ਭਾਰਤ ਸਰਕਾਰ ਨੂੰ ਜਿੱਥੋਂ ਠੀਕ ਲੱਗੇਗਾ, ਉੱਥੋਂ ਤੇਲ ਖਰੀਦੇਗੀ- ਕੇਂਦਰੀ ਮੰਤਰੀ ਹਰਦੀਪ ਪੁਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਾਲ ਹੀ 'ਚ ਮੈਂ ਅਮਰੀਕਾ 'ਚ ਸੀ ਅਤੇ ਮੈਂ ਕਿਹਾ ਸੀ ਕਿ ਜਿੱਥੋਂ ਤੇਲ ਦੀ ਲੋੜ ਹੋਵੇਗੀ, ਉਥੋਂ ਹੀ ਖ਼ਰੀਦਾਂਗੇ

Hardeep Singh Puri

 

ਨਵੀਂ ਦਿੱਲੀ - ਪੈਟਰੋਲੀਅਮ ਉਤਪਾਦਾਂ ਦੀਆਂ ਕੀਮਤਾਂ ਦੇ ਮਸਲੇ ਵਿਚਕਾਰ, ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਸ਼ੁੱਕਰਵਾਰ 14 ਅਕਤੂਬਰ ਨੂੰ ਇੱਕ ਵਾਰ ਫ਼ੇਰ ਤੇਲ ਖਰੀਦ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਕਿਸੇ ਹੋਰ ਦੇਸ਼ ਦੀ ਸਰਕਾਰ ਭਾਰਤੀ ਖਪਤਕਾਰਾਂ ਪ੍ਰਤੀ ਜਵਾਬਦੇਹ ਨਹੀਂ ਹੋਵੇਗੀ। ਸਰਕਾਰ ਨੂੰ ਆਪਣੇ ਤੇਲ ਦੀ ਖਰੀਦ ਦਾ ਕੋਈ ਪਛਤਾਵਾ ਨਹੀਂ ਹੈ। 

ਉਨ੍ਹਾਂ ਕਿਹਾ, "ਹਾਲ ਹੀ 'ਚ ਮੈਂ ਅਮਰੀਕਾ 'ਚ ਸੀ, ਅਤੇ ਮੈਂ ਕਿਹਾ ਸੀ ਕਿ ਜਿੱਥੋਂ ਤੇਲ ਦੀ ਲੋੜ ਹੋਵੇਗੀ, ਉਥੋਂ ਹੀ ਖ਼ਰੀਦਾਂਗੇ। ਸਾਨੂੰ ਇਸ ਦਾ ਪਛਤਾਵਾ ਨਹੀਂ ਹੈ। ਸੱਚ ਤਾਂ ਇਹ ਹੈ ਕਿ ਸਾਨੂੰ ਇਸ ਵਾਸਤੇ ਲਈ ਕਿਸੇ ਨੇ ਵੀ ਮਨ੍ਹਾ ਨਹੀਂ ਕੀਤਾ।  ਉਨ੍ਹਾਂ ਕਿਹਾ, "ਕੀ ਆਪਣੇ ਖਪਤਕਾਰਾਂ ਲਈ ਮੈਂ ਜ਼ਿੰਮੇਵਾਰ ਹਾਂ, ਜਾਂ ਮੇਰੇ ਖਪਤਕਾਰਾਂ ਲਈ ਦੂਜੇ ਦੇਸ਼ ਦੀ ਸਰਕਾਰ ਜ਼ਿੰਮੇਵਾਰ ਹੋਵੇਗੀ?"

ਅਮਰੀਕਾ 'ਚ ਕੇਂਦਰੀ ਮੰਤਰੀ ਪੁਰੀ ਨੇ ਕਿਹਾ ਸੀ ਕਿ ਭਾਰਤ 'ਤੇ ਰੂਸ ਤੋਂ ਤੇਲ ਨਾ ਖਰੀਦਣ ਦਾ ਕੋਈ ਦਬਾਅ ਨਹੀਂ ਹੈ। ਪੁਰੀ ਨੇ ਅਮਰੀਕਾ ਦੇ ਊਰਜਾ ਸਕੱਤਰ ਜੈਨੀਫ਼ਰ ਗ੍ਰੈਨਹੋਮ ਨਾਲ ਬੈਠਕ ਕੀਤੀ। ਕੇਂਦਰੀ ਮੰਤਰੀ ਨੇ ਕਿਹਾ ਸੀ, "ਆਪਣੇ ਨਾਗਰਿਕਾਂ ਨੂੰ ਪੈਟਰੋਲੀਅਮ ਉਤਪਾਦ ਮੁਹੱਈਆ ਕਰਵਾਉਣਾ ਭਾਰਤ ਸਰਕਾਰ ਦਾ ਨੈਤਿਕ ਫ਼ਰਜ਼ ਹੈ, ਅਤੇ ਉਹ ਜਿੱਥੋਂ ਤੋਂ ਤੇਲ ਖਰੀਦਣਾ ਚਾਹੇਗੀ, ਉੱਥੋਂ ਖਰੀਦੇਗੀ।"