ਭਾਰਤ ’ਚ Monkeypox ਦਾ ਪਹਿਲਾ ਮਾਮਲਾ, UAE ਤੋਂ ਕੇਰਲ ਪਰਤੇ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਹ ਵਿਅਕਤੀ ਵਿਦੇਸ਼ 'ਚ ਮੰਕੀਪੌਕਸ ਦੇ ਮਰੀਜ਼ ਦੇ ਸੰਪਰਕ 'ਚ ਆਇਆ ਸੀ।

India reports 1st case of monkeypox in Kerala


ਨਵੀਂ ਦਿੱਲੀ: ਭਾਰਤ ਵਿਚ ਮੰਕੀਪੌਕਸ ਦੇ ਪਹਿਲੇ ਕੇਸ ਦੀ ਪੁਸ਼ਟੀ ਹੋਈ ਹੈ। ਮਰੀਜ਼ ਤਿੰਨ ਦਿਨ ਪਹਿਲਾਂ ਸੰਯੁਕਤ ਅਰਬ ਅਮੀਰਾਤ (ਯੂਏਈ) ਤੋਂ ਕੇਰਲ ਦੇ ਕੋਲਮ ਪਹੁੰਚਿਆ ਸੀ। ਵੀਰਵਾਰ ਨੂੰ ਕੇਰਲ ਦੇ ਸਿਹਤ ਮੰਤਰੀ ਵੀਨਾ ਜਾਰਜ ਨੇ ਦੱਸਿਆ ਕਿ ਮਰੀਜ਼ ਨੂੰ ਤੇਜ਼ ਬੁਖਾਰ ਅਤੇ ਸਰੀਰ 'ਤੇ ਛਾਲੇ ਵਰਗੇ ਲੱਛਣ ਸਨ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਫਿਲਹਾਲ ਉਹ ਖਤਰੇ ਤੋਂ ਬਾਹਰ ਹੈ।

Monkeypox

ਜਾਰਜ ਨੇ ਦੱਸਿਆ ਕਿ ਇਹ ਵਿਅਕਤੀ ਵਿਦੇਸ਼ 'ਚ ਮੰਕੀਪੌਕਸ ਦੇ ਮਰੀਜ਼ ਦੇ ਸੰਪਰਕ 'ਚ ਸੀ। ਇਸ ਦੇ ਨਾਲ ਹੀ ਮਰੀਜ਼ ਦੇ ਸੰਪਰਕ ਵਿਚ ਆਏ 11 ਯਾਤਰੀਆਂ, ਜਿਨ੍ਹਾਂ ਵਿਚ ਉਸ ਦੇ ਮਾਤਾ-ਪਿਤਾ, ਟੈਕਸੀ ਡਰਾਈਵਰ, ਆਟੋ ਡਰਾਈਵਰ ਸ਼ਾਮਲ ਹਨ, ਦੀ ਵੀ ਜਾਂਚ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਪੱਛਮੀ ਬੰਗਾਲ ਦੇ ਕੋਲਕਾਤਾ ਵਿਚ ਵੀ ਮੰਕੀਪੌਕਸ ਦਾ ਇਕ ਸ਼ੱਕੀ ਮਾਮਲਾ ਸਾਹਮਣੇ ਆਇਆ ਸੀ। ਹਾਲਾਂਕਿ ਬਾਅਦ 'ਚ ਉਸ ਦੀ ਜਾਂਚ ਰਿਪੋਰਟ ਨੈਗੇਟਿਵ ਆਈ।

Monkeypox

ਦੁਨੀਆ ਵਿਚ ਮੰਕੀਪੌਕਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇਸ ਦੇ ਮੱਦੇਨਜ਼ਰ ਭਾਰਤ ਸਰਕਾਰ ਵੀ ਐਕਸ਼ਨ ਮੋਡ ਵਿਚ ਆ ਗਈ ਹੈ। ਵੀਰਵਾਰ ਨੂੰ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਪੱਤਰ ਲਿਖ ਕੇ ਮੰਕੀਪੌਕਸ ਖਿਲਾਫ ਚੌਕਸ ਰਹਿਣ ਅਤੇ ਸਿਹਤ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਹੈ। ਸਰਕਾਰ ਨੇ ਸੂਬਿਆਂ ਨੂੰ ਪ੍ਰਵੇਸ਼ ਪੁਆਇੰਟਾਂ ਯਾਨੀ ਯਾਤਰੀਆਂ ਦੇ ਆਉਣ ਵਾਲੇ ਸਥਾਨਾਂ 'ਤੇ ਚੌਕਸੀ ਵਧਾਉਣ ਦੇ ਨਿਰਦੇਸ਼ ਦਿੱਤੇ ਹਨ। ਨਿਗਰਾਨ ਟੀਮ ਤੋਂ ਲੈ ਕੇ ਡਾਕਟਰਾਂ ਤੱਕ ਸਭ ਨੂੰ ਇੱਥੇ ਤਾਇਨਾਤ ਕੀਤਾ ਜਾਵੇਗਾ।

Monkeypox

ਸਿਹਤ ਮੰਤਰਾਲੇ ਨੇ ਸੂਬਿਆਂ ਨੂੰ ਮੰਕੀਪੌਕਸ ਲਈ ਵੱਖਰੇ ਹਸਪਤਾਲ ਨਿਰਧਾਰਤ ਕਰਨ ਲਈ ਕਿਹਾ ਹੈ। ਇੱਥੇ ਬਿਮਾਰੀ ਦੌਰਾਨ ਮਰੀਜ਼ਾਂ ਨੂੰ ਆਈਸੋਲੇਟ ਕਰਨ ਅਤੇ ਇਲਾਜ ਲਈ ਪ੍ਰਬੰਧ ਕੀਤੇ ਜਾਣਗੇ। Monkeypoxmeter.com ਦੇ ਅੰਕੜਿਆਂ ਅਨੁਸਾਰ ਹੁਣ ਤੱਕ 73 ਦੇਸ਼ਾਂ ਵਿਚ 10,884 ਮਰੀਜ਼ਾਂ ਦੀ ਪੁਸ਼ਟੀ ਹੋ ​​ਚੁੱਕੀ ਹੈ। ਇਹਨਾਂ ਵਿਚੋਂ ਯੂਰਪ ਵਿਚ ਸਭ ਤੋਂ ਵੱਧ 8,816 ਲੋਕ ਮੰਕੀਪੌਕਸ ਤੋਂ ਪ੍ਰਭਾਵਿਤ ਹੋਏ ਹਨ। ਇਸ ਦੇ ਨਾਲ ਹੀ ਬਿਮਾਰੀ ਤੋਂ ਪ੍ਰਭਾਵਿਤ ਚੋਟੀ ਦੇ 10 ਦੇਸ਼ਾਂ ਵਿਚ ਬ੍ਰਿਟੇਨ, ਸਪੇਨ, ਅਮਰੀਕਾ, ਜਰਮਨੀ, ਫਰਾਂਸ, ਪੁਰਤਗਾਲ, ਕੈਨੇਡਾ, ਨੀਦਰਲੈਂਡ, ਇਟਲੀ ਅਤੇ ਬੈਲਜੀਅਮ ਸ਼ਾਮਲ ਹਨ। ਮੰਕੀਪੌਕਸ ਨੇ ਇਸ ਸਾਲ ਤਿੰਨ ਲੋਕਾਂ ਦੀ ਜਾਨ ਲੈ ਲਈ ਹੈ।