ਅੰਬਾਲਾ ‘ਚ ਤੇਜ਼ ਰਫਤਾਰ ਟਰਾਲੇ ਨੇ ਡਿਊਟੀ ‘ਤੇ ਤਾਇਨਾਤ ਪੁਲਿਸ ਕਰਮਚਾਰੀਆਂ ਨੂੰ ਕੁਚਲਿਆ, 4 ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮ੍ਰਿਤਕ ਕੁਰੂਕਸ਼ੇਤਰ ਦੇ ਲਾਡਵਾ ਦੇ ਰਹਿਣ ਵਾਲੇ

Tragic accident in Ambala

 

ਅੰਬਾਲਾ: ਅੰਬਾਲਾ ਵਿਚ ਅੱਜ ਸਵੇਰੇ ਦਰਦਨਾਕ ਹਾਦਸਾ ਵਾਪਰ ਗਿਆ। ਇਕ ਤੇਜ਼ ਰਫ਼ਤਾਰ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਹਾਦਸੇ ਦੀ ਸੂਚਨਾ ਮਿਲਣ ‘ਤੇ ਮੌਕੇ 'ਤੇ ਪੁਲਿਸ ਪਹੁੰਚ ਗਈ ਪੁਲਿਸ ਹਜੇ ਘਟਨਾ ਦਾ ਜਾਇਜ਼ਾ ਹੀ ਲੈ ਰਹੇ ਸਨ ਕਿ ਉਹਨੂੰ ਤੇਜ਼ ਰਫਤਾਰ ਟਰਾਲੇ ਨੇ ਕੁਚਲ ਦਿੱਤਾ।

 

 ਇਸ ਹਾਦਸੇ ਵਿਚ  ਤਿੰਨ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂ ਕਿ ਇੱਕ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਮ੍ਰਿਤਕਾਂ ਵਿੱਚ ਪੁਲਿਸ ਪੀਸੀਆਰ ਤੇ ਤਾਇਨਾਤ ਏਐਸਆਈ ਨਸੀਬ ਸਿੰਘ ਅਤੇ ਉਸਦੇ ਡਰਾਈਵਰ ਕਾਂਸਟੇਬਲ ਬਲਵਿੰਦਰ ਕੁਰੂਕਸ਼ੇਤਰ ਦੇ ਲਾਡਵਾ ਦੇ ਰਹਿਣ ਵਾਲੇ ਸਨ।

 

 

ਜਾਣਕਾਰੀ ਅਨੁਸਾਰ ਅੰਬਾਲਾ-ਅੰਮ੍ਰਿਤਸਰ ਕੌਮੀ ਮਾਰਗ 'ਤੇ ਜੱਗੀ ਸਿਟੀ ਸੈਂਟਰ ਦੇ ਸਾਹਮਣੇ ਸਵੇਰੇ 5 ਵਜੇ ਦੇ ਕਰੀਬ ਲਾਡਵਾ ਸਾਈਡ ਤੋਂ ਆ ਰਹੀ ਇੱਕ ਕਾਰ ਦੀ
ਇੱਕ ਟਰੱਕ ਨਾਲ ਟੱਕਰ ਹੋ ਗਈ। ਸੂਚਨਾ ਮਿਲਦੇ ਹੀ ਪੁਲਿਸ ਪੀਵੀਆਰ ਨੰਬਰ 108 ਮੌਕੇ ‘ਤੇ ਪਹੁੰਚੀ ਅਤੇ ਟ੍ਰੈਫਿਕ ਵਿਵਸਥਾ ਬਣਾਉਣ ਦੀ ਕੋਸ਼ਿਸ਼ ਕਰਨ ਲੱਗੀ।
ਇਸ ਦੌਰਾਨ ਏਐਸਆਈ ਨਸੀਬ ਸਿੰਘ ਕਾਰ ਚਾਲਕ ਨੂੰ ਇੱਕ ਪਾਸੇ ਲਿਜਾ ਕੇ ਸਮਝਾਉਣ ਲੱਗ ਗਿਆ।

 

ਜਦੋਂ ਕਿ ਕਾਂਸਟੇਬਲ ਬਲਵਿੰਦਰ ਸਿੰਘ ਨੇ ਵਾਹਨਾਂ ਨੂੰ ਦੂਜੇ ਪਾਸੇ ਤੋਂ ਬਾਹਰ ਜਾਣ ਦਾ ਰਸਤਾ ਦਿਖਾਉਣਾ ਸ਼ੁਰੂ ਕਰ ਦਿੱਤਾ। ਮਾਮਲਾ ਅਜੇ ਪੂਰੀ ਤਰ੍ਹਾਂ ਸੁਲਝਿਆ ਵੀ ਨਹੀਂ ਸੀ ਕਿ ਇਸ ਦੌਰਾਨ ਪਿੱਛਿਓਂ ਆ ਰਹੇ ਇੱਕ ਤੇਜ਼ ਰਫ਼ਤਾਰ ਟਰਾਲੇ ਨੇ ਪੁਲਿਸ ਮੁਲਾਜ਼ਮਾਂ ਅਤੇ ਕਾਰ ਵਿੱਚ ਸਵਾਰ ਦੋਵਾਂ ਵਿਅਕਤੀਆਂ ਨੂੰ ਕੁਚਲ ਦਿੱਤਾ ਜੋ ਉਸ ਸਮੇਂ ਸੜਕ 'ਤੇ ਖੜ੍ਹੇ ਸਨ।

 

ਸਾਰੇ ਜ਼ਖਮੀਆਂ ਨੂੰ ਜ਼ਿਲਾ ਸਿਵਲ ਹਸਪਤਾਲ ਅੰਬਾਲਾ ਸ਼ਹਿਰ ਲਿਜਾਇਆ ਗਿਆ ਜਿੱਥੇ ਦੋਵਾਂ ਪੁਲਿਸ ਕਰਮਚਾਰੀਆਂ ਅਤੇ ਇੱਕ ਹੋਰ ਨੂੰ ਮੌਕੇ 'ਤੇ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਜਦੋਂ ਕਿ ਚੌਥੇ ਵਿਅਕਤੀ ਨੇ ਵੀ ਕਰੀਬ ਇੱਕ ਘੰਟੇ ਦੇ ਇਲਾਜ ਤੋਂ ਬਾਅਦ ਦਮ ਤੋੜ ਦਿੱਤਾ।