ਭਾਰਤ ਦੇ ਇਸ ਸੂਬੇ ਵਿਚ 15 ਬੱਚੇ ਪੈਦਾ ਕਰਨ ਵਾਲੀ ਔਰਤ ਨੂੰ ਮਿਲਿਆ 1 ਲੱਖ ਦਾ ਇਨਾਮ, ਹੋਈ ਸਨਮਾਨਿਤ 

ਏਜੰਸੀ

ਖ਼ਬਰਾਂ, ਰਾਸ਼ਟਰੀ

ਦੂਜਾ ਇਨਾਮ ਲਿਆਨਥਾਂਗੀ ਨਾਂ ਦੀ ਔਰਤ ਨੂੰ ਮਿਲਿਆ, ਜਿਸ ਦੇ 13 ਬੱਚੇ ਹਨ।

In this state of India, a woman who gave birth to 15 children received a prize of Rs 1 lakh

ਆਈਜ਼ੋਲ– ਮਿਜ਼ੋਰਮ ਸਰਕਾਰ ਦੇ ਖੇਡ ਮੰਤਰੀ ਰਾਬਰਟ ਰੋਮਾਵੀਆ ਰੋਵਤੇ ਇਨ੍ਹੀਂ ਦਿਨੀਂ ਚਰਚਾ ਵਿਚ ਹਨ। ਰਾਬਰਟ ਨੇ ਵਧੇਰੇ ਬੱਚੇ ਪੈਦਾ ਕਰਨ ਵਾਲੀਆਂ 17 ਔਰਤਾਂ ਨੂੰ 2.5 ਲੱਖ ਰੁਪਏ ਵੰਡੇ। ਪਹਿਲਾਂ ਇਨਾਮ ਜਿਸ ਔਰਤ ਨੂੰ ਦਿੱਤਾ ਗਿਆ, ਉਸ ਦੇ 15 ਬੱਚੇ ਸਨ। ਦੂਜਾ ਇਨਾਮ ਹਾਸਲ ਕਰਨ ਵਾਲੀ ਔਰਤ ਦੇ 13 ਬੱਚੇ ਸਨ।ਇਹ ਪ੍ਰੋਗਰਾਮ ਆਈਜ਼ੋਲ ਈਸਟ-2 ਲੋਕ ਸਭਾ ਹਲਕੇ ’ਚ ਆਯੋਜਿਤ ਕੀਤਾ ਗਿਆ। ਮੰਤਰੀ ਨੇ ਇਸ ਮੌਕੇ ’ਤੇ ਕਿਹਾ ਕਿ ਇਹ ਇਨਾਮ ‘ਵਧੇਰੇ ਬੱਚੇ ਪੈਦਾ ਕਰੋ’ ਮੁਹਿੰਮ ਅਧੀਨ ਦਿੱਤਾ ਗਿਆ ਹੈ।

ਇਹ ਮੁਹਿੰਮ ਯੰਗ ਮਿਜ਼ੋ ਐਸੋਸੀਏਸ਼ਨ ਅਤੇ ਕਈ ਚਰਚ ਸੰਗਠਨ ਚਲਾ ਰਹੇ ਹਨ। ਇਸ ਦਾ ਮਕਸਦ ਹੈ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਵਧਦੀ ਗਿਣਤੀ ਦਾ ਮੁਕਾਬਲਾ ਕਰਨ ਲਈ ਸਥਾਨਕ ਆਬਾਦੀ ਨੂੰ ਵਧਾਉਣਾ। ਪਹਿਲਾਂ ਇਨਾਮ ਹਾਸਲ ਕਰਨ ਵਾਲੀ ਔਰਤ ਨੰਗੁਰਾਉਵੀ ਹੈ। ਉਸ ਦੇ 15 ਬੱਚਿਆਂ ਵਿਚੋਂ 8 ਬੇਟੇ ਤੇ 7 ਬੇਟੀਆਂ ਹਨ। ਉਸ ਨੂੰ 1 ਲੱਖ ਰੁਪਏ ਦਾ ਇਨਾਮ ਮਿਲਿਆ ਹੈ।

ਦੂਜਾ ਇਨਾਮ ਲਿਆਨਥਾਂਗੀ ਨੂੰ ਮਿਲਿਆ, ਜਿਸ ਦੇ 13 ਬੱਚੇ ਹਨ। ਉਸ ਨੂੰ 30 ਹਜ਼ਾਰ ਰੁਪਏ ਮਿਲੇ। ਹੋਰਨਾਂ ਔਰਤਾਂ ਨੂੰ ਵੀ ਨਕਦ ਇਨਾਮ ਮਿਲਿਆ। ਦੋ ਔਰਤਾਂ ਅਤੇ ਇਕ ਪੁਰਸ਼ ਨੂੰ ਤੀਜਾ ਸਥਾਨ ਮਿਲਿਆ। ਇਨ੍ਹਾਂ ਸਾਰਿਆਂ ਦੇ 12-12 ਬੱਚੇ ਸਨ। ਇਨ੍ਹਾਂ ਸਾਰਿਆਂ ਨੂੰ 20-20 ਹਜ਼ਾਰ ਰੁਪਏ ਮਿਲੇ। 12 ਦੂਜੀਆਂ ਔਰਤਾਂ  ਜਿਨ੍ਹਾਂ ਦੇ 8-8 ਬੱਚੇ ਸਨ, ਉਨ੍ਹਾਂ ਹਮਦਰਦੀ ਪੁਰਸਕਾਰ ਦੇ ਤੌਰ 'ਤੇ 5-5 ਹਜ਼ਾਰ ਰੁਪਏ ਮਿਲੇ। 

ਯੰਗ ਮਿਜ਼ੋ ਐਸੋਸੀਏਸ਼ਨ ਨੇ ਕਿਹਾ ਕਿ ਹੁਣ ਸਮੇਂ ਦੀ ਮੰਗ ਹੈ ਕਿ ਮਿਜ਼ੋ ਜਨਜਾਤੀ ਦੀ ਹੋਂਦ ਨੂੰ ਬਚਾਉਣ ਲਈ ਇਸ ਸਮੇਂ ਤੇਜ਼ੀ ਨਾਲ ਆਬਾਦੀ ਵਧਾਈ ਜਾਵੇ। ਚਰਚ ਅਤੇ ਸਿਵਲ ਸੁਸਾਇਟੀ ਦੇ ਲੋਕ ਇਸ ਗੱਲ ਤੋਂ ਪਰੇਸ਼ਾਨ ਸਨ ਕਿ ਮਿਜ਼ੋ ਦੀ ਆਬਾਦੀ ਵਾਧਾ ਦਰ ਬਹੁਤ ਘੱਟ ਹੋ ਗਈ ਹੈ। ਮਿਜ਼ਰੋਮ ਦੀ ਆਬਾਦੀ ਘਣਤਾ ਰਾਸ਼ਟਰੀ ਔਸਤ 382 ਵਿਅਕਤੀ ਪ੍ਰਤੀ ਕਿਲੋਮੀਟਰ ਤੋਂ ਬਹੁਤ ਘੱਟ ਮਹਿਜ 52 ਹੈ।