ਮੌਜੂਦਾ ਸਾਲ ਵਿਚ ਭਾਰਤੀ ਅਰਥਚਾਰੇ 'ਚ 9 ਫ਼ੀ ਸਦੀ ਗਿਰਾਵਟ ਦਾ ਅੰਦਾਜ਼ਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੌਜੂਦਾ ਸਾਲ ਵਿਚ ਭਾਰਤੀ ਅਰਥਚਾਰੇ 'ਚ 9 ਫ਼ੀ ਸਦੀ ਗਿਰਾਵਟ ਦਾ ਅੰਦਾਜ਼ਾ

IMAGE

ਨਵੀਂ ਦਿੱਲੀ, 14 ਸਤੰਬਰ : ਐਸਐਂਡਪੀ ਗਲੋਬਲ ਰੇਟਿੰਗਜ਼ ਨੇ ਮੌਜੂਦਾ ਵਿੱਤੀ ਸਾਲ ਵਿਚ ਭਾਰਤੀ ਅਰਥਚਾਰੇ ਵਿਚ 9 ਫ਼ੀ ਸਦੀ ਦੀ ਗਿਰਾਵਟ ਦਾ ਅੰਦਾਜ਼ਾ ਲਗਾਇਆ ਹੈ। ਐਸਐਂਡਪੀ ਨੇ ਸੋਮਵਾਰ ਨੂੰ 2020-21 ਲਈ ਭਾਰਤ ਦੀ ਵਾਧਾ ਦਰ ਦਾ ਅੰਦਾਜ਼ਾ ਘਟਾ ਕੇ ਨਕਾਰਾਤਮਕ 9 ਫ਼ੀ ਸਦੀ ਕਰ ਦਿਤਾ। ਪਹਿਲਾਂ ਉਸ ਨੇ ਭਾਰਤੀ ਅਰਥਚਾਰੇ ਵਿਚ 5 ਫ਼ੀ ਸਦੀ ਦੀ ਗਿਰਾਵਟ ਦਾ ਅੰਦਾਜ਼ਾ ਲਗਾਇਆ ਸੀ। ਐਸਐਂਡਪੀ ਗਲੋਬਲ ਰੇਟਿੰਗ ਏਸ਼ੀਆ ਪ੍ਰਸ਼ਾਂਤ ਦੇ ਅਰਥਸ਼ਾਸਤਰੀ ਵਿਸ਼ਰਤ ਰਾਣਾ ਨੇ ਕਿਹਾ,''ਕੋਵਿਡ-19 ਦੇ ਮਾਮਲੇ ਲਗਾਤਾਰ ਵਧਣ ਕਾਰਨ ਨਿਜੀ ਆਰਥਕ ਗਤੀਵਿਧੀਆਂ ਰੁਕੀਆਂ ਹੋਈਆਂ ਹਨ।'' ਅਮਰੀਕੀ ਰੇਟਿੰਗ ਏਜੰਸੀ ਨੇ ਕਿਹਾ,''ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਕਾਰਨ ਭਾਰਤ ਵਿਚ ਨਿਜੀ ਖ਼ਰਚ ਅਤੇ ਨਿਵੇਸ਼ ਲੰਬੇ ਸਮੇਂ ਤਕ ਹੇਠਲੇ ਪੱਧਰ 'ਤੇ ਰਹੇਗਾ।

image

ਐਸਐਂਡਪੀ ਗਲੋਬਲ ਰੇਟਿੰਗਜ਼ ਦਾ ਅੰਦਾਜ਼ਾ ਹੈ ਕਿ 31 ਮਾਰਚ 2021 ਦੇ ਖ਼ਤਮ ਹੋਣ ਵਾਲੇ ਵਿੱਤੀ ਸਾਲ ਵਿਚ ਭਾਰਤ ਦੀ ਜੀ.ਡੀ.ਪੀ. ਵਿਚ 9 ਫ਼ੀ ਸਦੀ ਦੀ ਗਿਰਾਵਟ ਆਏਗੀ।''
 ਇਸ ਤੋਂ ਪਹਿਲਾਂ ਰੇਟਿੰਗ ਏਜੰਸੀ ਨੇ ਭਾਰਤੀ ਅਰਥਚਾਰੇ ਵਿਚ 5 ਫ਼ੀ ਸਦੀ ਦੀ ਗਿਰਾਵਟ ਦਾ ਅੰਦਾਜ਼ਾ ਲਗਾਇਆ ਸੀ। ਰੇਟਿੰਗ ਏਜੰਸੀ ਨੇ ਕਿਹਾ ਕਿ ਮੌਜੂਦਾ ਵਿੱਤ ਸਾਲ ਦੀ ਪਹਿਲੀ ਅਪ੍ਰੈਲ-ਜੂਨ ਦੀ ਤਿਮਾਹੀ ਵਿਚ ਵਾਧਾ ਦਰ 23.9 ਫ਼ੀ ਸਦੀ ਦੀ ਗਿਰਾਵਟ ਉਮੀਦ ਤੋਂ ਕਿਤੇ ਜ਼ਿਆਦਾ ਰਹੀ ਹੈ। ਪਿਛਲੇ ਹਫ਼ਤੇ ਦੋ ਹੋਰ ਆਲਮੀ ਰੇਟਿੰਗ ਏਜੰਸੀਆਂ ਮੁਡੀਜ਼ ਅਤੇ ਫਿਚ ਨੇ ਵੀ ਭਾਰਤ ਦੀ ਵਾਧਾ ਦਰ ਦਾ ਅੰਦਾਜ਼ਾ ਘਟਾਇਆ ਸੀ। ਮੁਡੀਜ਼ ਨੇ ਮੌਜੂਦਾ ਵਿੱਤੀ ਸਾਲ ਵਿਚ ਭਾਰਤੀ ਅਰਥਚਾਰੇ ਵਿਚ 11.5 ਫ਼ੀ ਸਦੀ ਅਤੇ ਫਿਚ ਨੇ 10.5 ਫ਼ੀ ਸਦੀ ਦੀ ਗਿਰਾਵਟ ਦਾ ਅੰਦਾਜ਼ਾ ਲਗਾਇਆ ਹੈ। ਹਾਲਾਂਕਿ, ਗੋਲਡਮੈਨ ਸੈਸ਼ ਦਾ ਅੰਦਾਜ਼ਾ ਹੈ ਕਿ ਮੌਜੂਦਾ ਵਿੱਤ ਸਾਲ ਵਿਚ ਭਾਰਤੀ ਅਰਥਚਾਰੇ ਵਿਚ 14.8 ਫ਼ੀ ਸਦੀ ਦੀ ਗਿਰਾਵਟ ਆਏਗੀ। (ਪੀਟੀਆਈ)




ਥੋਕ ਮਹਿੰਗਾਈ ਵੱਧ ਕੇ 0.16 ਫ਼ੀ ਸਦੀ 'ਤੇ ਪਹੁੰਚੀ

image



ਨਵੀਂ ਦਿੱਲੀ, 14 ਸਤੰਬਰ : ਖਾਦ ਅਤੇ ਤਿਆਰ ਉਤਪਾਦ ਮਹਿੰਗੇ ਹੋਣ ਨਾਲ ਅਗੱਸਤ ਵਿਚ ਥੋਕ ਮਹਿੰਗਾਈ 0.16 ਫ਼ੀ ਸਦੀ 'ਤੇ ਪਹੁੰਚ ਗਈ। ਵਣਜ ਅਤੇ ਉਦਯੋਗ ਮੰਤਰਾਲੇ ਵਲੋਂ ਸੋਮਵਾਰ ਨੂੰ ਜਾਰੀ ਬਿਆਨ ਵਿਚ ਇਹ ਜਾਣਕਾਰੀ ਦਿਤੀ ਗਈ ਹੈ। ਇਸ ਤੋਂ ਪਹਿਲਾਂ ਪਿਛਲੇ ਕਈ ਮਹੀਨਿਆਂ ਤਕ ਥੋਕ ਮਹਿੰਗਾਈ ਦਰ ਨਕਾਰਾਤਮਕ ਦਾਇਰੇ ਭਾਵ ਸਿਫ਼ਰ ਤੋਂ ਹੇਠਾਂ ਰਹੀ ਸੀ। ਅਪ੍ਰੈਲ ਵਿਚ ਇਹ -157 ਫ਼ੀ ਸਦੀ, ਮਈ ਵਿਚ -3.37 ਫ਼ੀ ਸਦੀ, ਜੂਨ ਵਿਚ -1.81 ਫ਼ੀ ਸਦੀ ਅਤੇ ਜੁਲਾਈ ਵਿਚ -0.58 ਫ਼ੀ ਸਦੀ ਰਹੀ ਸੀ। ਪਿਛਲੇ ਸਾਲ ਅਗੱਸਤ ਮਹੀਨੇ ਵਿਚ ਥੋਕ ਮਹਿੰਗਾਈ ਦਰ 1.17 ਫ਼ੀ ਸਦੀ ਸੀ। ਅਗੱਸਤ ਵਿਚ ਖੁਰਾਕੀ ਚੀਜ਼ਾਂ ਦੀ ਮਹਿੰਗਾਈ 3.84 ਫ਼ੀ ਸਦੀ ਰਹੀ। ਇਸ ਦੌਰਾਨ ਆਲੂ ਦੀਆਂ ਕੀਮਤਾਂ ਵਿਚ 82.93 ਫ਼ੀ ਸਦੀ ਹੋਇਆ। ਸਬਜ਼ੀਆਂ ਦੀ ਮਹਿੰਗਾਈ 7.03 ਫ਼ੀ ਸਦੀ ਰਹੀ। ਇਸ ਦੌਰਾਨ ਹਾਲਾਂਕਿ, ਪਿਆਜ 34.48 ਫ਼ੀ ਸਦੀ ਸਸਤਾ ਰਿਹਾ। ਤੇਲ ਤੇ ਬਿਜਲੀ ਦੀ ਮਹਿੰਗਾਈ ਦਰ ਘੱਟ ਕੇ 9.68 ਫ਼ੀ ਸਦੀ ਰਹਿ ਗਈ, ਜੋ ਪਿਛਲੇ ਮਹੀਨੇ ਭਾਵ ਜੁਲਾਈ ਵਿਚ 9.84 ਫ਼ੀ ਸਦੀ ਸੀ। ਭਾਰਤੀ ਰਿਜ਼ਰਵ ਬੈਂਕ ਨੇ ਪਿਛਲੇ ਮਹੀਨੇ ਕਰੰਸੀ ਨੀਤੀ ਸਮੀਖਿਆ ਵਿਚ ਮਹਿੰਗਾਈ ਦੇ ਉਪਰ ਵਲ ਜਾਣ ਦੇ ਜੋਖ਼ਮ ਦੀ ਵਜ੍ਹਾ ਨਾਲ ਨੀਤੀਗਤ ਦਰਾਂ 'ਚ ਕੋਈ ਬਦਲਾਅ ਨਹੀਂ ਕੀਤਾ ਸੀ। (ਪੀਟੀਆਈ)