ਜੈਪੁਰ, 13 ਅਗੱਸਤ : ਰਾਜਸਥਾਨ ਵਿਚ ਲਗਭਗ ਇਕ ਮਹੀਨੇ ਤੋਂ ਜਾਰੀ ਸਿਆਸੀ ਖਿੱਚੋਤਾਣ ਮਗਰੋਂ ਵਿਧਾਨ ਸਭਾ ਦਾ ਇਜਲਾਸ ਸ਼ੁਕਰਵਾਰ ਤੋਂ ਸ਼ੁਰੂ ਹੋਵੇਗਾ। ਵਿਧਾਨ ਸਭਾ ਇਜਲਾਸ ਪੂਰਾ ਹੰਗਾਮੇਦਾਰ ਰਹਿਣ ਦੀ ਸੰਭਾਵਨਾ ਹੈ। ਇਜਲਾਸ ਸ਼ੁਰੂ ਹੋਣ ਤੋਂ ਠੀਕ ਇਕ ਦਿਨ ਪਹਿਲਾਂ ਸੱਤਾਧਿਰ ਕਾਂਗਰਸ ਅਤੇ ਉਸ ਦੀਆਂ ਭਾਈਵਾਲ ਪਾਰਟੀਆਂ ਦੇ ਵਿਧਾਇਕਾਂ ਦੀ ਬੈਠਕ ਹੋਈ ਤਾਂ ਭਾਜਪਾ ਅਤੇ ਉੁਸ ਦੀਆਂ ਭਾਈਵਾਲ ਪਾਰਟੀਆਂ ਨੇ ਵੀ ਬੈਠਕ ਕੀਤੀ। ਕਾਂਗਰਸ ਨੇ ਅਪਣੇ ਦੋ ਵਿਧਾਇਕਾਂ ਵਿਸ਼ਵੇਂਦਰ ਸਿੰਘ ਅਤੇ ਭੰਵਰਲਾਲ ਸ਼ਰਮਾ ਦੀ ਮੁਅੱਤਲੀ ਰੱਦ ਕਰ ਦਿਤੀ ਪਰ ਦਿਨ ਦੀ ਸੱਭ ਤੋਂ ਅਹਿਮ ਘਟਨਾ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਦੀ ਮੁੱਖ ਮੰਤਰੀ ਅਸ਼ੋਕ ਗਹਿਲੋਤ ਨਾਲ ਮੁਲਾਕਾਤ ਰਹੀ। ਇਸੇ ਦੌਰਾਨ ਭਾਰਤੀ ਜਨਤਾ ਪਾਰਟੀ ਰਾਜਸਥਾਨ ਦੀ ਅਸ਼ੋਕ ਗਹਿਲੋਤ ਸਰਕਾਰ ਵਿਰੁਧ ਵਿਧਾਨ ਸਭਾ ਵਿਚ ਬੇਭਰੋਸਗੀ ਦਾ ਮਤਾ ਲਿਆਵੇਗੀ।
ਭਾਜਪਾ ਵਿਧਾਇਕ ਦਲ ਦੀ ਵੀਰਵਾਰ ਨੂੰ ਹੋਈ ਬੈਠਕ ਵਿਚ ਇਹ ਫ਼ੈਸਲਾ ਕੀਤਾ ਗਿਆ। ਵਿਰੋਧੀ ਧਿਰ ਦੇ ਆਗੂ ਗ਼ੁਲਾਬ ਚੰਦ ਕਟਾਰੀਆ ਨੇ ਬੈਠਕ ਮਗਰੋਂ ਪੱਤਰਕਾਰਾਂ ਨੂੰ ਕਿਹਾ ਕਿ ਵਿਧਾਨ ਸਭਾ ਦੇ ਸ਼ੁਕਰਵਾਰ ਨੂੰ ਸ਼ੁਰੂ ਹੋ ਰਹੇ ਇਜਲਾਸ ਵਿਚ ਸਰਕਾਰ ਵਿਰੁਧ ਇਹ ਮਤਾ ਲਿਆਂਦਾ ਜਾਵੇਗਾ।
ਲਗਭਗ ਇਕ ਮਹੀਨੇ ਦੀ ਸਿਆਸੀ ਖਿੱਚੋਤਾਣ ਮਗਰੋਂ ਦੋਵੇਂ ਆਗੂ ਮੁੱਖ ਮੰਤਰੀ ਦੇ ਘਰ ਮਿਲੇ। ਸਵੇਰੇ ਮੁੱਖ ਮੰਤਰੀ ਨੇ ਟਵਿਟਰ ’ਤੇ ਕਿਹਾ ਕਿ ਸਾਨੂੰ ‘ਫ਼ਾਰਗੇਟ ਐਂਡ ਫ਼ਾਰਗਿਵ’ ਨਾਲ ਅੱਗੇ ਵਧਣ ਦੀ ਭਾਵਨਾ ਨਾਲ ਜਮਹੂਰੀਅਤ ਨੂੰ ਬਚਾਉਣ ਦੀ ਲੜਾਈ ਲੜਨੀ ਪੈਣੀ ਹੈ।
ਸ਼ਾਮ ਸਮੇਂ ਪਾਇਲਟ ਮੁੱਖ ਮੰਤਰੀ ਦੇ ਘਰ ਪਹੁੰਚੇ ਅਤੇ ਮੁੱਖ ਮੰਤਰੀ ਨੂੰ ਮਿਲੇ। ਬੈਠਕ ਵਿਚ ਗਹਿਲੋਤ ਅਤੇ ਪਾਇਲਟ ਤੋਂ ਇਲਾਵਾ ਕਾਂਗਰਸ ਦੇ ਸੀਨੀਅਰ ਆਗੂ ਕੇ ਸੀ ਵੇਣੂਗੋਪਾਲ, ਪਾਰਟੀ ਦੇ ਸੂਬਾ ਇੰਚਾਰਜ ਅਵਿਨਾਸ਼ ਪਾਂਡੇ ਅਤੇ ਹੋਰ ਆਗੂ ਵੀ ਮੌਜੂਦ ਸਨ। ਫਿਰ ਕਾਂਗਰਸ ਵਿਧਾਇਕ ਦਲ ਦੀ ਬੈਠਕ ਮੁੱਖ ਮੰਤਰੀ ਨਿਵਾਸ ਵਿਚ ਹੋਈ ਜਿਸ ਵਿਚ ਗਹਿਲੋਤ, ਪਾਇਲਟ ਅਤੇ ਕਾਂਗਰਸ ਦੇ ਉਸ ਦੇ ਸਮਰਥਕ ਵਿਧਾਇਕ ਵੀ ਸ਼ਾਮਲ ਹੋਏ।
ਅਧਿਕਾਰੀਆਂ ਨੇ ਦਸਿਆ ਕਿ ਵਿਧਾਨ ਸਭਾ ਇਜਲਾਸ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਸੂਤਰਾਂ ਨੇ ਦਸਿਆ ਕਿ ਵਿਧਾਨ ਸਭਾ ਦਾ ਪੰਜਵਾਂ ਇਜਲਾਸ ਸ਼ੁਕਰਵਾਰ ਨੂੰ 11 ਵਜੇ ਸ਼ੁਰੂ ਹੋਵੇਗਾ। ਰਾਜਸਥਾਨ ਵਿਧਾਨ ਸਭਾ ਦੇ ਸਕੱਤਰ ਪ੍ਰਮਿਲ ਕੁਮਾਰ ਨੇ ਦਸਿਆ ਕਿ ਪ੍ਰਵੇਸ਼ ਦੁਆਰਾਂ ’ਤੇ ਹੱਥ ਧੋਣ ਅਤੇ ਸੈਨੇਟਾਈਜ਼ ਕੀਤੇ ਜਾਣ ਵਾਲੀਆਂ ਮਸ਼ੀਨਾਂ ਲੋੜੀਂਦੀ ਗਿਣਤੀ ਵਿਚ ਲਾਈਆਂ ਗਈਆਂ ਹਨ। (ਏਜੰਸੀ)