ਦਿੱਲੀ ’ਚ ਯਮੁਨਾ ਦਾ ਪਾਣੀ ਘਟਿਆ, ਮੀਂਹ ਨੇ ਵਧਾਈ ਲੋਕਾਂ ਦੀ ਪ੍ਰੇਸ਼ਾਨੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਰੈਗੂਲੇਟਰ ਨੂੰ ਨੁਕਸਾਨ ਪੁੱਜਣ ਕਾਰਨ ਆਈ.ਟੀ.ਓ., ਰਾਜਘਾਟ ਅਤੇ ਨੇੜਲੇ ਇਲਾਕਿਆਂ ’ਚ ਵੀ ਪਾਣੀ ਭਰ ਗਿਆ

photo

 

ਸੁਪਰੀਮ ਕੋਰਟ ਤਕ ਵੀ ਪੁੱਜਾ ਪਾਣੀ, ਆਵਾਜਾਈ ਵੀ ਪ੍ਰਭਾਵਤ ਹੋਈ
ਯਮੁਨਾ ਨਦੀ ’ਤੇ ਮੈਟਰੋ ਦੇ ਪੰਜਵੇਂ ਪੁਲ ਦੀ ਉਸਾਰੀ ਦਾ ਕੰਮ ਰੁਕਿਆ


ਨਵੀਂ ਦਿੱਲੀ: ਯਮੁਨਾ ਨਦੀ ’ਚ ਤਿੰਨ ਦਿਨ ਪਹਿਲਾਂ 45 ਸਾਲਾਂ ਦਾ ਰੀਕਾਰਡ ਤੋੜਨ ਤੋਂ ਬਾਅਦ ਪਾਣੀ ਦਾ ਪੱਧਰ ਸ਼ੁਕਰਵਾਰ ਨੂੰ ਸਵੇਰੇ 11 ਵਜੇ ਘੱਟ ਹੋ ਕੇ 208.35 ਮੀਟਰ ’ਤੇ ਆ ਗਿਆ ਹੈ। ਹਾਲਾਂਕਿ ਦਿੱਲੀ ਦੇ ਕਈ ਅਹਿਮ ਇਲਾਕੇ ਅਜੇ ਵੀ ਪਾਣੀ ’ਚ ਡੁੱਬੇ ਹੋਏ ਹਨ।
 

ਉਧਰ ਦਿੱਲੀ ਦੇ ਕੁਝ ਹਿੱਸਿਆਂ ’ਚ ਦੁਪਹਿਰ ਸਮੇਂ ਹਲਕਾ ਮੀਂਹ ਵੀ ਪਿਆ, ਜਿਸ ਨਾਲ ਲੋਕਾਂ ਦੀਆਂ ਪ੍ਰੇਸ਼ਾਨੀਆਂ ਵਧ ਗਈਆਂ ਕਿਉਂਕਿ ਸ਼ਹਿਰ ’ਚ ਯਮੁਨਾ ਨਦੀ ਉਫ਼ਾਨ ’ਤੇ ਹੋਣ ਕਾਰਨ ਪਹਿਲਾਂ ਹੀ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਲਕਸ਼ਮੀ ਨਗਰ ਅਤੇ ਪੂਰਬੀ ਦਿੱਲੀ ਦੇ ਕੁਝ ਇਲਾਕਿਆਂ ’ਚ ਮੀਂਹ ਪਿਆ। ਲੁਟਿਅੰਸ ਦਿੱਲੀ ਸਮੇਤ ਹੋਰ ਇਲਾਕਿਆਂ ’ਚ ਕਿਣਮਿਣ ਹੋਈ। ਭਾਰਤ ਮੌਸਮ ਵਿਭਾਗ ਨੇ ਦਿੱਲੀ ’ਚ ਆਮ ਤੌਰ ’ਤੇ ਬੱਦਲ ਛਾਏ ਰਹਿਣ ਅਤੇ ਹਲਕਾ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਸ਼ਹਿਰ ’ਚ ਵੱਧ ਤੋਂ ਵੱਧ ਤਾਪਮਾਨ ਦੇ 34  ਡਿਗਰੀ ਦੇ ਨੇੜੇ-ਤੇੜੇ ਰਹਿਣ ਦੀ ਸੰਭਾਵਨਾ ਹੈ।
 

ਇਸ ਤੋਂ ਪਹਿਲਾਂ ਅੱਜ ਉਫ਼ਾਨ ’ਤੇ ਵਹਿ ਰਹੀ ਯਮੁਨਾ ਨਦੀ ਦਾ ਪਾਣੀ ਸ਼ੁਕਰਵਾਰ ਨੂੰ ਮੱਧ ਦਿੱਲੀ ’ਚ ਸੁਪਰੀਮ ਕੋਰਟ ਦੇ ਦਰਵਾਜ਼ੇ ਤਕ ਪਹੁੰਚ ਗਿਆ, ਜਦਕਿ ਦਿੱਲੀ ਸਿੰਜਾਈ ਅਤੇ ਹੜ੍ਹ ਕੰਟਰੋਲ ਵਿਭਾਗ ਦੇ ਰੈਗੂਲੇਟਰ ਨੂੰ ਨੁਕਸਾਨ ਪੁੱਜਣ ਕਾਰਨ ਭੀੜ-ਭੜੱਕੇ ਵਾਲੇ ਆਈ.ਟੀ.ਓ. ਚੌਕ ਅਤੇ ਰਾਜਘਾਟ ਵੀ ਪਾਣੀ ’ਚ ਡੁੱਬ ਗਏ। ਜਿਸ ਨਾਲ ਹਾਲਾਤ ਹੋਰ ਬਦਤਰ ਹੋ ਗਏ।
 

ਭਾਵੇਂ ਯਮੁਨਾ ’ਚ ਪਾਣੀ ਦਾ ਪੱਧਰ ਘਟ ਗਿਆ ਪਰ ਇੰਦਰਪ੍ਰਸਥ ਦੇ ਨੇੜੇ ਰੈਗੂਲੇਟਰ ਨੂੰ ਨੁਕਸਾਨ ਪੁੱਜਣ ਕਾਰਨ ਆਈ.ਟੀ.ਓ. ਅਤੇ ਨੇੜਲੇ ਇਲਾਕਿਆਂ ’ਚ ਪਾਣੀ ਭਰ ਗਿਆ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮਾਲੀਆ ਮੰਤਰੀ ਆਤਿਸ਼ੀ ਨੇ ਮੁੱਖ ਸਕੱਤਰ ਨੂੰ ਰੈਗੂਲੇਟਰ ਨੂੰ ਨੁਕਸਾਨ ਪਹੁੰਚਾਉਣ ਕਾਰਨ ਦਿੱਲੀ ’ਚ ਹੜ੍ਹ ਆਉਣ ਦਾ ਖ਼ਤਰਾ ਵੇਖਦਿਆਂ ਕੌਮੀ ਬਿਪਤਾ ਰੋਕੂ ਫ਼ੋਰਸ (ਐਨ.ਡੀ.ਆਰ.ਐਫ਼.) ਅਤੇ ਫ਼ੌਜ ਦੀ ਮਦਦ ਮੰਗਣ ਦੇ ਹੁਕਮ ਦਿਤੇ ਹਨ। ਦਿੱਲੀ ਦੇ ਉਪ ਰਾਜਪਾਲ ਵੀ.ਕੇ. ਸਕਸੇਨਾ ਅਤੇ ਕੇਜਰੀਵਾਲ ਨੇ ਨੁਕਸਾਨੇ ਰੈਗੂਲੇਟਰ ਦੀ ਮੁਰੰਮਤ ਦੇ ਕੰਮ ਦਾ ਜਾਇਜ਼ਾ ਲਿਆ। ਕੇਜਰੀਵਾਲ ਨੇ ਕਿਹਾ ਕਿ ਯਮੁਨਾ ਨਦੀ ਤੋਂ ਪਾਣੀ ਦਾ ਪ੍ਰਵਾਹ ਏਨਾ ਤੇਜ਼ ਸੀ ਕਿ ਇਸ ਨੇ ਰੈਗੂਲੇਟਰ ਨੂੰ ਨੁਕਸਾਨ ਪਹੁੰਚਾਇਆ ਅਤ ਪਾਣੀ ਸ਼ਹਿਰ ’ਚ ਵੜ ਗਿਆ।
 

ਆਤਿਸ਼ੀ ਨੇ ਇਕ ਬਿਆਨ ’ਚ ਕਿਹਾ ਕਿ ਸਿੰਜਾਈ ਅਤੇ ਹੜ੍ਹ ਕੰਟਰੋਲ ਦਲ ਨਾਲੇ ’ਤੇ ਵੱਟ ਬਣਾ ਰਿਹਾ ਹੈ ਪਰ ਪਾਣੀ ਅਜੇ ਵੀ ਸ਼ਹਿਰ ’ਚ ਦਾਖ਼ਲ ਹੋ ਰਿਹਾ ਹੈ।
 

ਦਿੱਲੀ ਦੇ ਵਿਚਕਾਰ ਸਥਿਤ ਆਈ.ਟੀ.ਓ. ਚੌਕ ਅਤੇ ਰਾਜਘਾਟ ਦੇ ਪਾਣੀ ’ਚ ਡੁੱਬਣ ਕਾਰਨ ਗੱਡੀਆਂ ਦੀ ਆਵਾਜਾਈ ਵੀ ਪ੍ਰਭਾਵਤ ਹੋਈ ਅਤੇ ਲੋਕ ਕਈ ਘੰਟਿਆਂ ਤਕ ਜਾਮ ’ਚ ਫਸੇ ਰਹੇ। ਦਿੱਲੀ ਆਵਾਜਾਈ ਪੁਲਿਸ ਨੇ ਸ਼ਹਿਰ ਦੇ ਕਈ ਹਿੱਸਿਆਂ ’ਚ ਹੜ੍ਹਾਂ ਵਰਗੀ ਸਥਿਤੀ ਪੈਦਾ ਹੋਣ ਦੇ ਮੱਦੇਨਜ਼ਰ ਲੋਕਾਂ ਨੂੰ ਸੋਚ-ਸਮਝ ਕੇ ਸਫ਼ਰ ਕਰਨ ਨੂੰ ਕਿਹਾ।
 

ਯਮੁਨਾ ’ਤੇ ਕੈਂਟੀਲਿਵਰ ਉਸਾਰੀ ਤਨੀਕ ਦਾ ਪ੍ਰਯੋਗ ਕਰ ਕੇ ਬਣਾਏ ਜਾ ਰਹੇ ਪਹਿਲੇ 560 ਮੀਟਰ ਲੰਮੇ ਮੈਟਰੋ ਪੁਲ ਦੀ ਉਸਾਰੀ ਦਾ ਕੰਮ ਨਦੀ ਦੇ ਪਾਣੀ ਦਾ ਪੱਧਰ ਵਧਣ ਕਾਰਨ ਰੋਕ ਦਿਤਾ ਗਿਆ। ਇਕ ਅਧਿਕਾਰੀ ਨੇ ਕਿਹਾ ਕਿ ਦਿੱਲੀ ਮੈਟਰੋ ਦੇ ਅਜੇ ਯਮੁਨਾ ’ਤੇ ਚਾਰ ਪੁਲ ਹਨ ਅਤੇ ਨਦੀ ’ਚ ਪਾਣੀ ਦਾ ਪੱਧਰ ਵਧਣ ਕਾਰਨ ਇਨ੍ਹਾਂ ਪੁਲਾਂ ’ਤੇ ਮੈਟਰੋ ਰੇਲ 30 ਕਿਲੋਮੀਟਰ ਪ੍ਰਤੀ ਘੰਟੇ ਦੀ ਹੌਲੀ ਰਫ਼ਤਾਰ ਨਾਲ ਚਲ ਰਹੀ ਹੈ।
 

ਕੇਂਦਰੀ ਜਲ ਕਮਿਸ਼ਨ (ਸੀ.ਡਬਿਲਊ.ਸੀ.) ਦੇ ਅੰਕੜਿਆਂ ਅਨੁਸਾਰ ਸ਼ੁਕਰਵਾਰ ਨੂੰ ਪਾਣੀ ਦਾ ਪੱਧਰ 208.57 ਮੀਟਰ ’ਤੇ ਸੀ। ਸਵੇਰੇ ਪੰਜ ਵਜੇ ਇਸ ’ਚ ਮਾਮੂਲੀ ਕਮੀ ਵਏਖੀ ਗਈ ਅਤੇ ਇਹ 208.48 ਮੀਟਰ ਦਰਜ ਕੀਤਾ ਗਿਆ। ਯਮੁਨਾ ’ਚ ਪਾਣੀ ਦਾ ਪੱਧਰ ਸਵੇਰੇ 8 ਵਜੇ 208.42 ਮੀਟਰ, ਸਵੇਰੇ 10 ਵਜੇ 208.38 ਮੀਟਰ ਅਤੇ ਸਵੇਰੇ 11 ਵਜੇ 208.35 ਮੀਟਰ ਦਰਜ ਕੀਤਾ ਗਿਆ। 

ਦਿੱਲੀ ’ਚ ਹੜ੍ਹ ਕਾਰਨ ਮੌਤ ਦੀ ਪਹਿਲੀ ਘਟਨਾ, ਤਿੰਨ ਮੁੰਡੇ ਡੁੱਬੇ
ਉੱਤਰ ਪਛਮੀ ਦਿੱਲੀ ਦੇ ਮੁਕੁੰਦਪੁਰ ਇਲਾਕੇ ’ਚ ਸ਼ੁਕਰਵਾਰ ਨੂੰ ਹੜ੍ਹ ਦੇ ਪਾਣੀ ’ਚ ਨਹਾਉਂਦੇ ਸਮੇਂ ਤਿੰਨ ਮੁੰਡੇ ਡੁੱਬ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ ਹਾਦਸੇ ਦੇ ਸਿਕਾਰ ਤਿੰਨੇ ਮੁੰਡੇ ਉੱਤਰ-ਪੂਰਬੀ ਦਿੱਲੀ ਦੇ ਜਹਾਂਗੀਰਪੁਰੀ ਇਲਾਕੇ ਦੇ ਰਹਿਣ ਵਾਲੇ ਸਨ ਅਤੇ ਉਨ੍ਹਾਂ ਦੀ ਉਮਰ 10 ਤੋਂ 12 ਸਾਲਾਂ ਵਿਚਕਾਰ ਸੀ। ਮ੍ਰਿਤਕਾਂ ਦੀ ਪਛਾੜ ਜਹਾਂਗੀਰਪੁਰੀ ਵਾਸੀ ਨਿਖਿਲ (10), ਪੀਯੂਸ਼ (13) ਅਤੇ ਆਸ਼ੀਸ਼ (13) ਵਜੋਂ ਕੀਤੀ ਗਈ ਹੈ। ਘਟਨਾ ਦੀ ਸੂਚਨਾ ਦੁਪਹਿਰ 2:35 ਵਜੇ ਮਿਲੀ, ਜਿਸ ਤੋਂ ਬਾਅਦ ਅੱਗਬੁਝਾਊ ਮੁਲਾਜ਼ਮ ਤੁਰਤ ਮੌਕੇ ’ਤੇ ਪੁੱਜ ਗਏ। ਦਿੱਲੀ ’ਚ ਹੜ੍ਹਾਂ ਨਾਲ ਸਬੰਧਤ ਘਟਨਾਵਾਂ ’ਚ ਮੌਤ ਦਾ ਇਹ ਪਹਿਲਾ ਮਾਮਲਾ ਹੈ।