ਭਾਰਤ ਦੇ ਉਤਰੀ-ਪੂਰਬੀ ਖੇਤਰ 'ਚ ਭੂਚਾਲ ਦੇ ਝਟਕੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਈ ਘਰਾਂ ਨੂੰ ਪਹੁੰਚਿਆ ਨੁਕਸਾਨ

Earthquake tremors felt in the northeastern region of India

ਗੁਹਾਟੀ/ਕੋਲਕਾਤਾ/ਇੰਫਾਲ/ਈਟਾਨਗਰ : ਉੱਤਰ-ਪੂਰਬ ਅਤੇ ਇਸ ਦੇ ਨਾਲ ਲਗਦੇ ਪਛਮੀ ਬੰਗਾਲ ਦੇ ਕੁੱਝ ਹਿੱਸਿਆਂ ’ਚ ਐਤਵਾਰ ਸ਼ਾਮ ਨੂੰ 5.8 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਪਹਿਲਾ ਝਟਕਾ 5.8 ਤੀਬਰਤਾ ਦਾ ਝਟਕਾ ਸ਼ਾਮ 4:41 ਵਜੇ, ਦੂਜਾ ਝਟਕਾ 3.1 ਤੀਬਰਤਾ ਦਾ ਸ਼ਾਮ 4:58 ਵਜੇ ਮਹਿਸੂਸ ਕੀਤਾ ਗਿਆ, ਇਸ ਤੋਂ ਬਾਅਦ ਸ਼ਾਮ 5:21 ਵਜੇ 2.9 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਧਿਕਾਰੀਆਂ ਨੇ ਦਸਿਆ ਕਿ ਚੌਥਾ ਝਟਕਾ 2.7 ਤੀਬਰਤਾ ਦਾ ਸੀ ਅਤੇ ਸ਼ਾਮ 6:11 ਵਜੇ ਦਰਜ ਕੀਤਾ ਗਿਆ। 

ਅਧਿਕਾਰੀਆਂ ਨੇ ਦਸਿਆ ਕਿ ਤੀਜੇ ਭੂਚਾਲ ਦਾ ਕੇਂਦਰ ਅਸਾਮ ਦੇ ਸੋਨੀਤਪੁਰ ਸੀ, ਜਦਕਿ ਬਾਕੀ ਤਿੰਨ ਭੂਚਾਲ ਗੁਆਂਢੀ ਜ਼ਿਲ੍ਹੇ ਉਦਾਲਗੁੜੀ ਜ਼ਿਲ੍ਹੇ ’ਚ ਆਏ। ਅਸਾਮ ਰਾਜ ਆਫ਼ਤ ਪ੍ਰਬੰਧਨ (ਏ.ਐਸ.ਡੀ.ਐਮ.ਏ.) ਨੇ ਕਿਹਾ ਕਿ ਉਦਲਗੁੜੀ ਵਿਚ ਇਕ ਹੋਸਟਲ ਦੀ ਛੱਤ ਡਿੱਗਣ ਕਾਰਨ ਦੋ ਕੁੜੀਆਂ ਜ਼ਖਮੀ ਹੋ ਗਈਆਂ ਹਨ ਅਤੇ ਰਾਜ ਦੇ ਵੱਖ-ਵੱਖ ਹਿੱਸਿਆਂ ਵਿਚ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। 

ਜ਼ਿਲ੍ਹੇ ਦੇ ਅਮਗੁਰੀ ਖੇਤਰ ਵਿਚ ਇਕ ਘਰ ਦੀ ਛੱਤ ਡਿੱਗ ਗਈ। ਸੋਨੀਤਪੁਰ ’ਚ ਦੋ ਘਰਾਂ ਅਤੇ ਇਕ ਸਟੋਰ ਨੂੰ ਅੰਸ਼ਕ ਤੌਰ ਉਤੇ ਨੁਕਸਾਨ ਪਹੁੰਚਿਆ ਹੈ, ਜਦਕਿ ਵਿਸ਼ਵਨਾਥ ਜ਼ਿਲ੍ਹੇ ’ਚ ਕੁੱਝ ਘਰਾਂ ’ਚ ਕੰਧ ’ਚ ਮਾਮੂਲੀ ਤਰੇੜਾਂ ਪੈ ਗਈਆਂ। 

ਦਾਰੰਗ ਅਤੇ ਨਲਬਾੜੀ ਜ਼ਿਲ੍ਹਿਆਂ ਵਿਚ ਵੀ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਹੋਜਾਈ ਜ਼ਿਲ੍ਹੇ ’ਚ ਇਕ ਇਮਾਰਤ ’ਚ ਤਰੇੜਾਂ ਪੈ ਗਈਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨਾਲ ਗੱਲ ਕੀਤੀ ਅਤੇ ਭੂਚਾਲ ਬਾਰੇ ਜਾਣਕਾਰੀ ਲਈ। ਉਨ੍ਹਾਂ ਕੇਂਦਰ ਵਲੋਂ ਹਰ ਤਰ੍ਹਾਂ ਦੀ ਸਹਾਇਤਾ ਦਾ ਭਰੋਸਾ ਦਿਤਾ। ਸਰਮਾ ਨੇ ਕਿਹਾ ਕਿ ਸਥਿਤੀ ਕਾਬੂ ਹੇਠ ਹੈ ਅਤੇ ਆਫ਼ਤ ਪ੍ਰਬੰਧਨ ਟੀਮਾਂ ਭੂਚਾਲ ਨਾਲ ਹੋਏ ਨੁਕਸਾਨ ਦਾ ਮੁਲਾਂਕਣ ਕਰ ਰਹੀਆਂ ਹਨ। 

ਅਸਾਮ ਸਰਕਾਰ ਨੇ ਲੋਕਾਂ ਲਈ 1079, 1070, 9401044617 ਅਤੇ 1077 ਉਤੇ ਹੈਲਪਲਾਈਨ ਸਥਾਪਤ ਕੀਤੀ ਹੈ। ਮਨੀਪੁਰ ਅਤੇ ਅਰੁਣਾਚਲ ਪ੍ਰਦੇਸ਼ ਦੇ ਪਛਮੀ ਹਿੱਸਿਆਂ ਦੇ ਲੋਕਾਂ ਨੂੰ ਵੀ ਝਟਕਾ ਲੱਗਿਆ। ਅਰੁਣਾਚਲ ਪ੍ਰਦੇਸ਼ ਦੀ ਰਾਜਧਾਨੀ ਈਟਾਨਗਰ ’ਚ ਲੋਕ ਘਬਰਾਹਟ ’ਚ ਘਬਰਾਹਟ ’ਚ ਘਰਾਂ ਅਤੇ ਦੁਕਾਨਾਂ ਤੋਂ ਬਾਹਰ ਨਿਕਲ ਗਏ।