ਪਰਾਂਠਾ ਖਾਣ ਦੇ ਸ਼ੌਕੀਨਾਂ ਦੀ ਹੋਵੇਗੀ ਜੇਬ੍ਹ ਢਿੱਲੀ, ਲੱਗੇਗਾ 18% GST 

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ - ਪਰਾਂਠੇ ਅਤੇ ਸਾਧਾਰਨ ਰੋਟੀਆਂ 'ਚ ਬਹੁਤ ਫ਼ਰਕ ਹੁੰਦਾ ਹੈ

18% GST will be charged on Prantha

ਗੁਜਰਾਤ ਦੀ ਐਪੀਲੇਟ ਅਥਾਰਿਟੀ ਫ਼ਾਰ ਅਡਵਾਂਸ ਰੂਲਿੰਗ ਨੇ ਲਿਆ ਫ਼ੈਸਲਾ 
ਨਵੀਂ ਦਿੱਲੀ :
ਜੇਕਰ ਤੁਸੀਂ ਪਰਾਠਾ ਖਾਣਾ ਚਾਹੁੰਦੇ ਹੋ ਤਾਂ ਤੁਹਾਨੂੰ 18 ਫ਼ੀਸਦੀ ਜੀਐੱਸਟੀ ਦੇਣਾ ਪਵੇਗਾ ਪਰ ਜੇਕਰ ਤੁਸੀਂ ਸਾਧਾਰਨ ਰੋਟੀ ਖਾਣਾ ਚਾਹੁੰਦੇ ਹੋ ਤਾਂ ਉਹ ਸਸਤੀ ਹੋਵੇਗੀ ਕਿਉਂਕਿ ਰੋਟੀ 'ਤੇ ਸਿਰਫ਼ ਪੰਜ ਫ਼ੀਸਦੀ ਟੈਕਸ ਲੱਗੇਗਾ। ਪਰਾਠਿਆਂ 'ਤੇ ਜੀਐਸਟੀ ਲਗਾਉਣ ਦਾ ਫੈਸਲਾ ਗੁਜਰਾਤ ਦੀ ਐਪੀਲੇਟ ਅਥਾਰਿਟੀ ਫ਼ਾਰ ਅਡਵਾਂਸ ਰੂਲਿੰਗ ਵਲੋਂ ਲਿਆ ਗਿਆ ਹੈ।

ਉਨ੍ਹਾਂ ਨੇ ਇਸ ਜੀਐਸਟੀ ਲਗਾਉਣ ਦਾ ਕਾਰਨ ਦੱਸਿਆ ਕਿ ਪਰਾਂਠੇ ਅਤੇ ਸਾਧਾਰਨ ਰੋਟੀਆਂ ਵਿਚ ਬਹੁਤ ਫ਼ਰਕ ਹੁੰਦਾ ਹੈ। ਯੂਨੀਫਾਰਮ ਗੁਡਸ ਐਂਡ ਸਰਵਿਸਿਜ਼ ਟੈਕਸ (ਜੀ.ਐੱਸ.ਟੀ.) ਪ੍ਰਣਾਲੀ ਨੇ ਇਸ ਸਾਲ ਜੁਲਾਈ 'ਚ ਦੇਸ਼ 'ਚ ਪੰਜ ਸਾਲ ਪੂਰੇ ਕਰ ਲਏ ਹਨ ਪਰ ਇਸ ਦੀਆਂ ਪੇਚੀਦਗੀਆਂ ਖਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਜੀਐਸਟੀ ਨੂੰ ਲਾਗੂ ਕਰਨ ਅਤੇ ਨੋਟੀਫਿਕੇਸ਼ਨਾਂ ਨੂੰ ਲੈ ਕੇ ਵਿਵਾਦ ਸਾਹਮਣੇ ਆਉਂਦੇ ਰਹਿੰਦੇ ਹਨ। ਰੋਟੀ ਅਤੇ ਪਰਾਠੇ 'ਤੇ ਵੱਖ-ਵੱਖ ਜੀਐਸਟੀ ਦਰਾਂ ਦਾ ਵੀ ਅਜਿਹਾ ਹੀ ਮਾਮਲਾ ਹੈ।

ਇਸ ਉਦਯੋਗ ਨਾਲ ਜੁੜੀਆਂ ਕੰਪਨੀਆਂ ਦਾ ਕਹਿਣਾ ਹੈ ਕਿ ਕਿਉਂਕਿ ਦੋਵਾਂ ਨੂੰ ਬਣਾਉਣ ਲਈ ਮੂਲ ਸਮੱਗਰੀ ਕਣਕ ਦਾ ਆਟਾ ਹੈ, ਇਸ ਲਈ ਇਸ 'ਤੇ ਇੱਕੋ ਜਿਹਾ ਜੀਐਸਟੀ ਲਾਗੂ ਹੋਣਾ ਚਾਹੀਦਾ ਹੈ। ਪਰ ਗੁਜਰਾਤ ਜੀਐਸਟੀ ਅਥਾਰਟੀ ਨੇ ਕਿਹਾ ਕਿ ਰੋਟੀ (ਰੈਡੀ ਟੂ ਈਟ) ਖਾਣ ਲਈ ਤਿਆਰ ਹੈ, ਜਦੋਂ ਕਿ ਪਰਾਂਠਾ ਪਕਾਉਣ ਤੋਂ ਬਾਅਦ ਹੀ ਖਾਧਾ ਜਾ ਸਕਦਾ ਹੈ

। ਟੈਕਸ ਅਧਿਕਾਰੀਆਂ ਦਾ ਸਪੱਸ਼ਟ ਕਹਿਣਾ ਹੈ ਕਿ ਪਰਾਂਠਾ ਰੋਟੀ ਤੋਂ ਬਿਲਕੁਲ ਵੱਖਰਾ ਹੈ। ਤੁਸੀਂ ਮੱਖਣ ਜਾਂ ਘਿਓ ਦੇ ਬਗ਼ੈਰ ਰੋਟੀ ਖਾ ਸਕਦੇ ਹੋ ਪਰ ਇਨ੍ਹਾਂ ਤੋਂ ਬਿਨਾਂ ਪਰਾਂਠਾ ਨਹੀਂ ਬਣਦਾ।  ਉਨ੍ਹਾਂ ਕਿਹਾ ਕਿ ਚੋਪੜੀ ਰੋਟੀ ਜਾਂ ਪਰਾਂਠਾ ਇਕ ਤਰ੍ਹਾਂ ਨਾਲ ਲਗਜ਼ਰੀ ਚੀਜ਼ਾਂ ਦੀ ਸ਼੍ਰੇਣੀ ਵਿਚ ਆਉਂਦਾ ਹੈ, ਇਸ ਲਈ 18 ਫ਼ੀਸਦੀ ਦੀ ਦਰ ਨਾਲ ਟੈਕਸ ਲਗਾਉਣਾ ਲਾਜ਼ਮੀ ਹੈ।