ਰਾਹੁਲ ਗਾਂਧੀ ਦੇ ਹੱਕ 'ਚ ਆਈ ਰੇਪ ਪੀੜਤਾਂ ਦੀ ਮਾਂ, ਕਿਹਾ- ਫੋਟੋਆਂ ਟਵੀਟ ਕਰਨ 'ਚ ਕੋਈ ਇਤਰਾਜ਼ ਨਹੀਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

'ਕਿਸੇ ਵੀ ਫੋਟੋ ਜਾਂ ਟਵੀਟ 'ਤੇ ਕੋਈ ਇਤਰਾਜ਼ ਨਹੀਂ'

Rahul Gandhi

ਨਵੀਂ ਦਿੱਲੀ: ਦਿੱਲੀ ਕੈਂਟ ਵਿੱਚ ਇੱਕ ਲੜਕੀ ਦੇ ਬਲਾਤਕਾਰ ਅਤੇ ਕਤਲ ਨਾਲ ਜੁੜੇ ਇੱਕ ਟਵੀਟ ਕਾਰਨ ਕਾਂਗਰਸ ਆਗੂ ਰਾਹੁਲ ਗਾਂਧੀ  ਵਿਵਾਦਾਂ ਵਿੱਚ ਘਿਰੇ ਹੋਏ ਹਨ ਅਤੇ ਉਨ੍ਹਾਂ ਦਾ ਟਵਿੱਟਰ ਅਕਾਊਂਟ ਵੀ ਇਸ ਮਾਮਲੇ ਕਾਰਨ ਬੰਦ ਹੋ ਗਿਆ ਹੈ। ਇਸ ਦੌਰਾਨ ਬਲਾਤਕਾਰ ਪੀੜਤ ਦੀ ਮਾਂ ਰਾਹੁਲ ਦੇ ਹੱਕ ਵਿੱਚ ਆਈ ਹੈ। ਉਹਨਾਂ ਕਿਹਾ ਕਿ ਉਸ ਨੂੰ ਕਿਸੇ ਵੀ ਫੋਟੋ ਜਾਂ ਟਵੀਟ 'ਤੇ ਕੋਈ ਇਤਰਾਜ਼ ਨਹੀਂ ਹੈ।

 

 

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਰਾਹੁਲ ਗਾਂਧੀ ਪੀੜਤ ਪਰਿਵਾਰ ਨੂੰ ਮਿਲਣ ਦਿੱਲੀ ਗਏ ਸਨ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਫੋਟੋ ਸ਼ੇਅਰ ਕੀਤੀ ਸੀ। ਇਸ ਫੋਟੋ ਨਾਲ ਮਾਮਲਾ ਗਰਮਾ ਗਿਆ। ਮਾਮਲੇ ਦੀ ਸੁਣਵਾਈ ਅਗਲੇ ਮਹੀਨੇ ਦੀ 27 ਤਰੀਕ ਨੂੰ ਹੋਣੀ ਹੈ। ਪਰ ਟਵਿੱਟਰ ਅਕਾਊਂਟ ਦੇ ਲਾਕ ਹੋਣ ਤੋਂ ਬਾਅਦ ਹੁਣ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਕਾਰਵਾਈ ਦੀ ਤਲਵਾਰ ਲਟਕਣੀ ਸ਼ੁਰੂ ਹੋ ਗਈ।

 

 

ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ਼ ਚਾਈਲਡ ਰਾਈਟਸ (ਐਨਸੀਪੀਸੀਆਰ) ਨੇ ਸ਼ੁੱਕਰਵਾਰ ਨੂੰ ਫੇਸਬੁੱਕ ਨੂੰ ਸਾਬਕਾ ਕਾਂਗਰਸ ਪ੍ਰਧਾਨ ਦੇ ਇੰਸਟਾਗ੍ਰਾਮ ਪ੍ਰੋਫਾਈਲ ਦੇ ਵਿਰੁੱਧ ਕਾਰਵਾਈ ਕਰਨ ਲਈ ਕਿਹਾ ਹੈ। ਇੰਸਟਾਗ੍ਰਾਮ ਫੇਸਬੁੱਕ ਦੀ ਮਲਕੀਅਤ ਵਾਲੀ ਇੱਕ ਕੰਪਨੀ ਹੈ। ਫੇਸਬੁੱਕ ਨੂੰ ਲਿਖੇ ਇੱਕ ਪੱਤਰ ਵਿੱਚ, ਕਮਿਸ਼ਨ ਨੇ ਕਿਹਾ ਕਿ ਉਸਨੇ ਰਾਹੁਲ ਗਾਂਧੀ ਦੇ ਇੰਸਟਾਗ੍ਰਾਮ ਤੇ ਪੋਸਟ ਕੀਤਾ ਇੱਕ ਵੀਡੀਓ ਵੇਖਿਆ ਹੈ, ਜਿਸ ਵਿੱਚ ਦਿੱਲੀ ਵਿੱਚ ਬਲਾਤਕਾਰ ਪੀੜਤ ਦੇ ਮਾਪਿਆਂ ਦੀ ਪਛਾਣ ਦਾ ਖੁਲਾਸਾ ਕੀਤਾ ਗਿਆ ਹੈ।

 

 

ਵੀਡੀਓ ਵਿੱਚ ਲੜਕੀ ਦੇ ਮਾਪਿਆਂ ਦਾ ਚਿਹਰਾ ਸਾਫ਼ ਦਿਖਾਈ ਦੇ ਰਿਹਾ ਹੈ, ਜੋ ਕਿ ਕਾਨੂੰਨ ਦੀ ਉਲੰਘਣਾ ਹੈ। ਕਮਿਸ਼ਨ ਨੇ ਫੇਸਬੁੱਕ ਨੂੰ ਰਾਹੁਲ ਦੇ ਇੰਸਟਾਗ੍ਰਾਮ ਪ੍ਰੋਫਾਈਲ ਵਿਰੁੱਧ ਉਚਿਤ ਕਾਰਵਾਈ ਕਰਨ ਲਈ ਕਿਹਾ, ਕਿਉਂਕਿ ਇਹ ਵੀਡੀਓ ਬਾਲ ਨਿਆਂ ਐਕਟ, 2015 ਅਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਕਾਨੂੰਨ (ਪੋਕਸੋ) ਅਤੇ ਭਾਰਤੀ ਦੰਡ ਸੰਹਿਤਾ ਦੀਆਂ ਵੱਖ -ਵੱਖ ਵਿਵਸਥਾਵਾਂ ਦੀ ਉਲੰਘਣਾ ਕਰਦਾ ਹੈ।

ਕਮਿਸ਼ਨ ਨੇ ਇਸ ਵੀਡੀਓ ਨੂੰ ਇੰਸਟਾਗ੍ਰਾਮ ਤੋਂ ਹਟਾਉਣ ਦੇ ਨਿਰਦੇਸ਼ ਵੀ ਦਿੱਤੇ ਹਨ। ਕਮਿਸ਼ਨ ਦਾ ਕਹਿਣਾ ਹੈ ਕਿ ਬੱਚੀ ਦੇ ਮਾਪਿਆਂ ਦੀ ਪਛਾਣ ਦਾ ਖੁਲਾਸਾ ਨਾਬਾਲਗ ਨਿਆਂ ਕਾਨੂੰਨ ਦੀ ਧਾਰਾ 74, ਪੋਕਸੋ ਐਕਟ ਦੀ ਧਾਰਾ 23 ਅਤੇ ਭਾਰਤੀ ਦੰਡਾਵਲੀ ਦੀ ਧਾਰਾ 228 ਏ ਦੀ ਉਲੰਘਣਾ ਕਰਦਾ ਹੈ। ਦੱਸ ਦੇਈਏ ਕਿ ਟਵਿੱਟਰ ਨੇ ਰਾਹੁਲ ਗਾਂਧੀ ਦੇ ਅਕਾਊਂਟ ਨੂੰ ਲਾਕ ਕਰਨ ਤੋਂ ਬਾਅਦ ਹੀ ਬਾਲ ਕਮਿਸ਼ਨ ਵੱਲੋਂ ਇਸ ਵੀਡੀਓ ਬਾਰੇ ਇਤਰਾਜ਼ ਜਤਾਇਆ ਸੀ।