ਕੋਵਿਡ-19 ਦੇ ਮੱਦੇਨਜ਼ਰ ਵਿਆਪਕ ਪ੍ਰਬੰਧਾਂ ਵਿਚਕਾਰ ਅੱਜ ਤੋਂ ਸ਼ੁਰੂ ਹੋ ਰਿਹਾ ਮਾਨਸੂਨ ਸੈਸ਼ਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਆਰਡੀਨੈਂਸਾਂ ਦੀ ਥਾਂ ਲੈਣ ਵਾਲੇ ਚਾਰ ਬਿਲਾਂ ਦਾ ਵਿਰੋਧ ਕਰਨਗੀਆਂ

Monsoon Session Start Today

ਨਵੀਂ ਦਿੱਲੀ : ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਸੰਸਦ ਦੇ ਮਾਨਸੂਨ ਸੈਸ਼ਨ 'ਚ ਸਰਕਾਰ ਵਲੋਂ ਪੇਸ਼ ਕੀਤੇ ਗਏ 11 ਬਿਲਾਂ ਵਿਚੋਂ ਚਾਰ ਵਿਰੁਧ ਰੋਸ ਪ੍ਰਦਰਸ਼ਨ ਕਰਨਗੀਆਂ ਅਤੇ ਅਪਣੀਆਂ ਚਿੰਤਾਵਾਂ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਜਵਾਬ ਮੰਗਣਗੀਆਂ। ਇਹ ਬਿੱਲ ਪਹਿਲਾਂ ਲਿਆਂਦੇ ਆਰਡੀਨੈਂਸ ਦੀ ਥਾਂ ਲੈਣਗੇ।

ਕਾਂਗਰਸ ਦੇ ਸੀਨੀਅਰ ਨੇਤਾ ਜੈਰਾਮ ਰਮੇਸ਼ ਨੇ ਐਤਵਾਰ ਨੂੰ ਕਿਹਾ ਕਿ ਪਾਰਟੀ ਸਮਾਨ ਸੋਚ ਵਾਲੀਆਂ ਪਾਰਟੀਆਂ ਦੇ ਸੰਪਰਕ 'ਚ ਹੈ ਅਤੇ ਉਸਨੇ ਸੰਸਦ ਦੇ ਦੋਵਾਂ ਸਦਨਾਂ 'ਚ ਤਿੰਨ ਖੇਤੀਬਾੜੀ ਬਿੱਲਾਂ ਅਤੇ ਬੈਂਕਿੰਗ ਰੈਗੂਲੇਸ਼ਨ ਕਾਨੂੰਨ ਦਾ ਸਖ਼ਤ ਵਿਰੋਧ ਕਰਨ ਦਾ ਫ਼ੈਸਲਾ ਕੀਤਾ ਹੈ। ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਵਿਆਪਕ ਪ੍ਰਬੰਧਾਂ ਦੇ ਵਿਚਕਾਰ ਸੰਸਦ ਦਾ ਮਾਨਸੂਨ ਸੈਸ਼ਨ ਸੋਮਵਾਰ ਤੋਂ ਸ਼ੁਰੂ ਹੋ ਰਿਹਾ ਹੈ।

ਸਮਾਨ ਸੋਚ ਵਾਲੀਆਂ ਵਿਰੋਧੀ ਪਾਰਟੀਆਂ ਨੇ ਮਹਾਂਮਾਰੀ ਨਾਲ ਨਜਿੱਠਣ, ਅਰਥਚਾਰੇ ਦੀ ਸਥਿਤੀ ਅਤੇ ਲੱਦਾਖ਼ ਦੀ ਸਰਹੱਦ 'ਤੇ ਚੀਨੀ ਹਮਲਾਵਰਾਂ
ਵਰਗੇ ਮਹੱਤਵਪੂਰਨ ਮੁੱਦਿਆਂ 'ਤੇ ਸਰਕਾਰ ਨੂੰ ਘੇਰਨ ਲਈ ਇਕ ਸਾਂਝੀ ਰਣਨੀਤੀ ਬਣਾਉਣ ਦਾ ਫ਼ੈਸਲਾ ਕੀਤਾ ਹੈ। ਡਿਜੀਟਲੀ ਤੌਰ 'ਤੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਮੇਸ਼ ਨੇ ਕਿਹਾ, “''ਅਸੀਂ ਚੀਨ ਨਾਲ ਸਰਹੱਦ 'ਤੇ ਹਾਲਾਤ, ਅਰਥ ਵਿਵਸਥਾ ਦੀ ਸਥਿਤੀ, ਕਾਰੋਬਾਰ ਬੰਦ ਹੋਣ, ਐਮਐਸਐਮਈ ਉਦਯੋਗ ਦੀ ਸਥਿਤੀ, ਕੋਵਿਡ-19 ਮਹਾਂਮਾਰੀ ਨਾਲ ਨਜਿੱਠਣ, ਹਵਾਈ ਅੱਡਿਆਂ ਦਾ ਨਿੱਜੀਕਰਨ ਅਤੇ ਖਰੜਾ ਈ.ਆਈ.ਏ. ਨੋਟੀਫਿਕੇਸ਼ਨ ਸਮੇਤ ਕੁਝ ਹੋਰ ਮੁੱਦਿਆਂ 'ਤੇ ਲੋਕ ਸਭਾ ਅਤੇ ਰਾਜ ਸਭਾ 'ਚ ਵਿਚਾਰ ਕਰਨਾ ਚਾਹੁੰਦੇ ਹਾਂ।

ਉਨ੍ਹਾਂ ਕਿਹਾ, “''ਅਸੀਂ ਉਮੀਦ ਕਰਦੇ ਹਾਂ ਕਿ ਵਿਰੋਧੀ ਧਿਰ ਨੂੰ ਦੇਸ਼ ਦੇ ਗੰਭੀਰ ਮੁੱਦਿਆਂ 'ਤੇ ਬੋਲਣ ਅਤੇ ਵਿਚਾਰ ਵਟਾਂਦਰੇ ਕਰਨ ਦਾ ਮੌਕਾ ਮਿਲੇਗਾ। ”ਅਸੀਂ ਉਮੀਦ ਕਰਦੇ ਹਾਂ ਕਿ ਪ੍ਰਧਾਨ ਮੰਤਰੀ ਲੋਕ ਸਭਾ ਅਤੇ ਰਾਜ ਸਭਾ 'ਚ ਸਾਡੇ ਦੁਆਰਾ ਉਠਾਏ ਪ੍ਰਸ਼ਨਾਂ ਦੇ ਜਵਾਬ ਦੇਣਗੇ। ਪ੍ਰਧਾਨ ਮੰਤਰੀ ਆਉਂਦੇ ਨਹੀਂ ਹਨ ਅਤੇ ਅਸੀਂ ਚਾਹੁੰਦੇ ਹਾਂ ਕਿ ਉਹ ਲੋਕ ਸਭਾ ਅਤੇ ਰਾਜ ਸਭਾ ਦੋਵਾਂ 'ਚ ਮੌਜੂਦ ਰਹਿਣ।''

ਜਦੋਂ ਇਸ ਬਾਰੇ ਪੁੱਛਿਆ ਗਿਆ ਕਿ ਵਿਰੋਧੀ ਪਾਰਟੀਆਂ ਸਾਂਝੇ ਰਣਨੀਤੀ ਲਈ ਕਦੋਂ ਬੈਠਣਗੀਆਂ ਤਾਂ ਰਮੇਸ਼ ਨੇ ਕਿਹਾ ਕਿ ਵੱਖ-ਵੱਖ ਵਿਚਾਰਧਾਰਾ ਵਾਲੀਆਂ ਪਾਰਟੀਆਂ ਦੇ ਆਗੂ ਆਨਲਾਈਨ ਗੱਲਬਾਤ ਕਰ ਰਹੇ ਹਨ ਅਤੇ ਇਕ ਰਣਨੀਤੀ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ, “''ਸੀਨੀਅਰ ਕਾਂਗਰਸੀ ਨੇਤਾ ਗੁਲਾਮ ਨਬੀ ਆਜ਼ਾਦ, ਆਨੰਦ ਸ਼ਰਮਾ, ਕੇਸੀ ਵੇਣੂਗੋਪਾਲ ਅਤੇ ਮੈਂ ਖ਼ੁਦ ਸਮਾਨ ਸੋਚ ਵਾਲੀਆਂ ਵਿਰੋਧੀ ਪਾਰਟੀਆਂ ਨਾਲ ਵਿਚਾਰ ਵਟਾਂਦਰੇ ਕੀਤੇ ਹਨ।”

ਅਸੀਂ ਉਨ੍ਹਾਂ ਨਾਲ ਨਿਰੰਤਰ ਸੰਪਰਕ ਵਿਚ ਹਾਂ। ਅਸੀਂ ਵੱਖ-ਵੱਖ ਮੁੱਦਿਆਂ ਨੂੰ ਉਠਾਉਣ ਅਤੇ ਆਰਡੀਨੈਂਸਾਂ 'ਤੇ ਅਪਣਾਏ ਜਾਣ ਵਾਲੇ ਰਵੱਈਏ 'ਤੇ ਵਿਚਾਰ-ਵਟਾਂਦਰਾ ਕੀਤੇ ਹਨ।'' ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਸਮਾਨ ਸੋਚ ਵਾਲੀਆਂ ਪਾਰਟੀਆਂ ਨੇ ਚਾਰ ਆਰਡੀਨੈਂਸਾਂ ਦਾ ਵਿਰੋਧ ਕੀਤਾ ਹੈ, ਜਿਨ੍ਹਾਂ ਨੂੰ ਸਰਕਾਰ ਨੇ ਪਹਿਲਾਂ ਲਾਗੂ ਕੀਤਾ ਸੀ ਅਤੇ ਹੁਣ ਇਸ ਦੀ ਥਾਂ ਬਿੱਲ ਲਿਆਂਦੇ ਜਾਣਗੇ। ਉਨ੍ਹਾਂ ਕਿਹਾ ਕਿ ਚਾਰੇ ਆਰਡੀਨੈਂਸਾਂ ਨੇ ਸੂਬਿਆਂ ਦੇ ਅਧਿਕਾਰ ਖੋਹ ਲਏ ਹਨ ਅਤੇ ਇਸ ਨਾਲ ਸ਼ਕਤੀ ਦਾ ਹੋਰ ਕੇਂਦਰੀਕਰਨ ਹੋਵੇਗੀ।  

ਇਸ ਵਾਰ ਸੈਸ਼ਨ 'ਚ ਪਹਿਲੀ ਵਾਰ ਹੋਣਗੀਆਂ ਕਈ ਚੀਜ਼ਾਂ
ਕੋਰੋਨਾ ਵਾਇਰਸ ਮਹਾਂਮਾਰੀ ਦੀ ਮਾਰ ਹੇਠ ਸੰਸਦ ਸੋਮਵਾਰ ਤੋਂ 18 ਦਿਨਾਂ ਦੇ ਮਾਨਸੂਨ ਸੈਸ਼ਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਸੈਸ਼ਨ 'ਚ ਕਈ ਚੀਜ਼ਾਂ ਪਹਿਲੀ ਵਾਰ ਹੋ ਰਹੀਆਂ ਹਨ ਅਤੇ ਸੈਸ਼ਨ 'ਚ ਇਕ ਵੀ ਛੁੱਟੀ ਸ਼ਾਮਲ ਨਹੀਂ ਹੈ। ਸੰਸਦ ਭਵਨ 'ਚ ਸਿਰਫ਼ ਉਨ੍ਹਾਂ ਲੋਕਾਂ ਦਾ ਪ੍ਰਵੇਸ਼ ਹੋਵੇਗਾ ਜਿਨ੍ਹਾਂ ਕੋਲ ਕੋਵਿਡ 19 ਨੈਗੇਟਿਵ ਦੀ ਰੀਪੋਰਟ ਹੋਵੇਗੀ ਅਤੇ ਇਸ ਦੌਰਾਨ ਮਾਸਕ ਪਾਉਣ ਲਾਜ਼ਮੀ ਹੋਵੇਗਾ।

ਸੈਸ਼ਨ ਤੋਂ ਪਹਿਲਾਂ ਸਾਂਸਦਾਂ ਅਤੇ ਸੰਸਦ ਦੇ ਕਰਮਚਾਰੀਆਂ ਸਮੇਤ 4000 ਤੋਂ ਵੱਧ ਲੋਕਾਂ ਦੀ ਜਾਂਚ ਕਰਾਈ ਗਈ ਹੈ। ਇਸ ਵਾਰ ਸਿਫਰ ਕਾਲ ਦਾ ਸਮਾਂ ਵੀ ਘੱਟ ਕਰ ਕੇ ਅੱਧੇ ਘੰਟੇ ਦਾ ਕਰ ਦਿਤਾ ਗਿਆ ਹੈ। ਸਵਾਲਾਂ ਦੇ ਜਵਾਬ ਵੀ ਲਿਖਤੀ ਰੂਪ ਵਿਚ ਦਿਤੇ ਜਾਣਗੇ। ਦੱਸ ਦੇਈਏ ਕਿ ਕਿ ਇਸ ਵਾਰ ਪ੍ਰਸ਼ਨਕਾਲ ਨਹੀਂ ਹੋਵੇਗਾ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਪਹਿਲੇ ਦਿਨ 14 ਸਤੰਬਰ ਨੂੰ ਕਾਰਵਾਈ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤਕ ਚਲੇਗੀ। ਜਦਕਿ 15 ਸਤੰਬਰ ਤੋਂ ਅਕਤੂਬਰ ਤਕ ਸਦਨ ਦੀ ਕਾਰਵਾਈ ਇਕ ਵਜੇ ਤੋਂ ਸ਼ਾਮ 7 ਵਜੇ ਤਕ ਆਯੋਜਿਤ ਕੀਤੀ ਜਾਵੇਗੀ। ਸਨਿਚਰਵਾਰ ਅਤੇ ਐਤਵਾਰ ਨੂੰ ਕੋਈ ਛੁੱਟੀ ਨਹੀਂ ਹੋਵੇਗੀ।

ਸੈਸ਼ਨ ਤੋਂ ਪਹਿਲਾਂ 5 ਸੰਸਦ ਮੈਂਬਰ ਮਿਲੇ ਕੋਰੋਨਾ ਪਾਜ਼ੇਟਿਵ
ਸੰਸਦ ਦੇ ਮਾਨਸੂਨ ਸੈਸ਼ਨ ਦੀ ਸ਼ੁਰੂਆਤ ਸੋਮਵਾਰ ਤੋਂ ਹੋਣ ਜਾ ਰਹੀ ਹੈ। ਉਸ ਤੋਂ ਪਹਿਲਾਂ ਹੋਈ ਜਾਂਚ ਵਿਚ ਲੋਕ ਸਭਾ ਦੇ 5 ਸੰਸਦ ਮੈਂਬਰ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਸੂਤਰਾਂ ਮੁਤਾਬਕ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਸੰਸਦ ਮੈਂਬਰਾਂ ਦੀ ਕੋਰੋਨਾ ਜਾਂਚ ਹੋ ਰਹੀ ਹੈ। ਜਿਸ 'ਚ ਲੋਕ ਸਭਾ ਦੇ 5 ਮੈਂਬਰ ਪਾਜ਼ੇਟਿਵ ਮਿਲੇ ਹਨ। ਅਜੇ ਹੋਰ ਸੰਸਦ ਮੈਂਬਰਾਂ ਦਾ ਕੋਰੋਨਾ ਟੈਸਟ ਚੱਲ ਰਿਹਾ ਹੈ, ਜਿਨ੍ਹਾਂ ਦੀ ਰੀਪੋਰਟ ਆਉਣੀ ਅਜੇ ਬਾਕੀ ਹੈ। ਦੱਸਣਯੋਗ ਹੈ ਕਿ ਇਸ ਵਾਰ ਕੋਰੋਨਾ ਆਫ਼ਤ ਕਾਰਨ ਸੰਸਦ ਸੈਸ਼ਨ ਵਿਚ ਸਭ ਕੁਝ ਬਦਲਿਆ ਜਿਹਾ ਨਜ਼ਰ ਆਵੇਗਾ। ਸੈਸ਼ਨ ਦੌਰਾਨ ਕੋਰੋਨਾ ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕੀਤਾ ਜਾਵੇਗਾ।