ਮਹਾਰਾਸ਼ਟਰ ਸਰਕਾਰ ਨੇ ਰਾਜਸੀ ਦਬਾਅ ਕਾਰਨ ਪਰਚਾ ਦਰਜ ਨਹੀਂ ਕੀਤਾ : ਬਿਹਾਰ ਸਰਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਿਹਾਰ ਸਰਕਾਰ ਨੇ ਸੁਪਰੀਮ ਕੋਰਟ ਵਿਚ ਦਸਿਆ ਕਿ ਮਹਾਰਾਸ਼ਟਰ ਪੁਲਿਸ ਨੇ ਰਾਜਸੀ ਦਬਾਅ ਕਾਰਨ ਹੀ ਸੁਸ਼ਾਂਤ ਸਿੰਘ ਰਾਜਪੂਤ

sushant Case

ਨਵੀਂ ਦਿੱਲੀ, 13 ਅਗੱਸਤ : ਬਿਹਾਰ ਸਰਕਾਰ ਨੇ ਸੁਪਰੀਮ ਕੋਰਟ ਵਿਚ ਦਸਿਆ ਕਿ ਮਹਾਰਾਸ਼ਟਰ ਪੁਲਿਸ ਨੇ ਰਾਜਸੀ ਦਬਾਅ ਕਾਰਨ ਹੀ ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਦੀ ਘਟਨਾ ਵਿਚ ਨਾ ਤਾਂ ਪਰਚਾ ਦਰਜ ਕੀਤਾ ਅਤੇ ਨਾ ਹੀ ਬਿਹਾਰ ਪੁਲਿਸ ਦੀ ਜਾਂਚ ਵਿਚ ਸਹਿਯੋਗ ਕੀਤਾ। ਅਦਾਲਤ ਦੇ ਹੁਕਮਾਂ ਮੁਤਾਬਕ ਬਿਹਾਰ ਸਰਕਾਰ ਅਤੇ ਰੀਆ ਚਕਰਵਰਤੀ ਨੇ ਇਸ ਮਾਮਲੇ ਵਿਚ ਆਪੋ ਅਪਣੇ ਲਿਖਤੀ ਹਲਫ਼ਨਾਮੇ ਦਾਖ਼ਲ ਕੀਤੇ।

ਅਦਾਲਤ ਨੇ ਪਟਨਾ ਵਿਚ ਦਰਜ ਮਾਮਲਾ ਮੁੰਬਈ ਤਬਦੀਲ ਕਰਨ ਲਈ ਅਦਾਕਾਰਾ ਰੀਆ ਦੀ ਪਟੀਸ਼ਨ ’ਤੇ ਸੁਣਵਾਈ ਪੂਰੀ ਕਰਦਿਆਂ ਬਿਹਾਰ ਅਤੇ ਮਹਾਰਾਸ਼ਟਰ ਸਰਕਾਰ ਤੋਂ ਇਲਾਵਾ ਰਾਜਪੂਤ ਦੇ ਪਿਤਾ ਅਤੇ ਰੀਆ ਨੂੰ ਤਿੰਨ ਦਿਨਾਂ ਅੰਦਰ ਆਪੋ ਅਪਣੇ ਲਿਖਤੀ ਹਲਫ਼ਨਾਮੇ ਦਾਖ਼ਲ ਕਰਨ ਦਾ ਨਿਰਦੇਸ਼ ਦਿਤਾ ਸੀ। ਰੀਆ ਨੇ ਅਪਣੇ ਬਿਆਨ ਵਿਚ ਕਿਹਾ ਹੈ ਕਿ ਬਿਹਾਰ ਪੁਲਿਸ ਦੇ ਕਹਿਣ ’ਤੇ ਪਟਨਾ ਵਿਚ ਦਰਜ ਮਾਮਲਾ ਸੀਬੀਆਈ ਨੂੰ ਸੌਂਪਣ ਦੀ ਸਿਫ਼ਾਰਸ਼ ਕਰਨਾ ਰਾਜ ਸਰਕਾਰ ਦੇ ਅਧਿਕਾਰ ਖੇਤਰ ਤੋਂ ਬਾਹਰ ਸੀ।

ਪਟਨਾ ਵਿਚ ਦਰਜ ਮਾਮਲੇ ਵਿਚ ਰਾਜਪੂਤ ਦੇ ਪਿਤਾ ਨੇ ਰੀਆ ਅਤੇ ਉਸ ਦੇ ਪਰਵਾਰ ਦੇ ਜੀਆਂ ਸਣੇ ਛੇ ਹੋਰ ਮੈਂਬਰਾਂ ਵਿਰੁਧ ਗੰਭੀਰ ਦੋਸ਼ ਲਾਏ ਹਨ। ਬਿਹਾਰ ਸਰਕਾਰ ਦੇ ਵਕੀਲ ਨੇ ਕਿਹਾ, ‘ਇਹ ਸਾਫ਼ ਹੈ ਕਿ ਮਹਾਰਾਸ਼ਟਰ ਵਿਚ ਰਾਜਸੀ ਦਬਾਅ ਕਾਰਨ ਹੀ ਮੁੰਬਈ ਪੁਲਿਸ ਨੇ ਨਾ ਤਾਂ ਪਰਚਾ ਦਰਜ ਕੀਤਾ ਅਤੇ ਨਾ ਹੀ ਉਨ੍ਹਾਂ ਇਸ ਮਾਮਲੇ ਦੀ ਤੇਜ਼ ਜਾਂਚ ਕਰਨ ਵਿਚ ਬਿਹਾਰ ਪੁਲਿਸ ਨੂੰ ਕਿਸੇ ਤਰ੍ਹਾਂ ਦਾ ਸਹਿਯੋਗ ਦਿਤਾ।’ ਉਨ੍ਹਾਂ ਕਿਹਾ ਕਿ ਅਜਿਹੀ ਹਾਲਤ ਵਿਚ ਰੀਆ ਦੀ ਪਟੀਸ਼ਨ ਰੱਦ ਕਰਨ ਜਾਂ ਉਸ ਦਾ ਨਿਬੇੜਾ ਕਰਨ ਤੋਂ ਇਲਾਵਾ ਹੋਰ ਕੁੱਝ ਕਰਨ ਦੀ ਲੋੜ ਨਹੀਂ। ਦੂਜੇ ਪਾਸੇ, ਰੀਆ ਨੇ ਕਿਹਾ ਕਿ ਇਸ ਮਾਮਲੇ ਵਿਚ ਪਰਚਾ ਦਰਜ ਕਰਨ ਜਾਂ ਇਸ ਨੂੰ ਤਬਦੀਲ ਕਰਨ ਦਾ ਬਿਹਾਰ ਨੂੰ ਕੋਈ ਅਧਿਕਾਰ ਨਹੀਂ। ਉਸ ਨੇ ਕਿਹਾ ਕਿ ਬਿਹਾਰ ਵਿਚ ਕੀਤੀ ਜਾ ਰਹੀ ਜਾਂਚ ਪੂਰੀ ਤਰ੍ਹਾਂ ਗ਼ੈਰਕਾਨੂੰਨੀ ਹੈ।     
    (ਏਜੰਸੀ)