਮੀ ਨੂੰ ਦਰਸਾਉਂਦਾ ਹੈ। ਪੁਲਿਸ ਦਾ ਕਹਿਣਾ ਹੈ ਕਿ ਪਹਿਲੀ ਨਜ਼ਰੇ ਇਹ ਖ਼ੁਦਕੁਸ਼ੀ ਦਾ ਮਾਮਲਾ ਲਗਦਾ ਹੈ। (ਏਜੰਸੀ)