ਕੋਰੋਨਾ ਵਾਇਰਸ ਦੇ ਸੱਭ ਤੋਂ ਵੱਧ 66,999 ਨਵੇਂ ਮਾਮਲੇ, 942 ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਹੁਣ ਤਕ 16,95,982 ਮਰੀਜ਼ ਸਿਹਤਯਾਬ ਹੋਏ 

Corona Virus

ਨਵੀਂ ਦਿੱਲੀ, 13 ਅਗੱਸਤ : ਦੇਸ਼ ਵਿਚ ਇਕ ਦਿਨ ਵਿਚ ਕੋਰੋਨਾ ਵਾਇਰਸ ਲਾਗ ਦੇ ਰੀਕਾਰਡ 66,999 ਮਾਮਲੇ ਸਾਹਮਣੇ ਆਏ ਹਨ ਅਤੇ ਵੀਰਵਾਰ ਨੂੰ ਲਾਗ ਦੇ ਮਾਮਲੇ ਵੱਧ ਕੇ 2396637 ਹੋ ਗਏ। ਦੇਸ਼ ਵਿਚ ਹੁਣ ਤਕ 1695982 ਮਰੀਜ਼ ਸਿਹਤਯਾਬ ਹੋ ਚੁਕੇ ਹਨ।  ਬੀਮਾਰੀ ਤੋਂ ਠੀਕ ਹੋਣ  ਵਾਲੇ ਮਰੀਜ਼ਾਂ ਦੀ ਦਰ ਵਿਚ ਵਾਧੇ ਨਾਲ ਦੇਸ਼ ਵਿਚ ਸਿਹਤਯਾਬ ਹੋਣ ਦੀ ਦਰ 70.77 ਫ਼ੀ ਸਦੀ ਹੋ ਗਈ ਹੈ। ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿਚ ਬੀਮਾਰੀ ਤੋਂ 942 ਮਰੀਜ਼ਾਂ ਦੀ ਮੌਤ ਹੋਈ ਜਿਸ ਨਾਲ ਮ੍ਰਿਤਕਾਂ ਦੀ ਗਿਣਤੀ 47033 ਹੋ ਗਈ ਹੈ।

ਦੇਸ਼ ਵਿਚ ਬੀਮਾਰੀ ਨਾਲ ਮੌਤ ਦਰ ਘੱਟ ਕੇ 1.96 ਫ਼ੀ ਸਦੀ ਹੋ ਗਈ ਹੈ। ਇਸ ਵੇਲੇ 653622 ਮਰੀਜ਼ ਇਲਾਜ ਅਧੀਨ ਹਨ। ਇਹ ਕੁਲ ਮਾਮਲਿਆਂ ਦਾ 27.27 ਫ਼ੀ ਸਦੀ ਹੈ। ਇੰਡੀਅਨ ਮੈਡੀਕਲ ਰਿਸਰਚ ਕੌਂਸਲ ਅਨੁਸਾਰ ਦੇਸ਼ ਵਿਚ 12 ਅਗੱਸਤ ਤਕ ਕੁਲ 26845688 ਨਮੂਨਿਆਂ ਦੀ ਜਾਂਚ ਕੀਤੀ ਗਈ ਜਿਨ੍ਹਾਂ ਵਿਚੋਂ ਇਕੱਲੇ ਬੁਧਵਾਰ ਨੂੰ ਹੀ 830391 ਨਮੂਨਿਆਂ ਦੀ ਜਾਂਚ ਕੀਤੀ ਗਈ ਜੋ ਇਕ ਦਿਨ ਵਿਚ ਜਾਂਚ ਦੀ ਸੱਭ ਤੋਂ ਵੱਧ ਗਿਣਤੀ ਹੈ। ਮੰਤਰਾਲੇ ਨੇ ਕਿਹਾ ਕਿ ਰੀਕਾਰਡ ਗਿਣਤੀ ਵਿਚ ਮਰੀਜ਼ਾਂ ਦੇ ਠੀਕ ਹੋਣ ਨਾਲ ਪੀੜਤ ਮਰੀਜ਼ਾਂ ਦੀ ਮੌਜੂਦਾ ਗਿਣਤੀ ਵਿਚ ਕਮੀ ਆਈ ਹੈ।

ਹਾਲੇ ਕੁਲ ਮਾਮਲਿਆਂ ਦੇ 27.27 ਫ਼ੀ ਸਦੀ ਲੋਕ ਹੀ ਪੀੜਤ ਹਨ।  ਬੀਮਾਰੀ ਨਾਲ ਹੋਈਆਂ 942 ਮੌਤਾਂ ਵਿਚੋਂ ਸੱਭ ਤੋਂ ਵੱਧ 344 ਮਹਾਰਾਸ਼ਟਰ ਵਿਚ, ਤਾਮਿਲਨਾਡੂ ਵਿਚ 119, ਆਂਧਰਾ ਪ੍ਰਦੇਸ਼ ਵਿਚ 93, ਯੂਪੀ ਅਤੇ ਪਛਮੀ ਬੰਗਾਲ ਵਿਚ 54-54, ਪੰਜਾਬ ਵਿਚ 39, ਗੁਜਰਾਤ ਵਿਚ 18, ਮੱਧ ਪ੍ਰਦੇਸ਼ ਵਿਚ 15, ਦਿੱਲੀ ਵਿਚ 14 ਅਤੇ ਤੇਲੰਗਾਨਾ ਤੇ ਰਾਜਸਥਾਨ ਵਿਚ 11-11 ਮਰੀਜ਼ ਸ਼ਾਮਲ ਹਨ। ਉੜੀਸਾ ਵਿਚ ਨੌਂ, ਜੰਮੂ ਕਸ਼ਮੀਰ ਵਿਚ ਅੱਠ, ਆਸਾਮ ਅਤੇ ਕੇਰਲਾ ਵਿਚ ਛੇ-ਛੇ, ਛੱਤੀਸਗੜ੍ਹ, ਝਾਂਰਖੰਡ ਅਤੇ ਪੁਡੂਚੇਰੀ ਵਿਚ ਪੰਜ-ਪੰਜ, ਉਤਰਾਖੰਡ ਵਿਚ ਚਾਰ, ਬਿਹਾਰ, ਗੋਆ ਅਤੇ ਹਰਿਆਣਾ ਵਿਚ ਤਿੰਨ-ਤਿੰਨ ਅਤੇ ਤ੍ਰਿਪੁਰਾ ਵਿਚ ਇਕ-ਇਕ ਮਰੀਜ਼ ਦੀ ਮੌਤ ਹੋਈ। ਦੇਸ਼ ਵਿਚ ਹੁਣ ਤਕ ਹੋਈਆਂ ਕੁਲ 47033 ਮੌਤਾਂ ਵਿਚੋਂ ਮਹਾਰਾਸ਼ਟਰ ਵਿਚ ਸੱਭ ਤੋਂ ਵੱਧ 18650 ਮੌਤਾਂ ਹੋਈਆਂ ਹਨ।      
    (ਏਜੰਸੀ)