ਦੁਰਗ-ਵਿਸ਼ਾਖਾਪਟਨਮ ਵੰਦੇ ਇੰਡੀਆ ਐਕਸਪ੍ਰੈਸ ’ਤੇ ਪੱਥਰਬਾਜ਼ੀ, 5 ਮੁਲਜ਼ਮ ਗ੍ਰਿਫਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤਿੰਨ ਡੱਬਿਆਂ ਸੀ-2, ਸੀ4 ਅਤੇ ਸੀ-9 ਦੀਆਂ ਖਿੜਕੀਆਂ ਦੇ ਸ਼ੀਸ਼ੇ ਤੋੜ ਦਿਤੇ।

ਦੁਰਗ-ਵਿਸ਼ਾਖਾਪਟਨਮ ਵੰਦੇ ਇੰਡੀਆ ਐਕਸਪ੍ਰੈਸ ’ਤੇ ਪੱਥਰਬਾਜ਼ੀ, 5 ਮੁਲਜ਼ਮ ਗ੍ਰਿਫਤਾਰ

ਮਹਾਸਮੁੰਦ: ਛੱਤੀਸਗੜ੍ਹ ਦੇ ਮਹਾਸਮੁੰਦ ਜ਼ਿਲ੍ਹੇ ’ਚ ਦੁਰਗ-ਵਿਸ਼ਾਖਾਪਟਨਮ ਵੰਦੇ ਇੰਡੀਆ ਐਕਸਪ੍ਰੈਸ ਰੇਲ ਗੱਡੀ ’ਤੇ ਕਥਿਤ ਤੌਰ ’ਤੇ ਪੱਥਰ ਸੁੱਟਣ ਦੇ ਦੋਸ਼ ’ਚ ਰੇਲਵੇ ਸੁਰੱਖਿਆ ਬਲ (ਆਰ.ਪੀ.ਐੱਫ.) ਨੇ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਅਧਿਕਾਰੀਆਂ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ।

ਰੇਲਵੇ ਸੁਰੱਖਿਆ ਬਲ (ਮਹਾਸਮੁੰਦ) ਦੇ ਇੰਸਪੈਕਟਰ ਪ੍ਰਵੀਨ ਸਿੰਘ ਧਾਕੜ ਨੇ ਦਸਿਆ ਕਿ ਇਹ ਘਟਨਾ ਸ਼ੁਕਰਵਾਰ ਰਾਤ ਕਰੀਬ 9 ਵਜੇ ਬਾਗਬਾਹਰਾ ਰੇਲਵੇ ਸਟੇਸ਼ਨ ਨੇੜੇ ਉਸ ਸਮੇਂ ਵਾਪਰੀ ਜਦੋਂ ਰੇਲ ਗੱਡੀ ਟ੍ਰਾਇਲ ਰਨ ਦੌਰਾਨ ਵਿਸ਼ਾਖਾਪਟਨਮ ਤੋਂ ਦੁਰਗ ਪਰਤ ਰਹੀ ਸੀ।ਧਾਕੜ ਨੇ ਕਿਹਾ ਕਿ ਰੇਲ ਗੱਡੀ ਦੁਰਗ ਤੋਂ ‘ਟ੍ਰਾਇਲ ਰਨ’ ਲਈ ਰਵਾਨਾ ਹੋਈ ਅਤੇ ਰਾਏਪੁਰ ਦੇ ਰਸਤੇ ਮਹਾਸਮੁੰਦ ਪਹੁੰਚੀ। ਇਹ ਸ਼ੁਕਰਵਾਰ ਸਵੇਰੇ 7:10 ਵਜੇ ਅੱਗੇ ਦੀ ਯਾਤਰਾ ਲਈ ਰਵਾਨਾ ਹੋਇਆ।

ਉਨ੍ਹਾਂ ਦਸਿਆ ਕਿ ਵਾਪਸ ਪਰਤਦੇ ਸਮੇਂ ਕੁੱਝ ਸ਼ਰਾਰਤੀ ਅਨਸਰਾਂ ਨੇ ਬਾਗਬਾਹਰਾ ਨੇੜੇ ਚੱਲਦੀ ਰੇਲ ਗੱਡੀ ’ਤੇ ਪੱਥਰ ਸੁੱਟੇ ਅਤੇ ਤਿੰਨ ਡੱਬਿਆਂ ਸੀ-2, ਸੀ4 ਅਤੇ ਸੀ-9 ਦੀਆਂ ਖਿੜਕੀਆਂ ਦੇ ਸ਼ੀਸ਼ੇ ਤੋੜ ਦਿਤੇ। ਇਸ ਹਾਦਸੇ ’ਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਅਧਿਕਾਰੀ ਨੇ ਦਸਿਆ ਕਿ ਰੇਲ ਗੱਡੀ ’ਚ ਸਫਰ ਕਰ ਰਹੀ ਰੇਲ ਸੁਰੱਖਿਆ ਟੀਮ ਨੇ ਘਟਨਾ ਦੀ ਜਾਣਕਾਰੀ ਦਿਤੀ, ਜਿਸ ਤੋਂ ਬਾਅਦ ਸੁਰੱਖਿਆ ਕਰਮਚਾਰੀਆਂ ਦੀ ਇਕ ਟੀਮ ਨੂੰ ਮੌਕੇ ’ਤੇ ਭੇਜਿਆ ਗਿਆ। ਗ੍ਰਿਫਤਾਰ ਕੀਤੇ ਗਏ ਲੋਕਾਂ ਦੀ ਪਛਾਣ ਸ਼ਿਵ ਕੁਮਾਰ ਬਘੇਲ, ਦੇਵੇਂਦਰ ਚੰਦਰਕਰ, ਜੀਤੂ ਟਾਂਡੀ, ਲੇਖਰਾਜ ਸੋਨਵਾਨੀ ਅਤੇ ਅਰਜੁਨ ਯਾਦਵ ਵਜੋਂ ਹੋਈ ਹੈ।

ਅਧਿਕਾਰੀ ਨੇ ਦਸਿਆ ਕਿ ਸਾਰੇ ਪੰਜ ਬਦਮਾਸ਼ ਹਨ ਅਤੇ ਉਨ੍ਹਾਂ ’ਤੇ ਰੇਲਵੇ ਐਕਟ, 1989 ਦੀ ਧਾਰਾ 153 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਨੇ ਦਸਿਆ ਕਿ ਬਘੇਲ ਦੇ ਵੱਡੇ ਭਰਾ ਦੀ ਪਤਨੀ ਬਾਗਬਾਹਰਾ ਨਗਰ ਪਾਲਿਕਾ ’ਚ ਕਾਂਗਰਸ ਪਾਰਟੀ ਦੀ ਕੌਂਸਲਰ ਹੈ।