Bombay High Court: ਸ਼ੁਕਰਾਣੂ ਜਾਂ ਅੰਡਾਣੂ ਦਾਨ ਕਰਨ ਵਾਲੇ ਦਾ ਬੱਚੇ ’ਤੇ ਕੋਈ ਕਾਨੂੰਨੀ ਅਧਿਕਾਰ ਨਹੀਂ : ਅਦਾਲਤ

ਏਜੰਸੀ

ਖ਼ਬਰਾਂ, ਰਾਸ਼ਟਰੀ

Bombay High Court: ਅਦਾਲਤ ਨੇ ਇਸ ਦੇ ਨਾਲ ਹੀ 42 ਸਾਲ ਔਰਤ ਨੂੰ ਅਪਣੀਆਂ ਪੰਜ ਸਾਲ ਦੀਆਂ ਜੁੜਵਾਂ ਧੀਆਂ ਨੂੰ ਮਿਲਣ ਦੀ ਇਜਾਜ਼ਤ ਵੀ ਦੇ ਦਿਤੀ

Sperm or egg donor has no legal right to child: Court

 

Bombay High Court: ਬੰਬਈ ਹਾਈ ਕੋਰਟ ਨੇ ਮੰਗਲਵਾਰ ਨੂੰ ਕਿਹਾ ਕਿ ਸ਼ੁਕਰਾਣੂ ਜਾਂ ਅੰਡਾਣੂ ਦਾਨ ਕਰਨ ਵਾਲੇ ਦਾ ਬੱਚੇ ’ਤੇ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ ਅਤੇ ਉਹ ਉਸ ਦੇ ਜੈਵਿਕ ਮਾਪੇ ਹੋਣ ਦਾ ਦਾਅਵਾ ਨਹੀਂ ਕਰ ਸਕਦਾ।

ਅਦਾਲਤ ਨੇ ਇਸ ਦੇ ਨਾਲ ਹੀ 42 ਸਾਲ ਔਰਤ ਨੂੰ ਅਪਣੀਆਂ ਪੰਜ ਸਾਲ ਦੀਆਂ ਜੁੜਵਾਂ ਧੀਆਂ ਨੂੰ ਮਿਲਣ ਦੀ ਇਜਾਜ਼ਤ ਵੀ ਦੇ ਦਿਤੀ। ਅਪਣੀ ਪਟੀਸ਼ਨ ਵਿਚ ਔਰਤ ਨੇ ਕਿਹਾ ਕਿ ਸਰੋਗੇਸੀ ਰਾਹੀਂ ਪੈਦਾ ਹੋਈਆਂ ਉਸ ਦੀਆਂ ਧੀਆਂ ਉਸ ਦੇ ਪਤੀ ਅਤੇ ਅੰਡਾਣੂ ਦਾਨ ਕਰਨ ਵਾਲੀ ਛੋਟੀ ਭੈਣ ਨਾਲ ਰਹਿ ਰਹੀਆਂ ਹਨ।

ਪਟੀਸ਼ਨਕਰਤਾ ਦੇ ਪਤੀ ਨੇ ਦਾਅਵਾ ਕੀਤਾ ਸੀ ਕਿ ਕਿਉਂਕਿ ਉਸ ਦੀ ਸਾਲੀ ਨੇ ਅੰਡੇ ਦਾਨ ਕੀਤੇ ਸਨ, ਇਸ ਲਈ ਉਸ ਨੂੰ ਜੁੜਵਾਂ ਬੱਚਿਆਂ ਦੀ ਜੈਵਿਕ ਮਾਂ ਕਹਾਉਣ ਦਾ ਜਾਇਜ਼ ਅਧਿਕਾਰ ਹੈ ਅਤੇ ਉਸ ਦੀ ਪਤਨੀ ਦਾ ਉਨ੍ਹਾਂ ’ਤੇ ਕੋਈ ਅਧਿਕਾਰ ਨਹੀਂ ਹੈ।

ਹਾਲਾਂਕਿ, ਜਸਟਿਸ ਮਿਲਿੰਦ ਜਾਧਵ ਦੀ ਸਿੰਗਲ ਬੈਂਚ ਨੇ ਪਤੀ ਦੀ ਦਲੀਲ ਨੂੰ ਖਾਰਜ ਕਰ ਦਿਤਾ ਅਤੇ ਕਿਹਾ ਕਿ ਪਟੀਸ਼ਨਕਰਤਾ ਦੀ ਛੋਟੀ ਭੈਣ ਅੰਡਾਣੂ ਦਾਨ ਕਰਨ ਵਾਲੀ ਸੀ ਪਰ ਉਸ ਨੂੰ ਇਹ ਦਾਅਵਾ ਕਰਨ ਦਾ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ ਕਿ ਉਹ ਜੁੜਵਾਂ ਬੱਚਿਆਂ ਦੀ ਜੈਵਿਕ ਮਾਂ ਹੈ।

ਪਟੀਸ਼ਨ ਦੇ ਅਨੁਸਾਰ, ਜੋੜਾ ਆਮ ਪ੍ਰਕਿਰਿਆ ਰਾਹੀਂ ਗਰਭਧਾਰਨ ਨਹੀਂ ਕਰ ਸਕਿਆ ਅਤੇ ਪਟੀਸ਼ਨਕਰਤਾ ਦੀ ਭੈਣ ਸਵੈ-ਇੱਛਾ ਨਾਲ ਅਪਣੇ ਆਂਡੇ ਦਾਨ ਕਰਨ ਲਈ ਅੱਗੇ ਆਈ।