ਪ੍ਰਧਾਨ ਮੰਤਰੀ ਨੇ ਕੀਤਾ ਨਵੇਂ ਕਰ ਸੁਧਾਰਾਂ ਦਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰ ਰਿਟਰਨ ਦਾ ਹੋਵੇਗਾ ‘ਫ਼ੇਸਲੈਸ ਵਿਸ਼ਲੇਸ਼ਣ’ g ਕਰ ਦੇਣ ਵਾਲਿਆਂ ਲਈ ਅਧਿਕਾਰ ਪੱਤਰ ਜਾਰੀ

PM Narindera Modi

ਨਵੀਂ ਦਿੱਲੀ, 13 ਅਗੱਸਤ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰ ਪ੍ਰਬੰਧ ਨੂੰ ਬਿਹਤਰ ਬਣਾਉਣ ਦੇ ਇਰਾਦੇ ਨਾਲ ‘ਪਾਰਦਰਸ਼ੀ ਕਰ ਪ੍ਰਬੰਧ-ਈਮਾਨਦਾਰ ਦਾ ਸਨਮਾਨ’ ਮੰਚ ਦੀ ਸ਼ੁਰੂਆਤ ਕੀਤੀ। ਇਸ ਨੂੰ ਕਰ ਸੁਧਾਰਾਂ ਦੀ ਦਿਸ਼ਾ ਵਿਚ ਅਹਿਮ ਕਦਮ ਮੰਨਿਆ ਜਾ ਰਿਹਾ ਹੈ।  ਪ੍ਰਧਾਨ ਮੰਤਰੀ ਨੇ ਕਰ ਦੇਣ ਵਾਲਿਆਂ ਲਈ ਚਾਰਟਰ ਯਾਨੀ ਅਧਿਕਾਰ ਪੱਤਰ ਦਾ ਵੀ ਐਲਾਨ ਕੀਤਾ। ਉਨ੍ਹਾਂ ਦੇਸ਼ ਵਾਸੀਆਂ ਨੂੰ ਅੱਗੇ ਵੱਧ ਕੇ ਈਮਾਨਦਾਰੀ ਨਾਲ ਕਰ ਦੇਣ ਦਾ ਸੱਦਾ ਦਿਤਾ। ਉਨ੍ਹਾਂ ਕਿਹਾ ਕਿ 130 ਕਰੋੜ ਲੋਕਾਂ ਦੇ ਦੇਸ਼ ਵਿਚ ਮਹਿਜ਼ ਡੇਢ ਕਰੋੜ ਲੋਕ ਹੀ ਕਰ ਦਿੰਦੇ ਹਨ।

ਉਨ੍ਹਾਂ ਕਿਹਾ, ‘ਅੱਜ ਤੋਂ ਸ਼ੁਰੂ ਹੋ ਰਹੀ ਨਵੀਂ ਵਿਵਸਥਾ-ਨਵੀਆਂ ਸਹੂਲਤਾਂ ਘੱਟੋ ਘੱਟ ਸਰਕਾਰ, ਕਾਰਗਰ ਸ਼ਾਸਨ ਪ੍ਰਤੀ ਸਾਡੀ ਪ੍ਰਤੀਬੱਧਤਾ ਨੂੰ ਮਜ਼ਬੂਤ ਕਰਦੀ ਹੈ, ਇਹ ਦੇਸ਼ ਵਾਸੀਆਂ ਦੇ ਜੀਵਨ ਵਿਚ ਸਰਕਾਰ ਦੇ ਦਖ਼ਲ ਨੂੰ ਘੱਟ ਕਰਨ ਦੀ ਦਿਸ਼ਾ ਵਿਚ ਵੱਡਾ ਕਦਮ ਹੈ।’ ਉਨ੍ਹਾਂ ਕਿਹਾ ਕਿ ਹੁਣ ਕਰ ਰਿਟਰਨ ਦਾ ‘ਫ਼ੇਸਲੈਸ’ ਵਿਸ਼ਲੇਸ਼ਣ ਹੋਵੇਗਾ ਜਿਸ ਨਾਲ ਕਰਦਾਤਾਵਾਂ ਅਤੇ ਕਰ ਅਧਿਕਾਰੀਆਂ ਨੂੰ ਇਕ ਦੂਜੇ ਨੂੰ ਮਿਲਣ ਜਾਂ ਪਛਾਣ ਰੱਖਣ ਦੀ ਲੋੜ ਨਹੀਂ ਪਵੇਗੀ। ਇਸ ਨਾਲ ਭ੍ਰਿਸ਼ਟਾਚਾਰ ਦੀ ਗੁੰਜਾਇਸ਼ ਖ਼ਤਮ ਹੋਵੇਗੀ ਅਤੇ ਅਧਿਕਾਰੀਆਂ ਦੇ ਕਰ ਮਾਮਲਿਆਂ ਵਿਚ ਲੋੜੋਂ ਵੱਧ ਦਖ਼ਲ ’ਤੇ ਰੋਕ ਲੱਗੇਗੀ।

ਉਨ੍ਹਾਂ ਕਿਹਾ ਕਿ ਪ੍ਰਤੱਖ ਕਰ ਸੁਧਾਰਾਂ ਦੀ ਦਿਸ਼ਾ ਵਿਚ ‘ਕਰਦਾਤਾ ਚਾਰਟਰ’ ਅਤੇ ‘ਫ਼ੇਸਲੈਸ ਵਿਸ਼ਲੇਸ਼ਣ’, ‘ਫ਼ੇਸਲੈਸ ਅਪੀਲ’ ਅਗਲਾ ਪੜਾਅ ਹੈ। ਇਸ ਦਾ ਮਕਸਦ ਨਿਯਮਾਂ ਨੂੰ ਸਰਲ ਬਣਾਉਣਾ ਅਤੇ ਈਮਾਨਦਾਰ ਕਰਦਾਤਾਵਾਂ ਦਾ ਸਨਮਾਨ ਕਰਨਾ ਹੈ।  ਵੀਡੀਉ ਕਾਨਫ਼ਰੰਸ ਰਾਹੀਂ ਹੋਏ ਇਸ ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਕਰ ਪ੍ਰਣਾਲੀ ‘ਫ਼ੇਸਲੈਸ’ ਹੋ ਰਹੀ ਹੈ, ਇਹ ਕਰਦਾਤਾ ਲਈ ਨਿਰਪੱਖਤਾ ਅਤੇ ਭਰੋਸਾ ਦੇਣ ਵਾਲਾ ਹੈ। ਉਨ੍ਹਾਂ ਕਿਹਾ, ‘ਕਰ ਮਾਮਲਿਆਂ ਵਿਚ  ਆਹਮੋ-ਸਾਹਮਣੇ ਹੋਏ ਬਿਨਾਂ ਅਪੀਲ ਯਾਨੀ ਫ਼ੇਸਲੈਸ 

ਅਪੀਲ ਦੀ ਸਹੂਲਤ  25 ਸਤੰਬਰ ਯਾਨੀ ਦੀਨ ਦਿਆਲ ਉਪਾਧਿਆਏ ਦੇ ਜਨਮ ਦਿਨ ਮੌਕੇ ਪੂਰੇ ਦੇਸ਼ ਵਿਚ ਨਾਗਰਿਕਾਂ ਲਈ ਉਪਲਭਧ ਹੋਵੇਗੀ। ਉਨ੍ਹਾਂ ਕਿਹਾ ਕਿ ਦੇਸ਼ ਦਾ ਈਮਾਨਦਾਰ ਕਰਦਾਤਾ ਦੇਸ਼ ਨਿਰਮਾਣ ਵਿਚ ਬਹੁਤ ਵੱਡੀ ਭੂਮਿਕਾ ਨਿਭਾਉਂਦਾ ਹੈ ਜਦ ਦੇਸ਼ ਦੇ ਈਮਾਨਦਾਰ ਕਰਦਾਤਾ ਦਾ ਜੀਵਨ ਆਸਾਨ ਬਣਦਾ ਹੈ ਤਾਂ ਉਹ ਅੱਗੇ ਵਧਦਾ ਹੈ ਤਾਂ ਦੇਸ਼ ਦਾ ਵੀ ਵਿਕਾਸ ਹੁੰਦਾ ਹੈ। ਟੈਕਸ ਚਾਰਟਰ ਦਾ ਐਲਾਨ ਕਰਦਿਆਂ ਉਨ੍ਹਾਂ ਕਿਹਾ, ‘ਇਸ ਅਧਿਕਾਰ ਪੱਤਰ ਜ਼ਰੀਏ ਨਿਮਰ ਅਤੇ ਤਰਕਸੰਗਤ ਵਿਹਾਰ ਦਾ ਭਰੋਸਾ ਦਿਤਾ ਗਿਆ ਹੈ ਯਾਨੀ ਆਮਦਨ ਵਿਭਾਗ ਨੂੰ ਹੁਣ ਕਰਦਾਤਾ ਦੇ ਮਾਨ-ਸਨਮਾਨ, ਸੰਵੇਦਨਸ਼ੀਲਤਾ ਵਲ ਧਿਆਨ ਦੇਣਾ ਪਵੇਗਾ।’  (ਏਜੰਸੀ)

ਮੁੱਖ ਨੁਕਤੇ
ਵਿਸ਼ਲੇਸ਼ਣ ਯੋਜਨਾ 25 ਸਤੰਬਰ 2020 ਤੋਂ ਲਾਗੂ ਹੋਵੇਗੀ। ਸਰਕਾਰ ਦਾ ਟੀਚਾ ਕਰ ਕਵਾਇਦ ਵਿਚ ਭਰੋਸਾ ਅਤੇ ਪਾਰਦਰਸ਼ਤਾ ਲਿਆਉਣਾ ਹੈ। ਕਰ ਮੰਚ ਰਹੀਂ ਫ਼ੇਸਲੈਸ ਵਿਸ਼ਲੇਸ਼ਣ, ਫ਼ੇਸਲੈਸ ਅਪੀਲ ਅਤੇ ਕਰਦਾਤਾ ਚਾਰਟਰ ਜਿਹੇ ਵੱਡੇ ਟੈਕਸ ਸੁਧਾਰ ਹਨ।
ਕਰਦਾਤਾ ਅਤੇ ਕਰ ਅਧਿਕਾਰੀਆਂ ਨੂੰ ਆਪਸ ਵਿਚ ਮੁਲਾਕਾਤ ਕੀਤੇ ਬਿਨਾਂ ਵਿਸ਼ਲੇਸ਼ਣ ਦੀ ਕਵਾਇਦ ਪੂਰੀ ਕਰਨ ਦੀ ਸਹੂਲਤ।
ਕਿਸੇ ਵੀ ਵਿਸ਼ਲੇਸ਼ਣ ਅਤੇ ਕਰਦਾਤਾ ਦੀ ਚੋਣ ਇਕ ਕੰਪਿਊਟਰ ਜ਼ਰੀਏ ਕੀਤੀ ਜਾਵੇਗੀ ਅਤੇ ਵਕਤ-ਵਕਤ ’ਤੇ ਇਹ ਬਦਲ ਜਾਵੇਗਾ। ਅਸੈਸਮੈਂਟ ਲਈ ਡੇਟਾ ਐਨਾਲਿਟਕਸ ਅਤੇ ਆਰਟੀਫ਼ੀਸ਼ਲ ਇੰਟੈਲੀਜੈਂਸ ਦੀ ਵਰਤੋਂ ਕੀਤੀ ਜਾਵੇਗੀ। ਕਰਦਾਤਾ ਨੂੰ ਸ਼ਿਕਾਇਤਾਂ ਲਈ ਕਰ ਦਫ਼ਤਰ ਨਹੀਂ ਜਾਣਾ ਪਵੇਗਾ। 

 ਕਰਦਾਤਾ ਨੂੰ ਵਿਸ਼ਲੇਸ਼ਣ ਦੇ ਅਧਿਕਾਰ ਖੇਤਰ ਦੇ ਨਿਯਮਾਂ ਵਿਚ ਮੁਕਤੀ ਯਾਨੀ ਕਰਦਾਤਾ ਹੁਣ ਕਿਸੇ ਵੀ ਸ਼ਹਿਰ ਦਾ ਹੋਵੇ, ਉਸ ਦਾ ਅਸੈਸਮੈਂਟ ਕੰਪਿਊਟਰ ਦੀ ਚੋਣ ਨਾਲ ਕਿਤੇ ਵੀ ਕਰਾਇਆ ਜਾ ਸਕਦਾ ਹੈ। 

 ਟੀਮ ਆਧਾਰਤ ਵਿਸ਼ਲੇਸ਼ਣ ਅਤੇ ਸਮੀਖਿਆ ਹੋਵੇਗੀ। 
ਫ਼ੇਸਲੈਸ ਟੈਕਸ ਅਸੈਸਮੈਂਟ ਸਕੀਮ ਦੀ ਸਹੂਲਤ ਗੰਭੀਰ ਧੋਖਾਧੜੀ, ਟੈਕਸ ਚੋਰੀ, ਸੰਵੇਦਨਸ਼ੀਲ ਅਤੇ ਜਾਂਚ ਵਾਲੇ ਮਾਮਲਿਆਂ ਅਤੇ ਹੋਰ ਮਾਮਲਿਆਂ ਵਿਚ ਨਹੀਂ ਮਿਲੇਗੀ।