ਉੜੀਸਾ ਦਾ ਦਾਅਵਾ: ਭਗਵਾਨ ਜਗਨਨਾਥ ਦਾ ਹੈ ਕੋਹਿਨੂਰ ਹੀਰਾ!

ਏਜੰਸੀ

ਖ਼ਬਰਾਂ, ਰਾਸ਼ਟਰੀ

ਬ੍ਰਿਟੇਨ ਤੋਂ ਇਸ ਨੂੰ ਵਾਪਸ ਲਿਆਉਣ ਦੀ ਕੀਤੀ ਮੰਗ

Odisha claims: Kohinoor diamond belongs to Lord Jagannath!

 

ਭੁਵਨੇਸ਼ਵਰ: ਉੜੀਸਾ ਦੀ ਇਕ ਸਮਾਜਕ-ਸਭਿਆਚਾਰਕ ਸੰਸਥਾ ਨੇ ਦਾਅਵਾ ਕੀਤਾ ਹੈ ਕਿ ਕੋਹਿਨੂਰ ਹੀਰਾ ਭਗਵਾਨ ਜਗਨਨਾਥ ਦਾ ਹੈ। ਸੰਗਠਨ ਨੇ ਯੂਨਾਈਟਿਡ ਕਿੰਗਡਮ ਤੋਂ ਇਤਿਹਾਸਕ ਪੁਰੀ ਮੰਦਰ ਵਿਚ ਕੋਹਿਨੂਰ ਹੀਰੇ ਦੀ ਵਾਪਸੀ ਲਈ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਦਖ਼ਲ ਦੀ ਵੀ ਮੰਗ ਕੀਤੀ ਹੈ। ਮਹਾਰਾਣੀ ਐਲਿਜ਼ਬੈਥ ਦੂਜੀ ਦੀ ਮੌਤ ਤੋਂ ਬਾਅਦ, ਉਸਦਾ ਪੁੱਤਰ ਪਿ੍ਰੰਸ ਚਾਰਲਜ਼ ਰਾਜਾ ਬਣ ਗਿਆ ਹੈ ਅਤੇ ਇਕ ਨਿਯਮ ਦੇ ਤੌਰ ’ਤੇ 105 ਕੈਰੇਟ ਦਾ ਹੀਰਾ ਉਸਦੀ ਪਤਨੀ, ਡਚੇਸ ਆਫ਼ ਕਾਰਨਵਾਲ, ਕੈਮਿਲਾ ਨੂੰ ਜਾਵੇਗਾ।

ਪੁਰੀ ਸਥਿਤ ਸੰਗਠਨ ਸ੍ਰੀ ਜਗਨਨਾਥ ਸੈਨਾ ਨੇ ਰਾਸ਼ਟਰਪਤੀ ਨੂੰ ਦਿਤੇ ਇਕ ਮੰਗ ਪੱਤਰ ਵਿਚ ਮੰਗ ਕੀਤੀ ਹੈ ਕਿ ਉਹ ਕੋਹਿਨੂਰ ਹੀਰੇ ਨੂੰ 12ਵੀਂ ਸਦੀ ਦੇ ਮੰਦਰ ਵਿਚ ਵਾਪਸ ਲਿਆਉਣ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਲਈ ਦਖ਼ਲ ਦੇਣ। ਸ੍ਰੀ ਜਗਨਨਾਥ ਸੈਨਾ ਦੇ ਸੰਯੋਜਕ ਪਿ੍ਰਯਦਰਸ਼ਨ ਪਟਨਾਇਕ ਨੇ ਇਕ ਮੈਮੋਰੰਡਮ ਵਿਚ ਕਿਹਾ, “ਕੋਹਿਨੂਰ ਹੀਰਾ ਸ੍ਰੀ ਜਗਨਨਾਥ ਭਗਵਾਨ ਦਾ ਹੈ। ਹੁਣ ਇਹ ਇੰਗਲੈਂਡ ਦੀ ਮਹਾਰਾਣੀ ਕੋਲ ਹੈ। ਕਿਰਪਾ ਕਰ ਕੇ ਸਾਡੇ ਪ੍ਰਧਾਨ ਮੰਤਰੀ ਤੋਂ ਇਸ ਨੂੰ ਭਾਰਤ ਲਿਆਉਣ ਲਈ ਕਦਮ ਚੁੱਕਣ ਲਈ ਬੇਨਤੀ ਕਰੋ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੇ ਅਪਣੀ ਇੱਛਾ ਅਨੁਸਾਰ ਇਸ ਨੂੰ ਭਗਵਾਨ ਜਗਨਨਾਥ ਨੂੰ ਦਾਨ ਕੀਤਾ ਸੀ।’’ ਪਟਨਾਇਕ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਨੇ ਅਫ਼ਗ਼ਾਨਿਸਤਾਨ ਦੇ ਨਾਦਿਰ ਸ਼ਾਹ ਵਿਰੁਧ ਜੰਗ ਜਿੱਤਣ ਬਾਅਦ ਇਹ ਹੀਰਾ ਭਗਵਾਨ ਜਗਨਨਾਥ ਨੂੰ ਦਾਨ ਕਰ ਦਿਤਾ ਸੀ। 

ਇਤਿਹਾਸਕਾਰ ਅਤੇ ਖੋਜਕਾਰ ਅਨਿਲ ਧੀਰ ਨੇ ਦਸਿਆ ਕਿ ਹੀਰਾ ਤੁਰਤ ਮੰਦਰ ਨੂੰ ਸੌਂਪਿਆ ਨਹੀਂ ਗਿਆ ਸੀ ਅਤੇ ਰਣਜੀਤ ਸਿੰਘ ਦੀ 1839 ਵਿਚ ਮੌਤ ਹੋ ਗਈ ਸੀ ਅਤੇ ਅੰਗਰੇਜ਼ਾਂ ਨੇ 10 ਸਾਲ ਬਾਅਦ ਉਸਦੇ ਪੁੱਤਰ ਦਲੀਪ ਸਿੰਘ ਤੋਂ ਕੋਹਿਨੂਰ ਖੋਹ ਲਿਆ ਸੀ, ਜਦਕਿ ਕਿ ਉਨ੍ਹਾਂ ਨੂੰ ਪਤਾ ਸੀ ਕਿ ਇਹ ਭਗਵਾਨ ਜਗਨਨਾਥ 
ਪੁਰੀ ਨੂੰ ਦਾਨ ਵਿਚ ਦਿਤਾ ਗਿਆ ਸੀ।  ਪਟਨਾਇਕ ਨੇ ਕਿਹਾ ਕਿ ਉਸ ਨੇ ਇਸ ਸਬੰਧ ਵਿਚ ਮਹਾਰਾਣੀ ਨੂੰ ਇਕ ਪੱਤਰ ਵੀ ਭੇਜਿਆ ਸੀ, ਜਿਸ ਤੋਂ ਬਾਅਦ ਉਸਨੂੰ 19 ਅਕਤੂਬਰ, 2016 ਨੂੰ ਬਕਿੰਘਮ ਪੈਲੇਸ ਤੋਂ ਇਕ ਪੱਤਰ ਮਿਲਿਆ, ਜਿਸ ਵਿਚ ਉਸਨੂੰ ਇਸ ਸਬੰਧ ਵਿਚ ਯੂਕੇ ਸਰਕਾਰ ਨੂੰ ਸਿੱਧੇ ਤੌਰ ’ਤੇ ਅਪੀਲ ਕਰਨ ਲਈ ਕਿਹਾ ਗਿਆ ਸੀ। ਪੱਤਰ ਵਿਚ ਲਿਖਿਆ ਹੈ, “ਮਹਾਰਾਣੀ ਅਪਣੇ ਮੰਤਰੀਆਂ ਦੀ ਸਲਾਹ ’ਤੇ ਕੰਮ ਕਰਦੀ ਹੈ ਅਤੇ ਹਮੇਸ਼ਾ ਗ਼ੈਰ-ਸਿਆਸੀ ਰਹਿੰਦੀ ਹੈ।” ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਨੂੰ ਦਿਤੇ ਮੈਮੋਰੰਡਮ ਨਾਲ ਉਸ ਪੱਤਰ ਦੀ ਇਕ ਕਾਪੀ ਨੱਥੀ ਕੀਤੀ ਗਈ ਹੈ। ਇਹ ਪੁੱਛੇ ਜਾਣ ’ਤੇ ਕਿ ਉਹ ਛੇ ਸਾਲਾਂ ਤਕ ਇਸ ਮੁੱਦੇ ’ਤੇ ਚੁੱਪ ਕਿਉਂ ਰਹੇ, ਪਟਨਾਇਕ ਨੇ ਕਿਹਾ ਕਿ ਉਨ੍ਹਾਂ ਨੂੰ ਇੰਗਲੈਂਡ ਜਾਣ ਲਈ ਵੀਜ਼ਾ ਨਹੀਂ ਦਿਤਾ ਗਿਆ, ਜਿਸ ਕਾਰਨ ਉਹ ਯੂਕੇ ਸਰਕਾਰ ਕੋਲ ਇਸ ਮਾਮਲੇ ਦੀ ਪੈਰਵੀ ਨਹੀਂ ਕਰ ਸਕੇ।

ਸ੍ਰੀ ਜਗਨਨਾਥ ਸੈਨਾ ਦਾ ਦਾਅਵਾ ਹੈ ਜਾਇਜ਼ !

ਇਤਿਹਾਸਕਾਰ ਅਤੇ ਖੋਜਕਾਰ ਧੀਰ ਨੇ ਕਿਹਾ ਕਿ ਸ੍ਰੀ ਜਗਨਨਾਥ ਸੈਨਾ ਦਾ ਦਾਅਵਾ ਜਾਇਜ਼ ਹੈ, ਪਰ ਹੀਰੇ ਦੇ, ਮਹਾਰਾਜਾ ਰਣਜੀਤ ਸਿੰਘ ਦੇ ਵਾਰਸ, ਪਾਕਿਸਤਾਨ ਅਤੇ ਅਫ਼ਗ਼ਾਨਿਸਤਾਨ ਵਰਗੇ ਹੋਰ ਵੀ ਕਈ ਦਾਅਵੇਦਾਰ ਹਨ। ਇਤਿਹਾਸਕਾਰ ਨੇ ਕਿਹਾ, ‘‘ਮਹਾਰਾਜਾ ਰਣਜੀਤ ਸਿੰਘ ਨੇ ਅਪਣੀ ਮੌਤ ਤੋਂ ਪਹਿਲਾਂ ਵਸੀਅਤ ਵਿਚ ਲਿਖਿਆ ਸੀ ਕਿ ਉਨ੍ਹਾਂ ਨੇ ਇਹ ਹੀਰਾ ਸ੍ਰੀ ਜਗਨਨਾਥ ਮੰਦਰ ਨੂੰ ਦਾਨ ਵਿਚ ਦਿਤਾ ਹੈ। ਇਹ ਦਸਤਾਵੇਜ ਬਿ੍ਰਟਿਸ਼ ਫ਼ੌਜ ਦੇ ਇਕ ਅਧਿਕਾਰੀ ਦੁਆਰਾ ਤਸਦੀਕ ਕੀਤਾ ਗਿਆ ਸੀ, ਜਿਸਦਾ ਸਬੂਤ ਦਿੱਲੀ ਦੇ ਨੈਸ਼ਨਲ ਆਰਕਾਈਵਜ ਵਿਚ ਮੌਜੂਦ ਹੈ।’’    

ਸੱਚ ਕੀ ਹੈ?

ਇਸ ਸਵਾਲ ਤੇ ਬੀਤੇ ਵਿਚ ਵੀ ਕਈ ਵਾਰ ਚਰਚਾ ਕੀਤੀ ਜਾ ਚੁੱਕੀ ਹੈ ਤੇ ਇਸ ਦਾ ਪਿਛੋਕੜ ਕੇਵਲ ਏਨਾ ਹੈ ਕਿ ਜਦ ਮਹਾਰਾਜਾ ਰਣਜੀਤ ਸਿੰਘ ਨੂੰ ਅਧਰੰਗ ਹੋ ਚੁੱਕਾ ਸੀ ਤੇ ਉਹ ਬੋਲ ਵੀ ਨਹੀਂ ਸਨ ਸਕਦੇ, ਉਨ੍ਹਾਂ ਦੇ ਦਰਬਾਰੀ ਡੋਗਰਿਆਂ ਤੇ ਬ੍ਰਾਹਮਣਾਂ ਨੇ ਮਹਾਰਾਜੇ ਦਾ ਨਾਂ ਲੈ ਕੇ ਕਈ ਕੀਮਤੀ ਵਸਤਾਂ, ਮੰਦਰਾਂ ਦੇ ਨਾਂ ‘ਦਾਨ’ ਕਰ ਦੇਣ ਦੀ ਸਾਜ਼ਸ਼ ਰਚੀ ਸੀ ਪਰ ਖ਼ਜ਼ਾਨੇ ਦੇ ਰਖਵਾਲੇ ਕੁੱਝ ਵਫ਼ਾਦਾਰ ਕਰਮਚਾਰੀਆਂ ਨੇ ਇਸ ਸਾਜ਼ਸ਼ ਨੂੰ ਫ਼ੇਲ ਕਰਦਿਆਂ ਮਹਾਰਾਜੇ ਦੇ ਲਿਖਤੀ ਹੁਕਮਾਂ ਤੇ ਮੋਹਰ ਤੋਂ ਬਿਨਾਂ ਕੀਮਤੀ ਚੀਜ਼ਾਂ ਖ਼ਜ਼ਾਨੇ ਵਿਚੋਂ ਬਾਹਰ ਨਾ ਨਿਕਲਣ ਦਿਤੀਆਂ।

ਜਦ ਖ਼ਜ਼ਾਨੇ ਵਿਚੋਂ ਬਾਹਰ ਕੁੱਝ ਨਿਕਲਿਆ ਹੀ ਨਾ ਤਾਂ ਇਸ ਉਤੇ ਕਿਸੇ ਹੋਰ ਦਾ ਹੱਕ ਕਿਵੇਂ ਬਣ ਗਿਆ? ਪਰ ਬ੍ਰਾਹਮਣ ਦਰਬਾਰੀ ਸੋਨੇ ਦੇ ਕੁੱਝ ਜ਼ੇਵਰ ਬਾਹਰ ਕੱਢਣ ਤੇ ਮੰਦਰਾਂ ਨੂੰ ਦੇਣ ਵਿਚ ਜ਼ਰੂਰ ਕਾਮਯਾਬ ਹੋ ਗਏ ਪਰ ਕੋਈ ਵੀ ਦਾਨ ਮਹਾਰਾਜੇ ਨੇ ਆਪ ਨਹੀਂ ਸੀ ਕੀਤਾ ਤੇ ਚੋਰੀ ਦਾ ਦਾਨ ਹੀ ਸੀ। ਇਸ ਉਤੇ ਸਿੱਖ ਰਾਜ ਦੇ ਨਾਬਾਲਗ਼ ਰਾਜੇ ਦਾ ਹੀ ਹੱਕ ਮੰਨਿਆ ਗਿਆ ਤੇ ਉਸ ਦਾ ਨਾਂ ਲੈ ਕੇ ਅੰਗਰੇਜ਼ ਕੋਹਿਨੂਰ ਹੀਰਾ, ਅਪਣੇ ਨਾਲ ਲੈ ਗਏ ਤੇ ਸਿੱਖਾਂ ਦਾ ਹੱਕ ਸਦੀਵੀ ਤੌਰ ਤੇ ਪ੍ਰਵਾਨ ਕਰ ਗਏ। ਬਾਕੀ ਦੀ ਸਾਰੀ ਚਰਚਾ ਹਵਾਈ ਪਤੰਗਬਾਜ਼ੀ ਹੀ ਹੈ ਤੇ ਸੱਤਾਧਾਰੀ ਲੋਕਾਂ ਦੇ ਕਹਿਣ ਤੇ ਵਾਰ ਵਾਰ ਰਚੀ ਜਾਂਦੀ ਹੈ।