ਕੀ ਡੇਂਗੂ ਤੋਂ ਬਾਅਦ ਵੀ ਹੋ ਸਕਦੀ ਹੈ ਬਲੈਕ ਫੰਗਸ ? ਦਿੱਲੀ 'ਚ ਸਾਹਮਣੇ ਆਇਆ ਦੁਰਲੱਭ ਮਾਮਲਾ
15 ਦਿਨਾਂ 'ਚ ਇਕ ਅੱਖ ਗਵਾਈ
ਨਵੀਂ ਦਿੱਲੀ : ਇੰਦਰਪ੍ਰਸਥ ਅਪੋਲੋ ਹਸਪਤਾਲ ਵਿਚ ਇੱਕ ਮਰੀਜ਼ ਵਿੱਚ ਡੇਂਗੂ ਤੋਂ ਬਾਅਦ ਬਲੈਕ ਫੰਗਸ (ਮਿਊਸਰ ਮਾਈਕੋਸਿਸ) ਦਾ ਇੱਕ ਦੁਰਲੱਭ ਮਾਮਲਾ ਸਾਹਮਣੇ ਆਇਆ ਹੈ। ਗ੍ਰੇਟਰ ਨੋਇਡਾ ਦਾ ਰਹਿਣ ਵਾਲਾ 49 ਸਾਲਾ ਮੁਹੰਮਦ ਤਾਲਿਬ ਡੇਂਗੂ ਤੋਂ ਠੀਕ ਹੋਣ ਤੋਂ ਬਾਅਦ ਨਜ਼ਰ ਕਮਜ਼ੋਰ ਹੋਣ ਦੀ ਸ਼ਿਕਾਇਤ ਲੈ ਕੇ ਹਸਪਤਾਲ ਪਹੁੰਚਿਆ ਸੀ।
ਹਸਪਤਾਲ ਦੇ ਸੀਨੀਅਰ ਈਐਨਟੀ ਵਿਭਾਗ ਡਾ. ਸੁਰੇਸ਼ ਨਾਰੂਕਾ ਨੇ ਦੱਸਿਆ ਕਿ ਜਿਸ ਮਰੀਜ਼ ਇਲਾਜ ਕੀਤਾ ਜਾ ਰਿਹਾ ਹੈ, ਉਹ ਬਲੈਕ ਫੰਗਸ ਯਾਨੀ ਮਿਊਕੋਰ ਮਾਈਕੋਸਿਸ ਦਾ ਦੁਰਲੱਭ ਕੇਸ ਹੈ। ਡੇਂਗੂ ਤੋਂ ਠੀਕ ਹੋਣ ਤੋਂ ਬਾਅਦ, ਮਰੀਜ਼ ਅਚਾਨਕ ਇੱਕ ਅੱਖ ਵਿਚ ਨਜ਼ਰ ਖਰਾਬ ਹੋਣ ਦੀ ਸ਼ਿਕਾਇਤ ਲੈ ਕੇ ਹਸਪਤਾਲ ਪਹੁੰਚਿਆ। ਅਜਿਹੇ ਮਾਮਲੇ ਅਕਸਰ ਡਾਇਬਟੀਜ਼, ਘੱਟ ਇਮਿਊਨਿਟੀ ਜਾਂ ਕਿਸੇ ਹੋਰ ਇਨਫੈਕਸ਼ਨ ਵਾਲੇ ਮਰੀਜ਼ਾਂ ਵਿਚ ਪਾਏ ਜਾਂਦੇ ਹਨ।
ਹਸਪਤਾਲ ਦੇ ਰਜਿਸਟਰਾਰ ਡਾ. ਨਿਸ਼ਾਂਤ ਰਾਣਾ ਨੇ ਦੱਸਿਆ ਕਿ ਹਸਪਤਾਲ ਆਉਣ ਤੋਂ ਪਹਿਲਾਂ ਮਰੀਜ਼ ਦੇ ਨੱਕ 'ਚੋਂ ਖੂਨ ਵਹਿ ਰਿਹਾ ਸੀ | ਇਹ ਡੇਂਗੂ ਤੋਂ ਠੀਕ ਹੋਣ ਦੇ 15 ਦਿਨ ਬਾਅਦ ਹੋਇਆ ਹੈ। ਡੇਂਗੂ ਦੌਰਾਨ ਮਰੀਜ਼ ਦੇ ਪਲੇਟਲੈਟਸ ਘੱਟ ਗਏ। ਹਾਲਾਂਕਿ, ਉਸ ਨੂੰ ਪਲੇਟਲੈਟਸ ਚੜ੍ਹਾਉਣ ਦੀ ਲੋੜ ਨਹੀਂ ਸੀ। ਡੇਂਗੂ ਕਾਰਨ ਮਰੀਜ਼ ਦੀ ਰੋਗਾਂ ਨਾਲ ਲੜਣ ਦੀ ਸਮਰੱਥਾ ਘੱਟ ਹੋਣ ਕਾਰਨ ਉਸ ਨੂੰ ਮਿਊਕੋਰ ਮਾਈਕੋਸਿਸ ਹੋ ਗਿਆ।
ਹਾਲ ਹੀ ਵਿੱਚ, ਕੋਵਿਡ -19 ਦੀ ਦੂਜੀ ਲਹਿਰ ਦੌਰਾਨ, ਦੇਸ਼ ਭਰ ਵਿਚ ਬਲੈਕ ਫੰਗਸ ਦੇ ਵੱਡੀ ਗਿਣਤੀ ਵਿਚ ਕੇਸ ਦਰਜ ਕੀਤੇ ਗਏ ਸਨ। ਅਜਿਹੇ ਮਾਮਲਿਆਂ ਵਿਚ, ਖਾਸ ਤੌਰ 'ਤੇ ਸ਼ੂਗਰ ਦੇ ਮਰੀਜ਼ ਕੋਵਿਡ -19 ਤੋਂ ਠੀਕ ਹੋਣ ਤੋਂ ਬਾਅਦ ਬਲੈਕ ਫੰਗਸ ਦਾ ਸ਼ਿਕਾਰ ਹੋ ਰਹੇ ਸਨ। ਡੇਂਗੂ ਤੋਂ ਬਾਅਦ ਮਿਊਕੋਰ ਮਾਈਕੋਸਿਸ ਇੱਕ ਨਵਾਂ ਕੇਸ ਹੈ। ਅਜਿਹੇ 'ਚ ਉਹ ਮਰੀਜ਼ ਜੋ ਹਾਲ ਹੀ 'ਚ ਡੇਂਗੂ ਤੋਂ ਠੀਕ ਹੋਏ ਹਨ। ਜੇਕਰ ਉਹ ਕੋਈ ਨਵੇਂ ਲੱਛਣ ਦੇਖਦੇ ਹਨ, ਤਾਂ ਤੁਰਤ ਆਪਣੇ ਡਾਕਟਰ ਨਾਲ ਸੰਪਰਕ ਕਰਨ।
ਈਐਨਟੀ ਅਤੇ ਹੈੱਡ ਐਂਡ ਨੇਕ ਸਰਜਰੀ ਦੇ ਡਾਕਟਰ ਅਤੁਲ ਆਹੂਜਾ ਨੇ ਕਿਹਾ ਕਿ ਡੇਂਗੂ ਤੋਂ ਠੀਕ ਹੋਣ ਤੋਂ ਬਾਅਦ ਮਰੀਜ਼ ਵਿਚ ਰਾਈਨੋਰਬਿਟਲ ਮਿਊਕਰ ਮਾਈਕੋਸਿਸ (ਜੋ ਨੱਕ ਅਤੇ ਅੱਖਾਂ ਨੂੰ ਪ੍ਰਭਾਵਿਤ ਕਰਦਾ ਹੈ) ਦੀ ਜਾਂਚ ਅਤੇ ਪ੍ਰਬੰਧਨ ਬਹੁਤ ਮਹੱਤਵਪੂਰਨ ਹੈ। ਕਿਉਂਕਿ ਸਭ ਤੋਂ ਵਧੀਆ ਇਲਾਜ ਕਰਵਾਉਣ ਦੇ ਬਾਵਜੂਦ, ਮਿਊਕੋਰ ਮਾਈਕੋਸਿਸ ਵਾਲਾ ਮਰੀਜ਼ ਹਮੇਸ਼ਾ ਲਈ ਆਪਣੀਆਂ ਅੱਖਾਂ ਦੀ ਰੌਸ਼ਨੀ ਗੁਆ ਸਕਦਾ ਹੈ। ਮਰੀਜ਼ ਵਿਚ ਇਨਫੈਕਸ਼ਨ ਇੰਨੀ ਗੰਭੀਰ ਹੋ ਸਕਦੀ ਹੈ ਕਿ ਉਸਨੂੰ ਅੱਗੇ ਵਧਣ ਤੋਂ ਰੋਕਣ ਲਈ ਅੱਖ ਕਢਵਾਉਣੀ ਵੀ ਪੈ ਸਕਦੀ ਹੈ।