ਭਾਰਤ ਨੇ ਚਾਰ ਦਹਾਕੇ ਬਾਅਦ ਸ੍ਰੀਲੰਕਾ ਨਾਲ ਕਿਸ਼ਤੀ ਸੇਵਾ ਬਹਾਲ ਕੀਤੀ
ਮੋਦੀ ਨੇ ਸਬੰਧਾਂ ’ਚ ‘ਨਵਾਂ ਅਧਿਆਏ’ ਦਸਿਆ
ਨਾਗਪੱਤੀਨਮ/ਨਵੀਂ ਦਿੱਲੀ: ਸ੍ਰੀਲੰਕਾ ’ਚ ਗ੍ਰਹਿ ਯੁੱਧ ਕਾਰਨ ਰੁਕ ਜਾਣ ਤੋਂ ਬਾਅਦ 40 ਸਾਲਾਂ ਬਾਅਦ ਭਾਰਤ ਅਤੇ ਟਾਪੂ ਦੇਸ਼ ਵਿਚਕਾਰ ਸਨਿਚਰਵਾਰ ਨੂੰ ਕਿਸ਼ਤੀ ਸੇਵਾ ਬਹਾਲ ਹੋ ਗਈ, ਜਿਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ’ਚ ਮਹੱਤਵਪੂਰਨ ਪ੍ਰਾਪਤੀ ਦਸਿਆ।
ਕਿਸ਼ਤੀ ਸੇਵਾਵਾਂ ਦੀ ਬਹਾਲੀ ਦਾ ਸਵਾਗਤ ਕਰਦਿਆਂ ਸ੍ਰੀਲੰਕਾਈ ਰਾਸ਼ਟਰਪਤੀ ਰਾਨਿਕਲ ਵਿਕਰਮਸਿੰਘੇ ਨੇ ਕਿਹਾ ਕਿ ਇਸ ਨਾਲ ਦੋਹਾਂ ਦੇਸ਼ਾਂ ਵਿਚਕਾਰ ਕੁਨੈਕਟੀਵਿਟੀ, ਵਪਾਰ ਅਤੇ ਸਭਿਆਚਾਰਕ ਸੰਪਰਕ ’ਚ ਸੁਧਾਰ ਲਿਆਉਣ ’ਚ ਮਦਦ ਮਿਲੇਗੀ। ਤਮਿਲਨਾਡੂ ਦੇ ਨਾਗਪੱਤੀਨਮ ਅਤੇ ਸ੍ਰੀਲੰਕਾ ਦੇ ਉੱਤਰੇ ਸੂਬੇ ’ਚ ਜਾਫ਼ਨਾ ਕੋਲ ਕਾਂਕੇਸੰਥੁਰਾਈ ਵਿਚਕਾਰ ਕਿਸ਼ਤੀ ਸੇਵਾ ਦਾ ਉਦੇਸ਼ ਦੋਹਾਂ ਗੁਆਂਢੀਆਂ ਵਿਚਕਾਰ ਪ੍ਰਾਚੀਨ ਸਮੁੰਦਰੀ ਸੰਪਰਕ ਨੂੰ ਮੁੜਜਿਊਂਦਾ ਕਰਨਾ ਹੈ।
ਉੱਚ ਗਤੀ ਵਾਲੀ ਇਸ ਕਿਸ਼ਤੀ ਸੇਵਾ ਦਾ ਸੰਚਾਲਨ ‘ਸ਼ਿਪਿੰਗ ਕਾਰਪੋਰੇਸ਼ਨ ਆਫ਼ ਇੰਡੀਆ’ ਕਰ ਰਿਹਾ ਹੈ ਅਤੇ ਇਸ ਦੀ ਸਮਰਥਾ 150 ਮੁਸਾਫ਼ਰਾਂ ਦੀ ਹੈ। ਅਧਿਕਾਰੀਆਂ ਅਨੁਸਾਰ, ਨਾਗਪੱਤੀਨਮ ਅਤੇ ਕਾਂਕੇਸੰਥੁਰਾਈ ਵਿਚਕਾਰ ਲਗਭਗ 60 ਸਮੁੰਦਰੀ ਮੀਲ (110 ਕਿਲੋਮੀਟਰ) ਦੀ ਦੂਰੀ ਸਮੁੰਦਰ ਦੀ ਸਥਿਤੀ ਦੇ ਆਧਾਰ ’ਤੇ ਕਰੀਬ ਸਾਢੇ ਤਿੰਨ ਘੰਟੇ ਤੈਅ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਅਤੇ ਸ੍ਰੀਲੰਕਾ ਵਿਚਕਾਰ ਕਿਸ਼ਤੀ ਸੇਵਾ ਨਾਲ ਦੋਹਾਂ ਦੇਸ਼ਾਂ ਵਿਚਕਾਰ ਕੁਨੈਕਟੀਵਿਟੀ ਵਧੇਗੀ, ਵਪਾਰ ਨੂੰ ਗਤੀ ਮਿਲੇਗੀ ਅਤੇ ਲੰਮੇ ਸਮੇਂ ਤੋਂ ਕਾਇਮ ਰਿਸ਼ਤੇ ਮਜ਼ਬੂਤ ਹੋਣਗੇ।
ਜਦਕਿ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕਿਹਾ ਕਿ ਕਿਸ਼ਤੀ ਸੇਵਾ ਲੋਕਾਂ ਵਿਚਕਾਰ ਸੰਪਰਕ ਨੂੰ ਵਧਾਉਣ ਦੀ ਦਿਸ਼ਾ ’ਚ ‘ਸੱਚਮੁਚ ਇਕ ਵੱਡਾ ਕਦਮ ਹੈ।’ ਮੋਦੀ ਨੇ ਇਕ ਵੀਡੀਉ ਸੰਦੇਸ਼ ’ਚ ਕਿਹਾ ਕਿ ਇਹ ਕਿਸ਼ਤੀ ਸੇਵਾ ਸਾਰੇ ਇਤਿਹਾਸਕ ਅਤੇ ਸਭਿਆਚਾਰਕ ਸਬੰਧਂ ਨੂੰ ਜੀਵੰਤ ਬਣਾਉਂਦੀ ਹੈ। ਉਨ੍ਹਾਂ ਕਿਹਾ, ‘‘ਕੁਨੈਕਟੀਵਿਟੀ ਦਾ ਮਤਲਬ ਸਿਰਫ਼ ਦੋ ਸ਼ਹਿਰਾਂ ਨੂੰ ਨੇੜੇ ਲਿਆਉਣਾ ਹੀ ਨਹੀਂ ਹੈ। ਇਹ ਸਾਡੇ ਦੇਸ਼ਾਂ, ਸਾਡੇ ਲੋਕਾਂ ਅਤੇ ਸਾਡੇ ਦਿਨਾਂ ਨੂੰ ਨੇੜੇ ਲਿਆਉਂਦੀ ਹੈ।’’
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਸ੍ਰੀਲੰਕਾ ਕੂਟਨੀਤਕ ਅਤੇ ਆਰਥਕ ਸਬੰਧਾਂ ’ਚ ਇਕ ਨਵੇਂ ਅਧਿਆਏ ਦੀ ਸ਼ੁਰੂਆਤ ਕਰ ਰਹੇ ਹਨ ਅਤੇ ਨਾਗਪੱਤੀਨਮ ਅਤੇ ਕਾਂਕੇਸੰਥੁਰਈ ਵਿਚਕਾਰ ਕਿਸ਼ਤੀ ਸੇਵਾ ਸ਼ੁਰੂ ਹੋਣਾ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਕਿਸ਼ਾ ’ਚ ‘ਇਕ ਮਹੱਤਵਪੂਰਨ ਪ੍ਰਾਪਤੀ’ ਹੈ।