ਵਿਦੇਸ਼ਾਂ 'ਚ ਪਾਕਿਸਤਾਨੀ ਮੰਤਰੀਆਂ ਵਿਰੁੱਧ ਵਿਆਪਕ ਰੋਸ- ਮਰੀਅਮ ਔਰੰਗਜ਼ੇਬ ਤੋਂ ਬਾਅਦ ਇਸ ਮੰਤਰੀ ਖ਼ਿਲਾਫ਼ ਲੱਗੇ 'ਚੋਰ-ਚੋਰ' ਦੇ ਨਾਅਰੇ 

ਏਜੰਸੀ

ਖ਼ਬਰਾਂ, ਰਾਸ਼ਟਰੀ

ਵਾਸ਼ਿੰਗਟਨ ਏਅਰਪੋਰਟ 'ਤੇ ਹੀ ਸ਼ੁਰੂ ਹੋ ਗਈ ਨਾਅਰੇਬਾਜ਼ੀ 

Ishaq Dar

ਨਵੀਂ ਦਿੱਲੀ - ਪਾਕਿਸਤਾਨ ਦੇ ਮੌਜੂਦਾ ਸਿਆਸੀ ਅਹੁਦੇਦਾਰਾਂ ਦਾ ਦੁਨੀਆ ਸਮੇਤ ਆਪਣੇ ਹੀ ਲੋਕਾਂ 'ਚ ਕਿੰਨਾ ਕੁ ਚੰਗਾ ਅਕਸ ਹੈ, ਇਸ ਦਾ ਅੰਦਾਜ਼ਾ ਉਸ ਸਮੇਂ ਦੇਖਣ ਨੂੰ ਮਿਲਿਆ, ਜਦੋਂ ਵਾਸ਼ਿੰਗਟਨ ਪਹੁੰਚੇ ਪਾਕਿਸਤਾਨ ਦੇ ਵਿੱਤ ਮੰਤਰੀ ਇਸ਼ਾਕ ਡਾਰ ਖ਼ਿਲਾਫ਼ ਏਅਰਪੋਰਟ 'ਤੇ ਹੀ ਚੋਰ-ਚੋਰ ਦੇ ਨਾਅਰੇ ਲੱਗੇ। ਡਾਰ ਵਾਸ਼ਿੰਗਟਨ ਇੱਕ ਬੈਠਕ ਲਈ ਪਹੁੰਚੇ ਸਨ।

ਹਵਾਈ ਅੱਡੇ 'ਤੇ ਡਾਰ ਨੂੰ ਲੈਣ ਲਈ ਅਮਰੀਕਾ 'ਚ ਪਾਕਿਸਤਾਨ ਦੇ ਰਾਜਦੂਤ ਮਸੂਦ ਖਾਨ ਸਮੇਤ ਹੋਰ ਆਲਾ-ਅਧਿਕਾਰੀ ਮੌਜੂਦ ਸਨ। ਜਿਵੇਂ ਹੀ ਡਾਰ ਗਲਿਆਰੇ 'ਚ ਦਾਖਲ ਹੋਏ ਅਤੇ ਅਧਿਕਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ, ਤਾਂ ਪਿੱਛੇ ਤੋਂ ਉਨ੍ਹਾਂ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਹੋ ਗਈ। ਏਅਰਪੋਰਟ 'ਤੇ ਮੌਜੂਦ ਲੋਕਾਂ ਨੇ ਉੱਚੀ ਅਵਾਜ਼ 'ਚ ਚੋਰ-ਚੋਰ ਦੇ ਨਾਅਰੇ ਲਗਾਏ।

ਦੋਵੇਂ ਪਾਸਿਓਂ ਹੋਏ ਜ਼ੁਬਾਨੀ ਹਮਲੇ  

ਪਤਾ ਲੱਗਿਆ ਹੈ ਕਿ ਇਸ ਦੌਰਾਨ ਹਵਾਈ ਅੱਡੇ 'ਤੇ ਡਾਰ ਨੂੰ ਲੈਣ ਆਏ ਪੀਐੱਮਐੱਲ-ਐੱਨ ਦੇ ਵਰਜੀਨੀਆ ਚੈਪਟਰ ਦੇ ਪ੍ਰਧਾਨ ਮਨੀ ਬੱਟ ਦੀ ਨਾਅਰੇਬਾਜ਼ੀ ਕਰਨ ਵਾਲੇ ਲੋਕਾਂ ਨਾਲ ਤਿੱਖੀ ਬਹਿਸ ਹੋਈ, ਅਤੇ ਇਸ ਦੌਰਾਨ ਬੱਟ ਨੇ ਅਪਸ਼ਬਦ ਬੋਲੇ। ਡਾਰ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਇੱਕ ਵਿਅਕਤੀ ਡਾਰ ਨੂੰ ਸੰਬੋਧਨ ਕਰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਤੁਸੀਂ ਝੂਠੇ ਹੋ, ਤੁਸੀਂ ਚੋਰ ਹੋ। ਜਵਾਬ ਵਿੱਚ ਡਾਰ ਨੇ ਵੀ ਉਸ ਆਦਮੀ ਨੂੰ ਝੂਠਾ ਕਿਹਾ, ਅਤੇ ਅਫ਼ਸਰ ਉਨ੍ਹਾਂ ਨੂੰ ਬਚਾਉਂਦੇ ਹੋਏ ਦੂਜੇ ਪਾਸੇ ਲੈ ਗਏ।

ਪਹਿਲਾਂ ਮਹਿਲਾ ਮੰਤਰੀ ਵੀ ਨਹੀਂ ਬਖ਼ਸ਼ੀ ਲੋਕਾਂ ਨੇ 

ਇਹ ਪਹਿਲੀ ਮੌਕਾ ਨਹੀਂ ਹੈ ਜਦੋਂ ਕਿਸੇ ਪਾਕਿਸਤਾਨੀ ਮੰਤਰੀ ਨੂੰ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਹੋਵੇ। ਇਸ ਤੋਂ ਪਹਿਲਾਂ ਲੰਡਨ 'ਚ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨਾਲ ਗਈ ਕੇਂਦਰੀ ਮੰਤਰੀ ਮਰੀਅਮ ਔਰੰਗਜ਼ੇਬ ਵੀ ਅਜਿਹੀ ਮੁਸ਼ਕਿਲ ਭਰੀ ਸਥਿਤੀ 'ਚ ਫ਼ਸ ਗਈ ਸੀ। ਮਰੀਅਮ ਉਸ ਸਮੇਂ ਕੌਫੀ ਸ਼ਾਪ ਵਿਚ ਸੀ, ਜਦੋਂ ਔਰਤਾਂ ਸਮੇਤ ਕੁਝ ਪਾਕਿਸਤਾਨੀਆਂ ਨੇ ਉਸ ਖ਼ਿਲਾਫ਼ ਚੋਰ-ਚੋਰ ਦੇ ਨਾਅਰੇ ਲਾਏ ਸਨ। ਮਰੀਅਮ ਕਾਫ਼ੀ ਸ਼ਾਪ 'ਚੋਂ ਨਿੱਕਲ ਵੀ ਆਈ ਤਾਂ ਨਾਅਰੇਬਾਜ਼ ਉਸ ਦੇ ਨਾਲ ਹੀ ਚੱਲ ਪਏ ਅਤੇ ਚੋਰ-ਚੋਰ ਬੋਲਦੇ ਰਹੇ। ਮਰੀਅਮ ਦਾ ਇਹ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆ ਸੀ। 

ਇਸ ਤੋਂ ਪਹਿਲਾਂ ਯੋਜਨਾ ਮੰਤਰੀ ਅਹਿਸਾਨ ਇਕਬਾਲ ਨੂੰ ਵੀ ਲੰਡਨ ਵਿਖੇ ਇੱਕ ਰੈਸਟੋਰੈਂਟ ਵਿੱਚ ਅਜਿਹੀ ਹੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਸੀ। ਉਸ ਸਮੇਂ ਪੀਟੀਆਈ ਸਮਰਥਕਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਉਨ੍ਹਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਕੁੱਲ ਸੰਸਾਰ ਦੇ ਸਿਆਸੀ ਆਗੂਆਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਉਹ ਦੁਨੀਆ ਦੇ ਕਿਸੇ ਵੀ ਕੋਨੇ 'ਚ ਚਲੇ ਜਾਣ, ਸੋਸ਼ਲ ਮੀਡੀਆ ਦੇ ਜ਼ਮਾਨੇ 'ਚ ਉਨ੍ਹਾਂ ਦੀ ਕਾਰਗ਼ੁਜ਼ਾਰੀ ਉਨ੍ਹਾਂ ਦੇ ਨਾਲ ਹੀ ਜਾਂਦੀ ਹੈ। ਸੋ ਬਤੌਰ ਸਿਆਸਤਦਾਨ ਆਪਣੀ ਭੂਮਿਕਾ ਬੜੀ ਜ਼ਿੰਮੇਵਾਰੀ ਨਾਲ ਨਿਭਾਈ ਜਾਵੇ, ਤਾਂ ਜੋ ਅਜਿਹੀ ਫ਼ਜ਼ੀਹਤ ਦਾ ਸਾਹਮਣਾ ਹੀ ਨਾ ਕਰਨਾ ਪਵੇ।