ਮਣੀਪੁਰ ਵਿਚ ਆਸਾਮ ਰਾਈਫ਼ਲਜ਼ ਦੇ ਕਾਫ਼ਲੇ ਉਤੇ ਹਮਲਾ, ਕਰਨਲ, ਪਤਨੀ ਅਤੇ ਬੇਟੇ ਸਣੇ 7 ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਮਲੇ ਦੀ ਕੀਤੀ ਨਿੰਦਾ

Manipur Attack

ਨਵੀਂ ਦਿੱਲੀ : ਮਣੀਪੁਰ ਦੇ ਚੁਰਾਚਾਂਦਪੁਰ ਵਿਚ ਅੱਜ ਹੋਏ ਇਕ ਹਮਲੇ ਵਿਚ ਭਾਰਤੀ ਫ਼ੌਜ ਦਾ ਇਕ ਕਰਨਲ, ਉਸ ਦੀ ਪਤਨੀ, 8 ਸਾਲ ਦਾ ਉਸ ਦਾ ਲੜਕਾ ਤੇ ਆਸਾਮ ਰਾਈਫ਼ਲਜ਼ ਦੇ ਚਾਰ ਜਵਾਨ ਮਾਰੇ ਗਏ। ਕਰਨਲ ਵਿਪਲਵ ਤ੍ਰਿਪਾਠੀ 46ਵੀਂ ਆਸਾਮ ਰਾਈਫ਼ਲਜ਼ ਦੇ ਕਮਾਂਡਿੰਗ ਆਫ਼ੀਸਰ (ਸੀ.ਓ) ਸਨ।

ਅਧਿਕਾਰੀਆਂ ਨੇ ਦਸਿਆ ਕਿ ਦੇਹੇਂਗ ਖੇਤਰ ਤੋਂ ਕਰੀਬ ਤਿੰਨ ਕਿਲੋਮੀਟਰ ਦੂਰ ਘਾਤ ਲਗਾ ਕੇ ਕੀਤੇ ਗਏ ਇਸ ਹਮਲੇ ਵਿਚ ਚਾਰ ਹੋਰ ਲੋਕ ਜ਼ਖ਼ਮੀ ਹੋਏ ਹਨ। ਰਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਨੂੰ ਕਾਇਰਾਨਾ ਹਮਲਾ ਕਰਾਰ ਦਿੰਦਿਆਂ ਕਿਹਾ ਕਿ ਇਸ ਦੇ ਦੋਸ਼ੀਆਂ ਨੂੰ ਜਲਦ ਹੀ ਫੜ ਲਿਆ ਜਾਵੇ।

ਰਖਿਆ ਮੰਤਰੀ ਨੇ ਟਵੀਟ ਕੀਤਾ, ‘‘ਮਣੀਪੁਰ ਦੇ ਚੁਰਾਚਾਂਦਪੁਰ ਵਿਚ ਆਸਾਮ ਰਾਈਫ਼ਲਜ਼ ਦੇ ਕਾਫ਼ਲੇ ’ਤੇ ਕਾਇਰਾਨਾ ਹਮਲਾ ਬੇਹੱਦ ਦੁਖਦਾਇਕ ਅਤੇ ਨਿੰਦਣਯੋਗ ਹੈ। ਦੇਸ਼ ਨੇ 46ਵੀਂ ਆਸਾਮ ਰਾਈਫ਼ਲਜ਼ ਦੇ ਸੀ.ਓ. ਸਣੇ 5 ਬਹਾਦਰ ਫ਼ੌਜੀਆਂ ਅਤੇ ਉਨ੍ਹਾਂ ਦੇ ਪਰਵਾਰ ਦੇ ਦੋ ਮੈਂਬਰਾਂ ਨੂੰ ਗੁਆ ਦਿਤਾ ਹੈ।’’ ਮਣੀਪੁਰ ਦੇ ਮੁੱਖ ਮੰਤਰੀ ਐਨ. ਬੀਰੇਨ ਸਿੰਘ ਨੇ ਕਿਹਾ ਕਿ ਰਾਜ ਦੇ ਸੁਰੱਖਿਆ ਬਲ ਅਤੇ ਅਰਧ ਸੈਨਿਕ ਬਲ ਪਹਿਲਾਂ ਤੋਂ ਹੀ ਅਤਿਵਾਦੀਆਂ ਦਾ ਪਤਾ ਲਗਾਉਣ ਲਈ ਕੰਮ ਕਰ ਰਹੇ ਹਨ। 

ਮੁੱਖ ਮੰਤਰੀ ਨੇ ਟਵੀਟਰ ’ਤੇ ਕਿਹਾ, ‘‘ਹਮਲਾਵਰਾਂ ਨੂੰ ਛੇਤੀ ਅਦਾਲਤੀ ਪ੍ਰਕਿਰਿਆ ਵਿਚੋਂ ਲੰਘਣਾ ਪਵੇਗਾ।’’ ਇਸ ਹਮਲੇ ਦੀ ਨਿੰਦਾ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ‘‘ਜਵਾਨਾਂ ਦੀ ਕੁਰਬਾਨੀ ਨੂੰ ਕਦੇ ਭੁਲਾਇਆ ਨਹੀਂ ਜਾਵੇਗਾ। ਇਸ ਦੁੱਖ ਦੀ ਘੜੀ ਮੈਂ ਮਰਨ ਵਾਲਿਆਂ ਦੇ ਪਰਵਾਰਾਂ ਨਾਲ ਦੁੱਖ ਸਾਂਝਾ ਕਰਦਾ ਹਾਂ।’’