ਇਸਰੋ ਨੂੰ ਮਿਲੀ ਵੱਡੀ ਕਾਮਯਾਬੀ, ਲਾਂਚ ਕੀਤਾ ਸੰਚਾਰ ਉਪਗ੍ਰਹਿ ਜੀਸੈਟ-29
ਇਸਰੋ ਵੱਲੋਂ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰਿਕੋਟਾ ਤੋਂ ਇਕ ਹੋਰ ਸੰਚਾਰ ਉਪਗ੍ਰਹਿ ਜੀਸੈਟ-29 ਨੂੰ ਸਫਲਤਾਪੂਰਵਕ ਤਰੀਕੇ ਨਾਲ ਲਾਂਚ ਕੀਤਾ ਗਿਆ ਹੈ।
ਆਂਧਰਾ ਪ੍ਰੇਦਸ਼, ( ਭਾਸ਼ਾ ) : ਭਾਰਤ ਨੇ ਕਾਮਯਾਬੀ ਦਾ ਨਵਾਂ ਇਤਿਹਾਸ ਰਚਿਆ ਹੈ। ਇਸਰੋ ਵੱਲੋਂ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰਿਕੋਟਾ ਤੋਂ ਇਕ ਹੋਰ ਸੰਚਾਰ ਉਪਗ੍ਰਹਿ ਜੀਸੈਟ-29 ਨੂੰ ਸਫਲਤਾਪੂਰਵਕ ਤਰੀਕੇ ਨਾਲ ਲਾਂਚ ਕੀਤਾ ਗਿਆ ਹੈ। ਮੌਸਮ ਸਾਫ ਹੋਣ ਕਾਰਨ ਇਸਰੋ ਨੂੰ ਇਸ ਸੰਚਾਰ ਉਪਗ੍ਰਹਿ ਨੰ ਲਾਂਚ ਕਰਨ ਵਿਚ ਕੋਈ ਪਰੇਸ਼ਾਨੀ ਨਹੀਂ ਹੋਈ। ਇਹ ਸੰਚਾਰ ਉਪਗ੍ਰਹਿ ਸ਼੍ਰੀਹਰਿਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਤੋਂ ਲਾਂਚ ਕੀਤਾ ਗਿਆ ਹੈ। ਦੱਸ ਦਈਏ ਕਿ ਇਸਰੋ ਦਾ ਇਹ ਇਸ ਸਾਲ ਦਾ ਪੰਜਵਾ ਲਾਂਚ ਹੈ।
ਇਸਰੋ ਦੇ ਚੇਅਰਮੈਨ ਅਤੇ ਰਾਕੇਟਮੈਨ ਦੇ ਨਾਮ ਨਾਲ ਮਸ਼ਹੂਰ ਡਾ.ਕੇ. ਸਿਵਾਨ ਨੇ ਇਸ ਕਾਮਯਾਬੀ ਦਾ ਸਿਹਰਾ ਪੂਰੀ ਟੀਮ ਨੂੰ ਦਿਤਾ ਹੈ। ਉਨ੍ਹਾਂ ਦੱਸਿਆ ਕਿ ਸੰਚਾਰ ਉਪਗ੍ਰਹਿ ਜੀਸੈਟ-29 ਵਿਚ ਇਕ ਖਾਸ ਕਿਸਮ ਦਾ ਹਾਈ ਰੈਜ਼ੂਲੇਸ਼ਨ ਕੈਮਰਾ ਲਗਾ ਹੈ। ਇਸ ਕੈਮਰੇ ਨੂੰ ਜਿਓ ਆਈ ਨਾਮ ਦਿਤਾ ਗਿਆ ਹੈ। ਇਸ ਨਾਲ ਹਿੰਦ ਮਹਾਂਸਾਗਰ ਵਿਚ ਭਾਰਤ ਦੇ ਦੁਸ਼ਮਣਾਂ ਅਤੇ ਉਨ੍ਹਾਂ ਦੇ ਜਹਾਜ਼ਾਂ ਤੇ ਨਜ਼ਰ ਰੱਖੀ ਜਾ ਸਕੇਗੀ। ਜੀਸੈਟ-29 ਹਾਈਥ੍ਰੋਪੁਟ ਸੰਚਾਰ ਉਪਗ੍ਰਹਿ ਹੈ ਜੇ ਜੰਮੂ-ਕਸ਼ਮੀਰ ਅਤੇ ਉੱਤਰ-ਪੂਰਬੀ ਰਾਜਾਂ ਲਈ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ਇਸ ਵਿਚ ਵਰਤੇ ਜਾ ਰਹੇ ਪੈਲਾਡਸ ਡਿਜ਼ੀਟਲ ਇੰਡੀਆਂ ਪ੍ਰੋਗਰਾਮ ਨੂੰ ਮਜ਼ਬੂਤੀ ਪ੍ਰਦਾਨ ਕਰਨਗੇ। ਇਹ ਉਪਗ੍ਰਹਿ ਜੰਮੂ-ਕਸ਼ਮੀਰ ਦੇ ਨਾਲ ਉੱਤਰ-ਪੂਰਬੀ ਰਾਜਾਂ ਨੂੰ ਬਿਹਤਰ ਸੇਵਾ ਮੁੱਹਈਆ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਵੇਗਾ। ਇਸ ਨਾਲ ਖੇਤਰਾਂ ਵਿਚ ਇੰਟਰਨੈਟ ਵੀ ਤੇਜ਼ ਗਤੀ ਨਾਲ ਚਲੇਗਾ। ਜੀਸੈਟ-29 ਇਕ ਸੰਚਾਰ ਉਪਗ੍ਰਹਿ ਹੈ ਜਿਸ ਦਾ ਭਾਰ 3,423 ਕਿਲੋਗ੍ਰਾਮ ਹੈ ਅਤੇ ਇਸ ਨੂੰ 10 ਸਾਲ ਦੇ ਮਿਸ਼ਨ ਲਈ ਡਿਜ਼ਾਈਨ ਕੀਤਾ ਗਿਆ ਹੈ।