ਨੈਸ਼ਨਲ ਹਾਈਵੇਅ ’ਤੇ ਬਦਮਾਸ਼ਾਂ ਨੇ ਕੀਤੀ ਗੋਲੀਬਾਰੀ, 1 ਦੀ ਮੌਤ
2 ਬਾਈਕ ਸਵਾਰ 30 ਕਿਲੋਮੀਟਰ ਤੱਕ ਫਾਇਰਿੰਗ ਕਰਦੇ ਹੋਏ ਨਿਕਲੇ
ਬਿਹਾਰ: ਬੇਗੂਸਰਾਏ ਜ਼ਿਲ੍ਹੇ 'ਚ ਸ਼ਰੇਆਮ ਗੁੰਡਾਗਰਦੀ ਦਾ ਨਾਚ ਦੇਖਣ ਨੂੰ ਮਿਲਿਆ। ਜਿੱਥੇ ਦੋ ਬਾਈਕ ਸਵਾਰ ਬਦਮਾਸ਼ਾਂ ਨੇ ਹਾਈਵੇ 'ਤੇ ਕਰੀਬ 30 ਕਿਲੋਮੀਟਰ ਤੱਕ ਪਿਸਤੌਲ ਨਾਲ ਗੋਲੀਬਾਰੀ ਕੀਤੀ। ਇਸ ਗੋਲੀਬਾਰੀ ਦੌਰਾਨ ਗੋਲੀ ਲੱਗਣ ਨਾਲ ਇਕ ਵਿਅਕਤੀ ਦੀ ਸੜਕ 'ਤੇ ਮੌਤ ਹੋ ਗਈ। ਘਟਨਾ 'ਚ ਗੋਲੀ ਲੱਗਣ ਕਾਰਨ 10 ਲੋਕ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਗੋਲੀਬਾਰੀ ਦੀ ਘਟਨਾ ਨਾਲ ਆਸਪਾਸ ਦੇ ਇਲਾਕਿਆਂ 'ਚ ਦਹਿਸ਼ਤ ਤੇ ਡਰ ਦਾ ਮਾਹੌਲ ਬਣ ਗਿਆ। ਗੋਲੀਆਂ ਦੀ ਆਵਾਜ਼ ਸੁਣ ਕੇ ਲੋਕ ਆਪਣੀ ਜਾਨ ਬਚਾਉਂਦੇ ਹੋਏ ਇੱਧਰ-ਉੱਧਰ ਭੱਜਣ ਲੱਗੇ, ਜਦੋਂਕਿ ਬਾਈਕ ਸਵਾਰ ਅਪਰਾਧੀ ਲਗਾਤਾਰ ਗੋਲੀਬਾਰੀ ਕਰਦੇ ਰਹੇ। ਅਪਰਾਧੀ ਗੋਲੀਬਾਰੀ ਕਰਦੇ ਹੋਏ ਸਮਸਤੀਪੁਰ ਵੱਲ ਭੱਜ ਗਏ।
ਇਸ ਗੋਲੀਬਾਰੀ ਦੌਰਾਨ ਮਾਰੇ ਗਏ ਵਿਅਕਤੀ ਦੀ ਪਛਾਣ ਬਰੌਨੀ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਪਿਪਰਾ ਵਾਸੀ ਚੰਦਨ ਕੁਮਾਰ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਬੇਗੂਸਰਾਏ ਸ਼ਹਿਰ ਸ਼ਾਮ 6 ਵਜੇ ਤੋਂ ਰਾਤ 9 ਵਜੇ ਤੱਕ ਐਂਬੂਲੈਂਸ ਦੇ ਸਾਇਰਨ ਨਾਲ ਗੂੰਜਦਾ ਰਿਹਾ।
ਬੇਗੂਸਰਾਏ ਦੇ ਐਸਪੀ ਨੇ ਦੱਸਿਆ ਕਿ ਘਟਨਾ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਸਾਰੇ ਥਾਣਿਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ। ਵੱਖ-ਵੱਖ ਥਾਵਾਂ 'ਤੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਹੈ। ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ, ਜੋ ਕਿ ਸਾਈਕੋ ਕਾਤਲ ਲੱਗਦੇ ਹਨ।
ਪੁਲਿਸ ਹੈੱਡਕੁਆਰਟਰ ਵੀ ਇਸ ਘਟਨਾ ’ਤੇ ਨਜ਼ਰ ਰੱਖ ਰਿਹਾ ਹੈ।
ਏਡੀਜੀ ਹੈੱਡਕੁਆਰਟਰ ਨੇ ਦੱਸਿਆ ਕਿ ਜ਼ਿਲ੍ਹੇ ਦੀ ਪੁਲਿਸ ਟੀਮ ਲਗਾਤਾਰ ਕੰਮ ਕਰ ਰਹੀ ਹੈ। ਦੋਸ਼ੀਆਂ ਦੀ ਪਛਾਣ ਕਰਨ ਅਤੇ ਗ੍ਰਿਫ਼ਤਾਰ ਕਰਨ ਲਈ ਸੀਸੀਟੀਵੀ ਫੁਟੇਜ ਦੀ ਮਦਦ ਲਈ ਜਾ ਰਹੀ ਹੈ। ਦੂਜੇ ਪਾਸੇ ਅਪਰਾਧੀਆਂ ਦੇ ਪਟਨਾ ਵੱਲ ਭੱਜਣ ਦੀ ਸੂਚਨਾ ਮਿਲਦੇ ਹੀ ਪਟਨਾ ਪੁਲਿਸ ਚੌਕਸ ਹੋ ਗਈ ਹੈ। ਨਾਲੰਦਾ ਅਤੇ ਲਖੀਸਰਾਏ ਜਾਣ ਵਾਲੀ ਸੜਕ 'ਤੇ ਵੀ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਕਈ ਥਾਵਾਂ 'ਤੇ ਨਾਕਾਬੰਦੀ ਕੀਤੀ ਗਈ ਹੈ।