ਖਾਣ-ਪੀਣ ਦੀਆਂ ਚੀਜ਼ਾਂ ਮਹਿੰਗੀਆਂ ਹੋਣ ਕਾਰਨ ਥੋਕ ਮਹਿੰਗਾਈ ਦਰ ’ਚ ਤਿੱਖਾ ਵਾਧਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਜੁਲਾਈ ’ਚ ਲਗਭਗ ਤਿੰਨ ਫ਼ੀ ਸਦੀ ਵੱਧ ਕੇ ਸਿਫ਼ਰ ਤੋਂ 1.36 ਫ਼ੀ ਸਦੀ ਹੇਠਾਂ ਰਹੀ

inflation

 

ਨਵੀਂ ਦਿੱਲੀ: ਥੋਕ ਮੁੱਲ ਸੂਚਕ ਅੰਕ (ਡਬਲਿਊ.ਪੀ.ਆਈ.) ’ਤੇ ਅਧਾਰਤ ਮਹਿੰਗਾਈ ਦਰ ਜੁਲਾਈ ’ਚ (-)1.36 ਫ਼ੀ ਸਦੀ ਰਹੀ। ਫ਼ਿਊਲ ਦੀਆਂ ਕੀਮਤਾਂ ’ਚ ਨਰਮੀ ਅਤੇ ਭੋਜਨ ਪਦਾਰਥਾਂ ਦੀਆਂ ਕੀਮਤਾਂ ਵਧਣ ਵਿਚਕਾਰ ਇਹ ਲਗਾਤਾਰ ਚੌਥਾ ਮਹੀਨਾ ਹੈ ਜਦੋਂ ਥੋਕ ਮੁੱਲ ਸੂਚਕ ਅੰਕ ਅਧਾਰਤ ਮਹਿੰਗਾਈ ਦਰ ਸਿਫ਼ਰ ਤੋਂ ਹੇਠਾਂ ਰਹੀ ਹੈ। ਇਹ ਲਗਾਤਾਰ ਅਪ੍ਰੈਲ ਤੋਂ ਸਿਫ਼ਰ ਤੋਂ ਹੇਠਾਂ ਬਣੀ ਹੋਈ ਹੈ। ਜੂਨ ’ਚ ਇਹ (-)4.12 ਫ਼ੀ ਸਦੀ ਸੀ। ਪਿਛਲੇ ਸਾਲ ਜੁਲਾਈ ’ਚ ਇਹ 14.07 ਫ਼ੀ ਸਦੀ ਸੀ।
ਸਰਕਾਰੀ ਅੰਕੜਿਆਂ ਅਨੁਸਾਰ ਜੁਲਾਈ ’ਚ ਭੋਜਨ ਪਦਾਰਥਾਂ ਦੀ ਮਹਿੰਗਾਈ ਦਰ 14.25 ਫ਼ੀ ਸਦੀ ਰਹੀ, ਜੋ ਜੂਨ ’ਚ 1.32 ਫ਼ੀ ਸਦੀ ਸੀ।

ਵਣਜ ਅਤੇ ਉਦਯੋਗ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ, ‘‘ਜੁਲਾਈ 2023 ’ਚ ਮਹਿੰਗਾਈ ਦਰ ’ਚ ਕਮੀ ਦਾ ਮੁੱਖ ਰੂਪ ’ਚ ਖਣਿਜ ਤੇਲ, ਬੁਨਿਆਦੀ ਧਾਤਾਂ, ਰਸਾਇਣ ਅਤੇ ਰਸਾਇਣ ਉਤਪਾਦ, ਕੱਪੜਾ ਅਤੇ ਭੋਜਨ ਉਤਪਾਦਾਂ ਦੀਆਂ ਕੀਮਤਾਂ ’ਚ ਕਮੀ ਕਾਰਨ ਆਈ।’’ ਫ਼ਿਊਲ ਅਤੇ ਬਿਜਲੀ ਖੇਤਰ ਦੀ ਮਹਿੰਗਾਈ ਦਰ ਜੁਲਾਈ ’ਚ (-)12.79 ਫ਼ੀ ਸਦੀ ਰਹੀ ਜੋ ਜੂਨ ’ਚ (-)12.63 ਫ਼ੀ ਸਦੀ ਸੀ। ਨਿਰਮਿਤ ਉਤਪਾਦਾਂ ਦੀ ਮਹਿੰਗਾਈ ਦਰ ਮਈ ’ਚ (-)2.51 ਫ਼ੀ ਸਦੀ ਰਹੀ। ਜੂਨ ’ਚ ਇਹ (-)2.71 ਫ਼ੀ ਸਦੀ ਸੀ।

ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਵਧਦੀ ਪ੍ਰਚੂਨ ਮਹਿੰਗਾਈ ਨੂੰ ਕਾਬੂ ’ਚ ਰੱਖਣ ਨਾਲ ਅਰਥਚਾਰੇ ਨੂੰ ਗਤੀ ਦੇਣ ਦੇ ਮਕਸਦ ਨਾਲ ਲਗਾਤਾਰ ਤੀਜੀ ਵਾਰੀ ਨੀਤੀਗਤ ਦਰ ਰੇਪੋ ਨੂੰ 6.5 ਫ਼ੀ ਸਦੀ ’ਤੇ ਪਿਛਲੇ ਹਫ਼ਤੇ ਬਰਕਰਾਰ ਰਖਿਆ ਸੀ। ਆਰ.ਬੀ.ਆਈ. ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਸੀ, ‘‘ਮਹਿੰਗਾਈ ਦਰ ਨੂੰ ਲੈ ਕੇ ਅਜੇ ਕੰਮ ਖ਼ਤਮ ਨਹੀਂ ਹੋਇਆ ਹੈ। ਕੌਮਾਂਤਰੀ ਬਾਜ਼ਾਰ ’ਚ ਖਾਣ-ਪੀਣ ਦੀਆਂ ਚੀਜ਼, ਊਰਜਾ ਦੀਆਂ ਕੀਮਤਾਂ ’ਚ ਉਤਰਾਅ-ਚੜ੍ਹਾਅ ਅਤੇ ਭੂ-ਰਾਜਨੀਤਕ ਤਣਾਅ ਬਣਿਆ ਰਹਿਣ ਅਤੇ ਮੌਸਮ ਬਾਬਤ ਬੇਯਕੀਨੀਆਂ ਕਾਰਨ ਮਹਿੰਗਾਈ ਦਰ ਨੂੰ ਲੈ ਕੇ ਜੋਖਮ ਬਣਿਆ ਹੋਇਆ ਹੈ।’’

ਆਰ.ਬੀ.ਆਈ. ਨੇ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਕਾਰਨ ਪੈਦਾ ਦਬਾਅ ਦਾ ਹਵਾਲਾ ਦਿੰਦਿਆਂ ਚਾਲੂ ਵਿੱਤੀ ਵਰ੍ਹੇ 2023-24 ਲਈ ਮਹਿੰਗਾਈ ਦਰ ਦਾ ਅੰਦਾਜ਼ਾ 5.1 ਫ਼ੀ ਸਦੀ ਤੋਂ ਵਧਾ ਕੇ 5.4 ਫ਼ੀ ਸਦੀ ਕਰ ਦਿਤਾ ਹੈ। ਜੁਲਾਈ-ਸਤੰਬਰ ਤਿਮਾਹੀ ’ਚ ਮਹਿੰਗਾਈ ਦਰ 6.2 ਫ਼ੀ ਸਦੀ ਰਹਿਣ ਦਾ ਅੰਦਾਜ਼ਾ ਹੈ ਜੋ ਪਹਿਲਾਂ ਦੇ 5.2 ਫ਼ੀ ਸਦੀ ਦੇ ਅੰਦਾਜ਼ੇ ਤੋਂ ਵੱਧ ਹੈ।