ਪਾਕਿਸਤਾਨੀ ਨਾਗਰਿਕ ਸੀਮਾ ਹੈਦਰ ਦੇ ਘਰ ਨਾ ਪਰਤਣ 'ਤੇ ਮਿਲੀ ਭਾਰਤ 'ਚ 26/11 ਵਰਗੇ ਅਤਿਵਾਦੀ ਹਮਲੇ ਦੀ ਧਮਕੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਇਸ ਲਈ ਉੱਤਰ ਪ੍ਰਦੇਸ਼ ਸਰਕਾਰ ਜ਼ਿੰਮੇਵਾਰ ਹੋਵੇਗੀ

Sachin Meena (L) and Seema Haider

ਮੁੰਬਈ : ਮੁੰਬਈ ਪੁਲਿਸ ਦੇ ਟ੍ਰੈਫਿਕ ਕੰਟਰੋਲ ਰੂਮ ਨੂੰ ਇਕ ਅਣਪਛਾਤੇ ਵਿਅਕਤੀ ਦਾ ਫ਼ੋਨ ਆਇਆ ਜਿਸ ਵਿਚ ਧਮਕੀ ਦਿਤੀ ਗਈ ਸੀ ਕਿ ਜੇਕਰ ਪਾਕਿਸਤਾਨੀ ਔਰਤ ਸੀਮਾ ਹੈਦਰ ਅਪਣੇ ਵਤਨ ਵਾਪਸ ਨਾ ਆਈ ਤਾਂ ਭਾਰਤ ਵਿਚ 26/11 ਵਰਗਾ ਅਤਿਵਾਦੀ ਹਮਲਾ ਹੋ ਸਕਦਾ ਹੈ। ਇਕ ਪੁਲਸ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿਤੀ।

ਅਧਿਕਾਰੀ ਮੁਤਾਬਕ ਫ਼ੋਨ ਕਰਨ ਵਾਲਾ ਉਰਦੂ 'ਚ ਗੱਲ ਕਰ ਰਿਹਾ ਸੀ ਅਤੇ ਉਸ ਨੇ ਕਿਹਾ ਕਿ ਜੇਕਰ ਸੀਮਾ ਹੈਦਰ ਪਾਕਿਸਤਾਨ ਨਾ ਪਰਤੀ ਤਾਂ ਭਾਰਤ 'ਚ 26/11 ਦੇ ਮੁੰਬਈ ਹਮਲੇ ਵਾਂਗ ਅਤਿਵਾਦੀ ਹਮਲਾ ਹੋਵੇਗਾ, ਜਿਸ ਲਈ ਉੱਤਰ ਪ੍ਰਦੇਸ਼ ਸਰਕਾਰ ਜ਼ਿੰਮੇਵਾਰ ਹੋਵੇਗੀ।

ਅਧਿਕਾਰੀ ਨੇ ਕਿਹਾ ਕਿ ਮੁੰਬਈ ਪੁਲਿਸ ਧਮਕੀ ਕਾਲ ਦੀ ਜਾਂਚ ਕਰ ਰਹੀ ਹੈ ਅਤੇ ਮਾਮਲੇ ਦੀ ਜਾਂਚ ਲਈ ਅਪਰਾਧ ਸ਼ਾਖਾ ਦੀ ਟੀਮ ਦੀ ਮਦਦ ਵੀ ਲਈ ਜਾ ਰਹੀ ਹੈ। ਅਧਿਕਾਰੀ ਮੁਤਾਬਕ ਧਮਕੀ ਭਰੀ ਫ਼ੋਨ ਕਾਲ ਇਕ ਐਪ ਰਾਹੀਂ ਕੀਤੀ ਗਈ ਸੀ ਅਤੇ ਪੁਲਿਸ ਕਾਲ ਕਰਨ ਵਾਲੇ ਦੇ ਆਈ.ਪੀ. ਐਡਰੈੱਸ ਨੂੰ ਟਰੇਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਇਹ ਵੀ ਪੜ੍ਹੋ: ਭਾਰਤ ਦੀ ਯੂ.ਪੀ.ਆਈ. ਭੁਗਤਾਨ ਪ੍ਰਣਾਲੀ ਦਾ ਫ਼ਰਾਂਸ ’ਚ ਪ੍ਰਯੋਗ ਕਰਨ ’ਤੇ ਸਹਿਮਤੀ ਬਣੀ : ਪ੍ਰਧਾਨ ਮੰਤਰੀ ਮੋਦੀ 

ਪਾਕਿਸਤਾਨੀ ਨਾਗਰਿਕ ਸੀਮਾ ਹੈਦਰ ਹਾਲ ਹੀ 'ਚ ਗ੍ਰੇਟਰ ਨੋਇਡਾ ਦੇ ਰਹਿਣ ਵਾਲੇ ਅਪਣੇ ਪ੍ਰੇਮੀ ਸਚਿਨ ਮੀਨਾ ਨਾਲ ਵਿਆਹ ਕਰਨ ਲਈ ਗ਼ੈਰ-ਕਾਨੂੰਨੀ ਤਰੀਕੇ ਨਾਲ ਭਾਰਤ 'ਚ ਦਾਖ਼ਲ ਹੋਈ ਸੀ। ਆਨਲਾਈਨ ਗੇਮ PUBG ਖੇਡਦੇ ਸਮੇਂ ਦੋਵਾਂ ਦੀ ਦੋਸਤੀ ਹੋ ਗਈ ਸੀ। ਪੁਲਿਸ ਨੇ ਸੀਮਾ ਹੈਦਰ (30) ਅਤੇ ਸਚਿਨ ਮੀਨਾ (25) ਨੂੰ ਭਾਰਤ ਵਿਚ ਗੈਰ-ਕਾਨੂੰਨੀ ਤੌਰ 'ਤੇ ਰਹਿਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ, ਪਰ ਪਿਛਲੇ ਹਫਤੇ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਦੀ ਇਕ ਅਦਾਲਤ ਨੇ ਉਨ੍ਹਾਂ ਨੂੰ ਜ਼ਮਾਨਤ ਦੇ ਦਿਤੀ ਸੀ।

ਸਚਿਨ ਅਤੇ ਸੀਮਾ ਨੇ 4 ਜੁਲਾਈ ਨੂੰ ਮੀਡੀਆ ਅਤੇ ਪੁਲਿਸ ਦੇ ਸਾਹਮਣੇ ਇਕ ਦੂਜੇ ਲਈ ਅਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ ਅਤੇ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਉਨ੍ਹਾਂ ਨੂੰ ਭਾਰਤ ਵਿਚ ਵਿਆਹ ਕਰਨ ਅਤੇ ਇਕੱਠੇ ਰਹਿਣ ਦੀ ਇਜਾਜ਼ਤ ਦਿਤੀ ਜਾਵੇ।