ਬਿਹਾਰ : ਨਕਸਲੀਆਂ ਨੇ ਪਤੀ-ਪਤਨੀ ਸਮੇਤ ਪਰਿਵਾਰ ਦੇ 4 ਮੈਂਬਰਾਂ ਨੂੰ ਸ਼ਰੇਆਮ ਦਿਤੀ ਫਾਂਸੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਬੰਬ ਨਾਲ ਉਡਾਇਆ ਘਰ 

Naxalite attack

ਨਵੀਂ ਦਿੱਲੀ : ਬਿਹਾਰ ਦੇ ਗਯਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜ਼ਿਲ੍ਹੇ ਦੇ ਡੁਮਰੀਆ ਬਲਾਕ ਵਿਚ ਨਕਸਲੀਆਂ ਨੇ ਚਾਰ ਲੋਕਾਂ ਦੀ ਹੱਤਿਆ ਕਰ ਦਿਤੀ। ਗਯਾ ਤੋਂ 70 ਕਿਲੋਮੀਟਰ ਦੂਰ ਡੁਮਰੀਆ ਬਲਾਕ ਦੇ ਮੌਨਵਰ ਪਿੰਡ 'ਚ ਮਾਓਵਾਦੀਆਂ ਨੇ ਦੋ ਔਰਤਾਂ ਸਮੇਤ ਚਾਰ ਲੋਕਾਂ ਦਾ ਕਤਲ ਕਰ ਦਿਤਾ ਗਿਆ ਹੈ। 

ਮਿਲੀ ਜਾਣਕਾਰੀ ਅਨੁਸਾਰ ਚਾਰਾਂ ਨੂੰ ਘਰ ਦੇ ਬਾਹਰ ਇੱਕ ਟੋਏ ਵਿੱਚ ਲਟਕਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਮਰਨ ਵਾਲਿਆਂ ਵਿਚ ਇੱਕੋ ਘਰ ਦੇ ਦੋ ਪਤੀ ਅਤੇ ਉਨ੍ਹਾਂ ਦੀਆਂ ਪਤਨੀਆਂ ਸ਼ਾਮਲ ਹਨ। ਇਸ ਤੋਂ ਬਾਅਦ ਨਕਸਲੀਆਂ ਨੇ ਉਨ੍ਹਾਂ ਦੇ ਘਰ ਨੂੰ ਬੰਬ ਨਾਲ ਉਡਾ ਦਿਤਾ।

ਦੱਸਣਯੋਗ ਹੈ ਕਿ ਇਹ ਘਟਨਾ ਸ਼ਨੀਵਾਰ ਰਾਤ ਦੀ ਹੈ, ਜਦੋਂ ਨਕਸਲੀਆਂ ਨੇ ਇਸ ਘਟਨਾ ਨੂੰ ਅੰਜਾਮ ਦਿਤਾ। ਮਾਮਲੇ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਦੌਰਾਨ ਨਕਸਲੀਆਂ ਨੇ ਇੱਕ ਘਰ ਨੂੰ ਉਡਾ ਦਿਤਾ ਅਤੇ ਇੱਕ ਮੋਟਰਸਾਈਕਲ ਨੂੰ ਅੱਗ ਲਗਾ ਦਿਤੀ।

ਮਾਮਲੇ 'ਚ ਐੱਸਐੱਸਪੀ ਆਦਿਤਿਆ ਕੁਮਾਰ ਨੇ ਕਿਹਾ, 'ਚੋਣਾਂ 'ਚ ਆਪਣਾ ਦਬਦਬਾ ਦਿਖਾਉਣ ਲਈ ਨਕਸਲੀਆਂ ਨੇ ਇਹ ਕਾਇਰਤਾਪੂਰਨ ਕਾਰਾ ਕੀਤਾ ਹੈ। ਇਹ ਕਤਲ ਉਸੇ ਥਾਂ 'ਤੇ ਹੋਇਆ ਜਿੱਥੇ ਚਾਰ ਨਕਸਲੀ ਮੁਕਾਬਲੇ 'ਚ ਮਾਰੇ ਗਏ ਸਨ। ਪੁਲਿਸ ਵਲੋਂ ਪੂਰੇ ਇਲਾਕੇ ਵਿਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।
ਮਾਰੇ ਗਏ ਲੋਕਾਂ ਵਿੱਚ ਸਤੇਂਦਰ ਸਿੰਘ, ਮਹਿੰਦਰ ਸਿੰਘ, ਮਨੋਰਮਾ ਦੇਵੀ ਅਤੇ ਸੁਨੀਤਾ ਸਿੰਘ ਸ਼ਾਮਲ ਹਨ।

ਮਾਓਵਾਦੀਆਂ ਨੇ ਇਸ ਘਟਨਾ ਤੋਂ ਬਾਅਦ ਇਕ ਪੋਸਟਰ ਲਗਾ ਦਿੱਤਾ ਜਿਸ ਵਿਚ ਲਿਖਿਆ ਹੈ ਕਿ ਕਾਤਲਾਂ, ਗ਼ਦਾਰਾਂ ਅਤੇ ਮਨੁੱਖਤਾ ਨਾਲ ਗ਼ਦਾਰੀ ਕਰਨ ਵਾਲਿਆਂ ਨੂੰ ਸਜ਼ਾਵਾਂ ਦੇਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ। ਇਹ ਉਨ੍ਹਾਂ ਦੇ ਚਾਰ ਸਾਥੀ ਅਮਰੇਸ਼, ਸੀਤਾ, ਸ਼ਿਵਪੂਜਨ ਅਤੇ ਉਦੈ ਦੇ ਕਤਲ ਦਾ ਬਦਲਾ ਹੈ।

ਇੰਨਾ ਹੀ ਨਹੀਂ ਇਨ੍ਹਾਂ ਮਾਓਵਾਦੀਆਂ ਨੇ ਲਿਖਿਆ ਕਿ ਅਜਿਹੀ ਕਾਰਵਾਈ ਭਵਿੱਖ ਵਿਚ ਵੀ ਜਾਰੀ ਰਹੇਗੀ, ਉਨ੍ਹਾਂ ਨੂੰ ਜ਼ਹਿਰ ਦੇ ਕੇ ਸਾਜ਼ਿਸ਼ ਦਾ ਸ਼ਿਕਾਰ ਬਣਾਇਆ ਗਿਆ। ਮੌਕੇ 'ਤੇ ਪਾਇਆ ਗਿਆ ਪਰਚਾ ਜਨ ਮੁਕਤੀ ਛਾਪਾਕਾਰ ਸੈਨਾ, ਕੇਂਦਰੀ ਜ਼ੋਨ ਝਾਰਖੰਡ, ਸੀਪੀਆਈ (ਮਾਓਵਾਦੀ) ਦੇ ਨਾਂ 'ਤੇ ਪਾਇਆ ਗਿਆ ਹੈ। ਘਟਨਾ ਤੋਂ ਬਾਅਦ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ।