ਹਿਮਾਚਲ 'ਚ ਦੋ ਵੱਖ-ਵੱਖ ਸੜਕ ਹਾਦਸਿਆਂ 'ਚ 6 ਮੌਤਾਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਮਾਨਸੂਨ ਦੇ ਮੌਸਮ ਵਿਚ ਸੂਬੇ ਵਿਚ ਹੁਣ ਤੱਕ ਸੜਕ ਹਾਦਸਿਆਂ ਵਿਚ 32 ਲੋਕਾਂ ਦੀ ਮੌਤ ਹੋ ਚੁੱਕੀ ਹੈ।

Road Accident

 

ਮੰਡੀ/ਸ਼ਿਮਲਾ - ਹਿਮਾਚਲ ਪ੍ਰਦੇਸ਼ ਵਿਚ ਦੋ ਵੱਖ-ਵੱਖ ਸੜਕ ਹਾਦਸਿਆਂ ਵਿਚ ਛੇ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ। ਪੁਲਿਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।ਪੁਲਿਸ ਨੇ ਦੱਸਿਆ ਕਿ ਵੀਰਵਾਰ ਦੇਰ ਰਾਤ ਮੰਡੀ ਜ਼ਿਲ੍ਹੇ ਦੇ ਸੁੰਦਰਨਗਰ-ਕਰਸੋਗ ਰੋਡ 'ਤੇ ਖੁਸ਼ਲਾ ਨੇੜੇ ਇਕ ਡੂੰਘੀ ਖੱਡ 'ਚ ਡਿੱਗਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਜ਼ਖਮੀ ਹੋ ਗਏ। 

ਗੱਡੀ 'ਚ ਸਵਾਰ ਲੋਕ ਕਮਰੁਨਾਗ ਮੰਦਰ ਦੇ ਦਰਸ਼ਨ ਕਰ ਕੇ ਘਰ ਪਰਤ ਰਹੇ ਸਨ।ਪੁਲਿਸ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਡਰਾਈਵਰ ਨੇ ਵਾਹਨ 'ਤੇ ਕੰਟਰੋਲ ਗੁਆ ਦਿੱਤਾ। ਡਰਾਈਵਰ ਵੀ ਜ਼ਖਮੀ ਹੋ ਗਿਆ ਪਰ ਉਹ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕਾਂ ਦੀ ਪਛਾਣ ਲਾਲਾ ਰਾਮ (50), ਰੂਪ ਲਾਲ (55), ਸੁਨੀਲ ਕੁਮਾਰ (35), ਗੋਬਿੰਦ ਰਾਮ (60) ਅਤੇ ਮੋਹਨਾ (55) ਵਾਸੀ ਸੁੰਦਰਨਗਰ ਵਜੋਂ ਹੋਈ ਹੈ।

ਵੀਰਵਾਰ ਰਾਤ ਨੂੰ ਇੱਕ ਹੋਰ ਹਾਦਸੇ ਵਿੱਚ ਸ਼ਿਮਲਾ ਜ਼ਿਲ੍ਹੇ ਦੀ ਕੁਮਾਰਸੈਨ ਤਹਿਸੀਲ ਵਿੱਚ ਕੁਮਾਰਸੈਨ-ਕੀਰਤੀ ਲਿੰਕ ਸੜਕ ’ਤੇ ਰਾਕੇਸ਼ ਕੁਮਾਰ (32) ਦੀ ਗੱਡੀ ਖੱਡ ਵਿਚ ਡਿੱਗਣ ਕਾਰਨ ਮੌਤ ਹੋ ਗਈ। ਇਸ ਮਾਨਸੂਨ ਦੇ ਮੌਸਮ ਵਿਚ ਸੂਬੇ ਵਿਚ ਹੁਣ ਤੱਕ ਸੜਕ ਹਾਦਸਿਆਂ ਵਿਚ 32 ਲੋਕਾਂ ਦੀ ਮੌਤ ਹੋ ਚੁੱਕੀ ਹੈ।