ਮੋਦੀ ਸਰਕਾਰ ਨੇ ਭਗਤ ਸਿੰਘ ਦਾ ਨਾਂ ਖ਼ਤਮ ਕਰਨ ਦੀ ਰਚੀ ਸਾਜ਼ਸ਼'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਦੀ ਅਜ਼ਾਦੀ ਦੇ ਸੰਘਰਸ਼ ਦੇ ਮੋਹਰੀ ਪਰਵਾਰਾਂ ਵਿਚ ਸ਼ੁਮਾਰ ਸ਼ਹੀਦ ਭਗਤ ਸਿੰਘ ਦੇ ਪਰਵਾਰ ਨੂੰ ਆਜ਼ਾਦ ਭਾਰਤ ਦੀਆਂ ਸਰਕਾਰਾਂ ਨਾਲ ਰੰਜ ਹੈ ਪਰ ਸਭ ਤੋਂ ਵੱਧ ਠੇਸ ਉਨ੍ਹਾਂ ਨੂੰ

Shaheed Bhagat Singh

ਚੰਡੀਗੜ੍ਹ, 13 ਅਗੱਸਤ (ਨੀਲ ਭਲਿੰਦਰ ਸਿੰਘ):  ਭਾਰਤ ਦੀ ਅਜ਼ਾਦੀ ਦੇ ਸੰਘਰਸ਼ ਦੇ ਮੋਹਰੀ ਪਰਵਾਰਾਂ ਵਿਚ ਸ਼ੁਮਾਰ ਸ਼ਹੀਦ ਭਗਤ ਸਿੰਘ ਦੇ ਪਰਵਾਰ ਨੂੰ ਆਜ਼ਾਦ ਭਾਰਤ ਦੀਆਂ ਸਰਕਾਰਾਂ ਨਾਲ ਰੰਜ ਹੈ ਪਰ ਸਭ ਤੋਂ ਵੱਧ ਠੇਸ ਉਨ੍ਹਾਂ ਨੂੰ ਮੌਜੂਦਾ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਨਰਿੰਦਰ ਮੋਦੀ ਸਰਕਾਰ ਵਲੋਂ ਪਹੁੰਚਾਈ ਗਈ ਪ੍ਰਤੀਤ ਹੋ ਰਹੀ ਹੈ। ਆਜ਼ਾਦੀ ਦਿਹਾੜੇ ਨੇੜੇ ਸ਼ਹੀਦ ਭਗਤ ਸਿੰਘ ਦੇ ਭਤੀਜੇ ਅਭੇ ਸਿੰਘ ਸੰਧੂ ਨੇ 'ਸਪੋਕਸਮੈਨ ਟੀਵੀ' ਨਾਲ ਇਕ ਬੇਬਾਕ ਇੰਟਰਵਿਊ ਦਿੰਦਿਆਂ ਦੋਸ਼ ਲਾਇਆ ਹੈ ਕਿ ਮੌਜੂਦਾ ਭਾਜਪਾ ਸਰਕਾਰ ਨੇ ਭਗਤ ਸਿੰਘ ਦੇ ਨਾਂ ਨੂੰ ਹੀ ਖ਼ਤਮ ਕਰਨ ਦੀ ਸਾਜਿਸ਼ ਰਚੀ ਹੈ।

ਉਹ ਇਥੇ ਹੀ ਨਹੀਂ ਰੁਕੇ ਉਨ੍ਹਾਂ ਹੁਣ ਤਕ ਰਹੀਆਂ ਸਾਰੀਆਂ ਸਰਕਾਰਾਂ ਨੂੰ ਵੀ ਨਿਸ਼ਾਨੇ ਉਤੇ ਲੈਂਦੇ ਹੋਏ ਸਿੱਧਾ ਸਵਾਲ ਕੀਤਾ ਕਿ ਦੇਸ਼ ਦੀ ਅਜ਼ਾਦੀ ਦੀ ਲੜਾਈ ਚ ਆਪਣੀਆਂ ਜਾਨਾਂ ਵਾਰਨ ਵਾਲੇ ਕਿਸੇ ਵੀ ਧਰਮ, ਜਾਤੀ, ਫਿਰਕੇ ਆਦਿ ਨਾਲ ਸਬੰਧਤ ਯੋਧੇ ਨੂੰ ਆਜ਼ਾਦ ਭਾਰਤ ਦੀ ਕੋਈ ਵੀ ਸਰਕਾਰ ਹੁਣ ਤੱਕ ਕੌਮੀ ਸ਼ਹੀਦਾਂ ਦੀ ਕਿਸੇ ਸੂਚੀ ਚ ਵੀ ਸ਼ਾਮਿਲ ਨਹੀਂ ਕਰ ਸਕੀ ਜਦਕਿ ਮਹਾਤਮਾ ਗਾਂਧੀ ਨੂੰ ਰਾਤੋ ਰਾਤ ਬਗੈਰ ਕਿਸੇ ਸੰਵਿਧਾਨਕ ਵਿਵਸਥਾ ਦੇ ਰਾਸ਼ਟ੍ਰਪਿਤਾ ਐਲਾਨ ਦਿੱਤਾ ਗਿਆ। 

ਸੰਧੂ ਨੇ ਕਿਹਾ ਕਿ ਭਾਜਪਾ ਖਾਸਕਰ ਪ੍ਰਧਾਨ ਮੰਤਰੀ ਮੋਦੀ ਭਗਤ ਸਿੰਘ ਦਾ ਨਾਮ ਵਰਤ ਆਪਣੀ ਸਿਆਸਤ ਚਮਕਾਉਣ ਦਾ ਕੋਈ ਮੌਕਾ ਨਹੀਂ ਛੱਡਦੇ ਪਰ ਜਦੋਂ ਚੰਡੀਗੜ੍ਹ ਦੇ ਨਵੇਂ ਬਣੇ ਕੌਮਾਂਤਰੀ ਹਵਾਈ ਅੱਡੇ ਦਾ ਨਾਮਕਰਨ ਸ਼ਹੀਦ ਦੇ ਨਾਮ ਪਿੱਛੇ ਰੱਖਣ ਬਾਰੇ ਭਾਈਵਾਲ ਰਾਜਾਂ ਵਲੋਂ ਮਤੇ ਤੱਕ ਪਾ ਦਿਤੇ ਗਏ ਤਾਂ ਇਕ ਕੋਝੀ ਸਾਜਿਸ਼ ਤਹਿਤ ਹਵਾਈ ਅੱਡਿਆਂ ਦਾ ਨਾਮ ਕਿਸੇ ਵਿਅਕਤੀ ਵਿਸ਼ੇਸ ਉਤੇ ਰੱਖਣ ਬਾਰੇ ਕਾਨੂੰਨ ਵਿਚ ਪੱਕੀ ਸੋਧ ਹੀ ਕਰ ਦਿਤੀ ਗਈ ਕਿ ਅਗਿਓਂ ਅਜਿਹਾ ਨਹੀਂ ਕੀਤਾ ਜਾਵੇਗਾ।

ਉਨਾਂ ਅੱਜਕਲ੍ਹ ਕੁਝ ਨੇਤਾਵਾਂ ਵਲੋਂ ਸਦਨ 'ਚ ਜਾਂ ਮੰਚ ਤੋਂ ਬੋਲਣ ਮੌਕੇ ਉਥੇ ਤੌਰ ਉਤੇ ਲੜ ਛੱਡ ਕੇਸਰੀ ਜਾਂ ਬਸੰਤੀ ਪੱਗਾਂ ਬੰਨਣ ਦੀ ਸਿਰੇ ਤੋਂ ਨਿੰਦਾ ਕਰਦਿਆਂ ਦਾਅਵੇ ਨਾਲ ਕਿਹਾ ਕਿ ਭਗਤ ਸਿੰਘ ਨੇ ਆਪਣੇ ਜੀਵਨ ਵਿਚ ਕਦੇ ਵੀ ਬਸੰਤੀ ਜਾਂ ਕੇਸਰੀ ਰੰਗ ਦੀ ਪੱਗ ਲੜ ਛੱਡ ਕੇ  ਨਹੀਂ ਬੰਨੀ। ਉਨਾਂ ਕਿਹਾ ਭਗਤ ਭਗਤ ਸਿੰਘ ਜ਼ਿਆਦਾਤਰ ਸਾਧਾਰਨ ਸਫੇਦ ਰੰਗ ਦੀ ਪੱਗ ਬੰਨਦੇ ਰਹੇ ਹਨ।

ਅਭੇ ਸਿੰਘ ਸੰਧੂ ਨੇ ਆਪਣੇ ਪਰਿਵਾਰਕ ਦਾਅਵਿਆਂ ਦੇ ਹਵਾਲੇ ਨਾਲ ਕਿਹਾ ਕਿ ਭਗਤ ਸਿੰਘ ਦੇ ਚਾਚਾ ਜਲਾਵਤਨੀ ਕੱਟਣ ਮਗਰੋਂ ਭਾਰਤ ਆਏ ਤਾਂ ਉਹਨਾਂ ਆਖਰੀ ਵੇਲੇ ਤੱਕ ਜਵਾਹਰ ਲਾਲ ਨਹਿਰੂ ਨੂੰ ਦੇਸ਼ ਵੰਡ ਦੇ ਘਾਤਕ ਸਿਟੇ ਨਿਕਲਣ ਦਾ ਵਾਸਤਾ ਪਾ ਵੰਡ ਨਾ ਹੋਣ ਦੇਣ ਲਈ ਵਰਜਿਆ |ਸੰਧੂ ਨੇ ਦਾਅਵਾ ਕੀਤਾ ਕਿ ਜੇਕਰ ਮੁਹਮੰਦ ਅਲੀ ਜਿਨਾਹ ਨੂੰ ਦੇਸ਼ ਦਾ ਰਾਸ਼ਟਰਪਤੀ ਥਾਪਣ ਦੀ ਸ਼ਰਤ ਮੰਨ ਲਈ ਜਾਂਦੀ ਤਾਂ ਦੇਸ਼ ਵੰਡ ਨਹੀਂ ਹੋਣੀ ਸੀ ਤੇ ਅੱਜ ਹਾਲਾਤ ਹੋਰ ਹੋਣੇ ਸਨ। 
(ਮੁਕੰਮਲ ਇੰਟਰਵਿਊ 'ਸਪੋਕਸਮੈਨ ਵੈਬ ਟੀਵੀ ਉਤੇ ਵੇਖੋ)