ਕਰਤਾਰਪੁਰ ਲਾਂਘਾ ਖੁਲ੍ਹਿਆ ਤਾਂ ਪਾਕਿਸਤਾਨੀ ਫ਼ੌਜ ਮੁਖੀ ਨੂੰ ਚੁੰਮ ਲਵਾਂਗਾ : ਨਵਜੋਤ ਸਿੱਧੂ
ਸਿੱਧੂ ਨੇ ਕਿਹਾ ਕਿ ਮੇਰੀ ਜੱਫੀ ਦੇ ਪਿਛੇ ਕੋਈ ਸਾਜਸ਼ ਨਹੀਂ ਹੈ ਅਤੇ ਨਾ ਹੀ ਕੋਈ ਰਾਫੇਲ ਡੀਲ ਹੈ। ਮੈਂ ਸਿਰਫ ਗਲੇ ਮਿਲਿਆ ਅਤੇ ਇਹ ਕੋਈ ਸਾਜਸ਼ ਹੈ?
ਕਸੌਲੀ, (ਭਾਸ਼ਾ ) : ਸਾਬਕਾ ਕ੍ਰਿਕੇਟਰ ਅਤੇ ਪੰਜਾਬ ਸਰਕਾਰ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਬੀਤੇ ਦਿਨੀ ਪਾਕਿਸਤਾਨ ਦਾ ਦੌਰਾ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ ਪਾਕਿਸਤਾਨੀ ਫ਼ੌਜ ਮੁਖੀ ਨੂੰ ਗਲੇ ਲਗਾਇਆ ਸੀ। ਜਿਸ ਨੂੰ ਲੈ ਕੇ ਭਾਰਤ ਵਿਚ ਉਨ੍ਹਾਂ ਦੀ ਬਹੁਤ ਆਲੋਚਨਾ ਹੋਈ ਸੀ ਤੇ ਅਜੇ ਵੀ ਜਾਰੀ ਹੈ। ਹੁਣ ਇਸ ਤੇ ਨਵਜੋਤ ਸਿੰਘ ਸਿੱਧੂ ਨੇ ਅਪਣੇ ਆਲੋਚਕਾਂ ਨੂੰ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੂੰ ਪਾਕਿਸਤਾਨੀ ਫ਼ੌਜ ਮੁਖੀ ਨੂੰ ਗਲੇ ਲਗਾਉਣ ਦਾ ਕੋਈ ਪਛਤਾਵਾ ਨਹੀਂ ਹੈ। ਜੇਕਰ ਪਾਕਿਸਤਾਨ-ਕਰਤਾਰਪੁਰ ਕੋਰੀਡੋਰ ਖੁਲਦਾ ਹੈ
ਤਾਂ ਉਹ ਪਾਕਿਸਤਾਨੀ ਫ਼ੌਜ ਮੁਖੀ ਨੂੰ ਨਾ ਸਿਰਫ ਗਲੇ ਲਗਾਉਣਗੇ ਸਗੋਂ ਉਨ੍ਹਾਂ ਨੂੰ ਚੁੰਮ ਵੀ ਲੈਣਗੇ। ਨਵਜੋਤ ਸਿੰਘ ਸਿੱਧੂ ਨੇ ਕਸੌਲੀ ਵਿਚ ਆਯੋਜਿਤ ਹੋਏ ਖੁਸ਼ਵੰਤ ਸਿੰਘ ਸਾਹਿਤਕ ਮੇਲੇ ਦੌਰਾਨ ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕੀਤਾ। ਸਿੱਧੂ ਨੇ ਕਿਹਾ ਕਿ ਮੇਰੀ ਜੱਫੀ ਦੇ ਪਿਛੇ ਕੋਈ ਸਾਜਸ਼ ਨਹੀਂ ਹੈ ਅਤੇ ਨਾ ਹੀ ਕੋਈ ਰਾਫੇਲ ਡੀਲ ਹੈ। ਮੈਂ ਸਿਰਫ ਗਲੇ ਮਿਲਿਆ ਅਤੇ ਇਹ ਕੋਈ ਸਾਜਸ਼ ਹੈ? ਮੇਰਾ ਮਤਲਬ ਹੈ ਕਿ ਕੋਈ ਮੈਨੂੰ ਕਹਿੰਦਾ ਹੈ ਕਿ ਉਹ ਬਾਬੇ ਨਾਨਕ ਦਾ ਲਾਂਘਾ, ਕਰਤਾਰਪੁਰ ਦਾ ਲਾਂਘਾ ਖੋਲ ਦੇਵੇਗਾ,
ਤਾਂ ਮੈਂ ਨਾ ਸਿਰਫ ਉਸਨੂੰ ਗਲੇ ਲਗਾ ਲਵਾਂਗਾ ਸਗੋਂ ਉਸਨੂੰ ਚੁੰਮ ਵੀ ਲਵਾਂਗਾ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੈਂ ਅਪਣੇ ਪਿਆਰ ਨੂੰ ਇਸੇ ਤਰਾਂ ਪ੍ਰਗਟ ਕਰ ਸਕਦਾ ਹਾਂ ਤੇ ਮੈਨੂੰ ਆਲੋਚਕਾਂ ਦੀ ਕੋਈ ਪਰਵਾਹ ਨਹੀਂ ਹੈ। ਦਸ ਦਈਏ ਕਿ ਨਵਜੋਤ ਸਿੰਘ ਸਿੱਧੂ ਨਵੇ ਬਣੇ ਪਾਕਿਸਤਾਨੀ ਪ੍ਰਧਾਨਮੰਤਰੀ ਇਮਰਾਨ ਖਾਨ ਦੇ ਬੁਲਾਵੇ ਤੇ ਗੁਆਂਢੀ ਦੇਸ਼ ਗਏ ਸਨ। ਭਾਰਤੀ ਜਨਤਾ ਵੱਲੋਂ ਉਨਾਂ ਦੇ ਇਸ ਦੌਰੇ ਦੀ ਵੀ ਤਿੱਖੀ ਆਲੋਚਨਾ ਹੋਈ ਸੀ।