ਇਨਕਾਉਂਟਰ ਦੌਰਾਨ ਨਹੀਂ ਚਲੀ ਪਿਸਤੌਲ, ਯੂਪੀ ਪੁਲਿਸ ਨੇ ਮੂੰਹ ਨਾਲ ਹੀ ਕੀਤੀ ਠਾਹ-ਠਾਹ
ਜਦ ਪੁਲਿਸ ਕਾਰਵਾਈ ਕਰ ਰਹੀ ਸੀ ਤਾਂ ਥਾਣੇਦਾਰ ਦੀ ਬੰਦੂਕ ਨੇ ਅਚਾਨਕ ਧੋਖਾ ਦੇ ਦਿਤਾ। ਖ਼ਬਰਾਂ ਮੁਤਾਬਕ ਮੁਠਭੇੜ ਦੌਰਾਨ ਬੰਦੂਕ ਵਿਚ ਤਕਨੀਕੀ ਖਰਾਬੀ ਆ ਜਾਣ ਕਾਰਨ ਬੰਦੂਕ ਜਾਮ ਹੋ ਗਈ ਸੀ।
ਉਤਰ ਪ੍ਰਦੇਸ਼, ( ਪੀਟੀਆਈ ) : ਉਤਰ ਪ੍ਰਦੇਸ਼ ਦੇ ਸੰਭਲ ਵਿਚ ਪੁਲਿਸ ਅਤੇ ਬਦਮਾਸ਼ਾਂ ਦੀ ਮੁਠਭੇੜ ਦੌਰਾਨ ਰਾਜ ਦੀ ਪੁਲਿਸ ਦਾ ਇਕ ਅਨੋਖਾ ਕਾਰਨਾਮਾ ਸਾਹਮਣੇ ਆਇਆ ਹੈ। ਦਰਅਸਲ ਇਥੇ ਖੇਤਾਂ ਵਿਚ ਲੁਕੇ ਹੋਏ ਬਦਮਾਸ਼ਾਂ ਤੇ ਜਦ ਪੁਲਿਸ ਕਾਰਵਾਈ ਕਰ ਰਹੀ ਸੀ ਤਾਂ ਥਾਣੇਦਾਰ ਦੀ ਬੰਦੂਕ ਨੇ ਅਚਾਨਕ ਧੋਖਾ ਦੇ ਦਿਤਾ। ਖ਼ਬਰਾਂ ਮੁਤਾਬਕ ਮੁਠਭੇੜ ਦੌਰਾਨ ਬੰਦੂਕ ਵਿਚ ਤਕਨੀਕੀ ਖਰਾਬੀ ਆ ਜਾਣ ਕਾਰਨ ਬੰਦੂਕ ਜਾਮ ਹੋ ਗਈ ਸੀ। ਇਸ ਤੋਂ ਬਾਅਦ ਪੁਲਿਸ ਜਾਮ ਹੋਈ ਬੰਦੂਕ ਨਾਲ ਠਾਹ-ਠਾਹ ਕਰਦੀ ਹੋਈ ਬਦਮਾਸ਼ਾਂ ਨੂੰ ਕਾਬੂ ਕਰਨ ਲਈ ਖੇਤਾਂ ਵਿਚ ਚਲੀ ਗਈ।
ਹਾਲਾਂਕਿ ਇਸ ਦੌਰਾਨ ਪੁਲਿਸ ਦੀ ਦੂਜੀ ਟੀਮ ਨੇ ਇੱਕ ਬਦਮਾਸ਼ ਦੇ ਪੈਰ ਤੇ ਗੋਲੀ ਮਾਰ ਕੇ ਉਸ ਨੂੰ ਫੜ੍ਹ ਲਿਆ। ਦਸ ਦਈਏ ਕਿ ਪੁਲਿਸ ਮੁਠਭੇੜ ਦਾ ਜੋ ਵੀਡੀਓ ਸਾਹਮਣੇ ਆਇਆ ਹੈ ਉਹ ਸੋਸ਼ਲ ਮੀਡੀਆ ਵਿਚ ਵਾਇਰਲ ਹੋ ਰਿਹਾ ਹੈ। ਲੋਕ ਇਸ ਦਾ ਬਹੁਤ ਮਜ਼ਾਕ ਬਣਾ ਰਹੇ ਹਨ। ਵੀਡੀਓ ਵਿਚ ਇਕ ਪੁਲਿਸ ਕਰਮਚਾਰੀ ਜ਼ੋਰ ਨਾਲ ਚੀਕ ਰਿਹਾ ਹੈ, ਘੇਰ ਲਵੋ, ਠਾਹ-ਠਾਹ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਭਲ ਦੇ ਐਸਪੀ ਜਮੁਨਾ ਪ੍ਰਸਾਦ ਨੇ ਦਸਿਆ ਕਿ ਪਿਸਤੌਲ ਜਾਮ ਹੋ ਗਈ ਸੀ ਜਿਸ ਕਾਰਣ ਅਸਲ੍ਹੇ ਰਾਹੀ ਫਾਇਰ ਨਹੀਂ ਹੋ ਪਾਉਂਦਾ।
ਪੁਲਿਸ ਕੋਲ ਮੌਜੂਦ ਸਾਰੇ ਹੱਥਿਆਰਾਂ ਨੂੰ ਚਲਾਕੇ ਓਨ੍ਹਾਂ ਦੀ ਜਾਂਚ ਕਰਵਾਈ ਜਾਵੇਗੀ। ਜ਼ਿਕਰਯੋਗ ਹੈ ਕਿ ਸੰਭਲ ਦੇ ਅਸਮੌਲੀ ਵਿਚ ਪੁਲਿਸ ਵਾਹਨਾਂ ਦੀ ਜਾਂਚ ਕਰ ਰਹੀ ਸੀ। ਇਸੇ ਦੌਰਾਨ ਉਥੇ ਦੋ ਬਾਈਕ ਸਵਾਰ ਆਏ। ਪੁਲਿਸ ਮੁਤਾਬਕ ਦੋਨੋਂ ਬਾਈਕ ਸਵਾਰ ਬੈਰੀਅਰ ਤੋੜਕੇ ਭੱਜਣ ਲਗੇ। ਬਾਅਦ ਵਿਚ ਪੁਲਿਸ ਨੇ ਦੋਹਾਂ ਦਾ ਪਿੱਛਾ ਕੀਤਾ ਤਾਂ ਉਹ ਗੰਨੇ ਦੇ ਖੇਤ ਵਿਚ ਲੁਕ ਗਏ। ਅਜਿਹੇ ਵਿਚ ਪੁਲਿਸ ਨੇ ਵਾਧੂ ਦਸਤਾ ਬੁਲਾ ਕੇ ਘੇਰਾਬੰਦੀ ਕਰਨੀ ਸ਼ੁਰੂ ਕਰ ਦਿਤੀ। ਖੇਤ ਦੇ ਇਕ ਪਾਸੇ ਤੋਂ ਦਰੋਗਾ ਮਨੋਜ ਕੁਮਾਰ ਅਤੇ ਸਿਪਾਹੀ ਬਲਰਾਮ ਨੇ ਮੋਰਚਾ ਸੰਭਾਲਿਆ।
ਮਾਮਲੇ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਬਦਮਾਸ਼ਾਂ ਵੱਲੋਂ ਫਾਇਰਿੰਗ ਕਰਨ ਤੇ ਮਨੋਜ ਕੁਮਾਰ ਨੇ ਪਿਸਤੌਲ ਕੱਢੀ ਤਾਂ ਉਹ ਚੱਲੀ ਹੀ ਨਹੀਂ। ਇਸ ਤੇ ਥਾਣੇਦਾਰ ਅਤੇ ਸਿਪਾਹੀ ਨੇ ਮੂੰਹ ਤੋਂ ਠਾਹ-ਠਾਹ ਬੋਲਦਿਆਂ ਅੱਗੇ ਵਧਣਾ ਸ਼ੁਰੂ ਕੀਤਾ। ਖੇਤ ਦੇ ਦੂਜੇ ਪਾਸੇ ਮੌਜੂਦ ਪੁਲਿਸ ਦੀ ਟੀਮ ਨੇ ਇਕ ਬਦਮਾਸ਼ ਦੇ ਪੈਰ ਵਿਚ ਗੋਲੀ ਮਾਰਕੇ ਉਸਨੂੰ ਫੜ੍ਹ ਲਿਆ। ਜਦਕਿ ਦੂਜਾ ਭੱਜਣ ਵਿਚ ਕਾਮਯਾਬ ਹੋ ਗਿਆ। ਖ਼ਬਰ ਹੈ ਕਿ ਜਿਸ ਬਦਮਾਸ਼ ਨੂੰ ਫੜ੍ਹਿਆ ਗਿਆ ਹੈ ਉਸ ਤੇ 25,000 ਰੁਪਏ ਦਾ ਇਨਾਮ ਸੀ।