ਗੁਜਰਾਤ 'ਚ ATS ਨੂੰ ਮਿਲੀ ਕਾਮਯਾਬੀ, ਤੱਟ ਤੋਂ 40 ਕਿਲੋ ਹੈਰੋਇਨ ਕੀਤੀ ਬਰਾਮਦ
6 ਪਾਕਿਸਤਾਨੀ ਵੀ ਕੀਤੇ ਗ੍ਰਿਫਤਾਰ
ਗੁਜਰਾਤ 'ਚ ਅੱਤਵਾਦ ਵਿਰੋਧੀ ਦਸਤੇ (ਏ.ਟੀ.ਐੱਸ.) ਅਤੇ ਭਾਰਤੀ ਤੱਟ ਰੱਖਿਅਕ ਦਲ ਨੂੰ ਅੱਜ ਵੱਡੀ ਸਫਲਤਾ ਮਿਲੀ ਹੈ। ਏਟੀਐਸ ਨੇ ਭਾਰਤੀ ਤੱਟ ਰੱਖਿਅਕਾਂ ਨਾਲ ਸਾਂਝੇ ਆਪਰੇਸ਼ਨ ਦੌਰਾਨ ਸੂਬੇ ਦੇ ਤੱਟ ਤੋਂ ਦੂਰ ਅਰਬ ਸਾਗਰ ਵਿੱਚ ਇੱਕ ਪਾਕਿਸਤਾਨੀ ਮੱਛੀ ਫੜਨ ਵਾਲੀ ਕਿਸ਼ਤੀ ਤੋਂ 200 ਕਰੋੜ ਰੁਪਏ ਦੀ 40 ਕਿਲੋ ਹੈਰੋਇਨ ਜ਼ਬਤ ਕੀਤੀ ਹੈ।
ਏਟੀਐਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਛੇ ਪਾਕਿਸਤਾਨੀ ਨਾਗਰਿਕ, ਜੋ ਕਿਸ਼ਤੀ ਚਾਲਕ ਦਲ ਦੇ ਮੈਂਬਰ ਸਨ, ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਤੱਟ ਰੱਖਿਅਕ ਅਤੇ ਏਟੀਐਸ ਦੀ ਇੱਕ ਸੰਯੁਕਤ ਟੀਮ ਨੇ ਕੱਛ ਜ਼ਿਲ੍ਹੇ ਦੇ ਜਾਖਾਊ ਬੰਦਰਗਾਹ ਨੇੜੇ ਸਮੁੰਦਰ ਵਿੱਚ ਨਸ਼ੀਲੇ ਪਦਾਰਥ ਲੈ ਕੇ ਜਾ ਰਹੀ ਇੱਕ ਮੱਛੀ ਫੜਨ ਵਾਲੀ ਕਿਸ਼ਤੀ ਨੂੰ ਰੋਕਿਆ। ਉਨ੍ਹਾਂ ਦੱਸਿਆ ਕਿ ਹੈਰੋਇਨ ਨੂੰ ਗੁਜਰਾਤ ਤੱਟ 'ਤੇ ਉਤਾਰਨ ਤੋਂ ਬਾਅਦ ਸੜਕ ਰਾਹੀਂ ਪੰਜਾਬ ਲਿਜਾਇਆ ਜਾਣਾ ਸੀ।
ਇੱਕ ਸੂਹ ਦੇ ਆਧਾਰ 'ਤੇ, ਅਸੀਂ ਪਾਕਿਸਤਾਨ ਤੋਂ ਆਈ ਕਿਸ਼ਤੀ ਨੂੰ ਰੋਕਿਆ ਅਤੇ 6 ਪਾਕਿਸਤਾਨੀ ਨਾਗਰਿਕਾਂ ਨੂੰ ਫੜ ਲਿਆ, ਜਿਨ੍ਹਾਂ ਕੋਲੋਂ 40 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ। ਏਟੀਐਸ ਅਤੇ ਕੋਸਟ ਗਾਰਡ ਦੇ ਅਧਿਕਾਰੀਆਂ ਨੂੰ ਜ਼ਬਤ ਕੀਤੀ ਗਈ ਕਿਸ਼ਤੀ ਦੇ ਨਾਲ ਅੱਜ ਜਖਾਊ ਤੱਟ ਪਹੁੰਚਣ ਦੀ ਉਮੀਦ ਹੈ।