ਸ਼੍ਰੀਨਗਰ 'ਚ ਅਤਿਵਾਦੀ ਹਮਲਾ, ਦੋ ਜਵਾਨ ਸ਼ਹੀਦ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਾਣਕਾਰੀ ਅਨੁਸਾਰ ਅੱਜ ਸਵੇਰੇ ਸ੍ਰੀਨਗਰ ਦੇ ਦੇ ਬਾਹਰੀ ਇਲਾਕੇ ਵਿਚ ਨੌਗਾਮ ਬਾਈਪਾਸ ਕੋਲ ਅਤਿਵਾਦੀਆਂ ਨੇ ਪੁਲਿਸ ਪਾਰਟੀ ਉੱਤੇ ਫਾਇਰਿੰਗ ਕਰ ਦਿੱਤੀ।

Srinagar

ਅੱਜ ਸ਼ੁੱਕਰਵਾਰ ਨੂੰ ਜੰਮੂ ਕਸ਼ਮੀਰ ਵਿਚ ਅਤਿਵਾਦੀਆਂ ਨੇ ਸੁਰੱਖਿਆ ਬਲਾਂ ਨੂੰ ਮੁੜ ਨਿਸ਼ਾਨਾ ਬਣਾਇਆ ਹੈ। ਦਰਅਸਲ ਸ਼੍ਰੀਨਗਰ ਵਿਚ ਅਤਿਵਾਦੀਆਂ ਨੇ ਪੁਲਿਸ ਪਾਰਟੀ ਉੱਤੇ ਹਮਲਾ ਕਰ ਦਿੱਤਾ ਹੈ ਜਿਸ ਵਿਚ ਪੁਲਿਸ ਦੇ ਦੋ ਜਵਾਨ ਸ਼ਹੀਦ ਹੋ ਗਏ ਹਨ ਜਦਕਿ ਇਕ ਜਵਾਨ ਜ਼ਖਮੀ ਦੱਸਿਆ ਜਾ ਰਿਹਾ ਹੈ ਜਿਸ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

 

ਜਾਣਕਾਰੀ ਅਨੁਸਾਰ ਅੱਜ ਸਵੇਰੇ ਸ੍ਰੀਨਗਰ ਦੇ ਦੇ ਬਾਹਰੀ ਇਲਾਕੇ ਵਿਚ ਨੌਗਾਮ ਬਾਈਪਾਸ ਕੋਲ ਅਤਿਵਾਦੀਆਂ ਨੇ ਪੁਲਿਸ ਪਾਰਟੀ ਉੱਤੇ ਫਾਇਰਿੰਗ ਕਰ ਦਿੱਤੀ। ਫਾਇਰਿੰਗ ਦੀ ਚਪੇਟ ਵਿਚ ਆਉਣ ਕਰਕੇ ਤਿੰਨ ਜਵਾਨ ਜ਼ਖ਼ਮੀ ਹੋ ਗਏ ਜਿਨ੍ਹਾਂ ਵਿਚੋਂ 2 ਜਵਾਨਾਂ ਨੇ ਦਮ ਤੋੜ ਦਿੱਤਾ ਅਤੇ ਇਕ ਜਖ਼ਮੀ ਜਵਾਨ ਨੂੰ ਹਸਪਤਾਲ ਲਿਜਾਇਆ ਗਿਆ ਹੈ। ਉੱਥੇ ਹੀ ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਅਤਿਵਾਦੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਇਸ ਹਮਲੇ ਨੂੰ ਲੈ ਕੇ ਅਜੇ ਹੋਰ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਦੱਸ ਦਈਏ ਕਿ ਸ਼੍ਰੀਨਗਰ ਵਿਚ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਪਹਿਲਾਂ ਹੀ ਲਾਕਡਾਊਨ ਜਾਰੀ ਹੈ ਅਤੇ ਅਜ਼ਾਦੀ ਦਿਵਸ ਨੂੰ ਧਿਆਨ ਵਿਚ ਰੱਖਦੇ ਹੋਏ ਸੁਰੱਖਿਆ ਵਿਵਸਥਾ ਨੂੰ ਹੋਰ ਵੀ ਸਖ਼ਤ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸੁਰੱਖਿਆ ਬਲਾਂ ਦੁਆਰਾ ਲਗਾਤਾਰ ਘਾਟੀ ਵਿਚੋਂ ਅਤਿਵਾਦੀਆਂ ਦਾ ਖ਼ਾਤਮਾ ਕੀਤਾ ਜਾ ਰਿਹਾ ਹੈ

ਜਿਸ ਕਰਕੇ ਬੌਖਲਾਏ ਅਤਿਵਾਦੀ ਅਜਿਹੇ ਹਮਲਿਆਂ ਨੂੰ ਅੰਜ਼ਾਮ ਦੇ ਰਹੇ ਹਨ। ਦੋ ਦਿਨ ਪਹਿਲਾਂ ਵੀ ਬਾਰਾਮੂਲਾ ਦੇ ਸਪੋਰ ਵਿਚ ਇਕ ਸੈਨਾ ਦੀ ਟੁੱਕੜੀ ਉੱਤੇ ਦਹਿਸ਼ਤਗਰਦਾਂ ਨੇ ਹਮਲਾ ਕਰ ਦਿੱਤਾ ਸੀ ਜਿਸ ਦੌਰਾਨ ਇਕ ਜਵਾਨ ਜਖਮੀ ਹੋ ਗਿਆ ਸੀ। ਇੰਨਾ ਹੀ ਨਹੀਂ ਪਿਛਲੇ ਇਕ ਮਹੀਨੇ ਵਿਚ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਕਈ ਲੀਡਰਾਂ ਨੂੰ ਵੀ ਅੱਤਵਾਦੀਆਂ ਨੇ ਆਪਣਾ ਨਿਸ਼ਾਨ ਬਣਾਇਆ ਹੈ ਜਿਸ ਕਰਕੇ ਡਰੇ ਹੋਏ ਕਈ ਪਾਰਟੀ ਆਗੂਆਂ ਨੇ ਅਸਤੀਫ਼ਾ ਦੇ ਦਿੱਤਾ ਹੈ।