ਹਿਮਾਚਲ ਦੇ ਤਕਨੀਕੀ ਸਿਖਿਆ ਮੰਤਰੀ ਹੋਏ ਕੋਰੋਨਾ ਪਾਜ਼ੇਟਿਵ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਿਮਾਚਲ ਦੇ ਤਕਨੀਕੀ ਸਿਖਿਆ ਮੰਤਰੀ ਹੋਏ ਕੋਰੋਨਾ ਪਾਜ਼ੇਟਿਵ

image

ਸ਼ਿਮਲਾ, 14 ਅਕਤੂਬਰ : ਹਿਮਾਚਲ ਪ੍ਰਦੇਸ਼ ਦੇ ਤਕਨੀਕੀ ਸਿਖਿਆ ਮੰਤਰੀ ਰਾਮ ਲਾਲ ਮਰਕੰਡਾ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ। ਕੋਰੋਨਾ ਪੀੜਤ ਹੋਣ ਵਾਲੇ ਉਹ ਪ੍ਰਦੇਸ਼ ਦੇ 5ਵੇਂ ਮੰਤਰੀ ਹਨ। ਹਿਮਾਚਲ ਪ੍ਰਦੇਸ਼ ਦੀ 68 ਮੈਂਬਰੀ ਵਿਧਾਨ ਸਭਾ 'ਚ ਉਹ ਮੁੱਖ ਮੰਤਰੀ ਜੈਰਾਮ ਠਾਕੁਰ ਸਮੇਤ 5ਵੇਂ ਮੰਤਰੀ ਅਤੇ 12ਵੇਂ ਵਿਧਾਇਕ ਹਨ, ਜੋ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ। ਸੋਸ਼ਲ ਮੀਡੀਆ 'ਤੇ ਮੰਗਲਵਾਰ ਨੂੰ ਮਰਕੰਡਾ ਨੇ ਪੋਸਟ ਕੀਤਾ ਕਿ ਉਹ ਪਾਜ਼ੇਟਿਵ ਪਾਏ ਗਏ ਹਨ। ਇਸ ਤੋਂ ਪਹਿਲਾਂ ਉਨ੍ਹਾਂ 'ਚ ਕੋਰੋਨਾ ਦੇ ਕੁਝ ਲੱਛਣ ਦਿਖਾਈ ਦਿਤੇ ਸਨ, ਕਿਉਂਕਿ ਉਹ ਕੋਰੋਨਾ ਪੀੜਤ ਵਿਅਕਤੀ ਦੇ ਸੰਪਰਕ 'ਚ ਆਏ ਸਨ।

image

ਉਨ੍ਹਾਂ ਲਿਖਿਆ,''ਮੈਂ ਡਾਕਟਰਾਂ ਦੀ ਸਲਾਹ ਤੋਂ ਬਾਅਦ ਸਰਕਾਰੀ ਘਰ 'ਚ ਖ਼ੁਦ ਨੂੰ ਕੁਆਰੰਟੀਨ ਕਰ ਲਿਆ ਹੈ।'' ਮੁੱਖ ਮੰਤਰੀ ਜੈਰਾਮ ਠਾਕੁਰ ਇਸ ਤੋਂ ਪਹਿਲਾਂ ਸੋਮਵਾਰ ਨੂੰ ਕੋਰੋਨਾ ਪੀੜਤ ਪਾਏ ਗਏ ਸਨ। ਇਸ ਤੋਂ ਪਹਿਲਾਂ ਸ਼ਹਿਰੀ ਵਿਕਾਸ ਮੰਤਰੀ ਸੁਰੇਸ਼ ਭਾਰਦਵਾਜ, ਬਿਜਲੀ ਮੰਤਰੀ ਸੁਖਰਾਮ ਚੌਧਰੀ ਅਤੇ ਜਲ ਸ਼ਕਤੀ ਮੰਤਰੀ ਮਹੇਂਦਰ ਸਿੰਘ ਠਾਕੁਰ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਠਾਕੁਰ ਅਤੇ ਮਰਕੰਡਾ ਸਮੇਤ ਪ੍ਰਦੇਸ਼ 'ਚ ਹੁਣ ਤਕ 12 ਵਿਧਾਇਕ ਪ੍ਰਭਾਵਤ ਹੋ ਚੁਕੇ ਹਨ। (ਪੀਟੀਆਈ)